ਸਾਲ 2023 ਦੇ ਇਹ ਆਖ਼ਰੀ ਦਿਨ ਹਨ। ਬੀਤ ਰਹੇ ਸਾਲ ਦੇ ਸਰਕਾਰੀ ਅੰਕੜਿਆਂ ਮੁਤਾਬਕ ਇਹ ਵਰ੍ਹਾ ਔਰਤਾਂ ਲਈ ਪੀੜਾਦਾਇਕ ਰਿਹਾ। ਐੱਨ ਸੀ ਆਰ ਬੀ ਦੀ ਰਿਪੋਰਟ ਮੁਤਾਬਕ ਮਹਿਲਾਵਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਵਿੱਚ ਭਾਜਪਾ ਦੇ ਸ਼ਾਸਨ ਵਾਲਾ ਉੱਤਰ ਪ੍ਰਦੇਸ਼ ਦੇਸ਼ ਭਰ ਵਿੱਚੋਂ ਅੱਵਲ ਹੈ। ਇਸ ਰਾਜ ਵਿੱਚ ਇਸ ਸਾਲ 65,743 ਕੇਸ ਦਰਜ ਹੋਏ ਹਨ। ਇਹ ਵੀ ਸਚਾਈ ਹੈ ਕਿ ਬਹੁਤ ਸਾਰੇ ਮਾਮਲੇ ਹੇਠਾਂ ਹੀ ਰਫ਼ਾ-ਦਫਾ ਕਰ ਦਿੱਤੇ ਜਾਂਦੇ ਹਨ, ਖਾਸ ਤੌਰ ’ਤੇ ਦਲਿਤਾਂ ਤੇ ਗਰੀਬ ਵਰਗ ਨਾਲ ਸੰਬੰਧਤ ਔਰਤਾਂ ਦੇ। ਰਿਪੋਰਟ ਮੁਤਾਬਕ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨਜਾਤੀ ਦੀਆਂ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ ਪਹਿਲਾਂ ਨਾਲੋਂ ਕ੍ਰਮਵਾਰ 13.1 ਫ਼ੀਸਦੀ ਤੇ 14.3 ਫ਼ੀਸਦੀ ਵਧੇ ਹਨ।
ਯੂ ਪੀ ਵਿੱਚ ਸਭ ਤੋਂ ਦਰਦਨਾਕ ਕਾਂਡ ਅਕੂਤਬਰ ਮਹੀਨੇ ਬਾਂਦਾ ਵਿੱਚ ਹੋਇਆ ਸੀ। ਆਟਾ ਮਿੱਲ ਮਾਲਕ ਤੇ ਉਸ ਦੇ ਗੁੰਡਿਆਂ ਨੇ 40 ਸਾਲਾ ਦਲਿਤ ਮਜ਼ਦੂਰ ਔਰਤ ਨਾਲ ਸਮੂਹਿਕ ਬਲਾਤਕਾਰ ਕਰਕੇ ਉਸ ਦੇ ਜਿਸਮ ਦੇ ਟੁਕੜੇ ਕਰ ਦਿੱਤੇ ਸਨ। ਪੁਲਸ ਨੇ ਇਹ ਕਹਿ ਕੇ ਕਿ ਔਰਤ ਮਸ਼ੀਨੀ ਦੁਰਘਟਨਾ ਕਾਰਨ ਮਰੀ ਹੈ, ਦੋਸ਼ੀਆਂ ਵਿਰੁੱਧ ਹਲਕੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਸੀ। ਇਸੇ ਸਾਲ ਅਗਸਤ ਵਿੱਚ ਮਹਾਰਾਜਗੰਜ ਵਿੱਚ ਭਾਜਪਾ ਦੇ ਘੱਟ-ਗਿਣਤੀ ਸੈੱਲ ਦੇ ਪ੍ਰਧਾਨ ਮਾਸੂਮ ਰਜ਼ਾ ਰਾਹੀ ਨੇ ਇੱਕ 17 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ ਤੇ ਵਿਰੋਧ ਕਰਨ ਵਾਲੇ ਉਸ ਦੇ ਪਿਤਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਉਸ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਬਾਰਾਬੰਕੀ ਸਮੂਹਿਕ ਬਲਾਤਕਾਰ ਕਾਂਡ ਦੀ ਪੀੜਤ ਔਰਤ ਨੇ ਵੀ ਦੋਸ਼ ਲਾਇਆ ਹੈ ਕਿ ਉਸ ਦੇ ਕੇਸ ਨੂੰ ਵੀ ਹਲਕਾ ਕੀਤੇ ਜਾਣ ਦੀ ਕੋਸ਼ਿਸ਼ ਹੋ ਰਹੀ ਹੈ।
ਇਸ ਸਾਲ ਦੀ ਸਭ ਤੋਂ ਦੁਖਦਾਈ ਘਟਨਾ ਮਨੀਪੁਰ ਵਿੱਚ ਵਾਪਰੀ ਸੀ, ਜਿਸ ਨੂੰ ਰਾਜ ਦੀ ਸੱਤਾਧਾਰੀ ਪਾਰਟੀ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਅੱਗ ਵਿੱਚ ਝੋਕ ਰੱਖਿਆ ਹੈ। ਉਹ ਲਗਾਤਾਰ ਕੁੱਕੀ ਭਾਈਚਾਰੇ ਵਿਰੁੱਧ ਨਫ਼ਰਤੀ ਬਿਆਨ ਦਿੰਦਾ ਰਹਿੰਦਾ ਹੈ। ਕੁੱਕੀ ਔਰਤਾਂ ਨਾਲ ਦਰਿੰਦਗੀ ਦੀਆਂ ਜਿਹੜੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਉਹ ਸਮੁੱਚੇ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀਆਂ ਹਨ। ਮਹਿਲਾ ਕਮਿਸ਼ਨ ਨੇ ਔਰਤਾਂ ਵਿਰੁੱਧ ਅਪਰਾਧਾਂ ਉੱਤੇ ਚੁੱਪ ਧਾਰੀ ਹੋਈ ਹੈ। ਉਹ ਵਿਰੋਧੀ ਧਿਰ ਵਾਲੇ ਰਾਜਾਂ ਵਿਰੁੱਧ ਤਾਂ ਝੱਟ ਸਰਗਰਮ ਹੋ ਜਾਂਦਾ ਹੈ, ਪਰ ਭਾਜਪਾ ਵਾਲੇ ਰਾਜਾਂ ਬਾਰੇ ਅੱਖਾਂ ਮੀਟ ਲੈਂਦਾ ਹੈ।
ਇਸ ਸਾਲ ਦਾ ਇੱਕ ਹੋਰ ਘਿਨੌਣਾ ਮਾਮਲਾ ਗੁਜਰਾਤ ਦਾ ਹੈ, ਜਿਥੋਂ ਦੀ ਹਾਈ ਕੋਰਟ ਨੇੇ ਬਿਲਕੀਸ ਬਾਨੋ ਨਾਲ ਸਮੂਹਿਕ ਬਲਾਤਕਾਰ ਕਰਨ ਤੇ ਉਸ ਦੇ ਸਮੁੱਚੇ ਪਰਵਾਰ ਨੂੰ ਮਾਰ ਦੇਣ ਦੇ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾਅ ਕਰ ਦਿੱਤਾ ਸੀ। ਭਾਜਪਾ ਦੇ ਇੱਕ ਵਿਧਾਇਕ ਤੇ ਸਾਂਸਦ ਵੱਲੋਂ ਇਨ੍ਹਾਂ ਬਲਾਤਕਾਰੀਆਂ ਦਾ ਮਹਿਮਾ-ਮੰਡਨ ਕਰਨਾ ਵੀ ਸ਼ਰਮਸ਼ਾਰ ਕਰਨ ਵਾਲਾ ਸੀ।
ਇੱਕ ਹੋਰ ਕੇਸ ਵੀ ਹੈਰਾਨ ਕਰਨ ਵਾਲਾ ਹੈ। ਨਿਠਾਰੀ ਸਮੂਹਿਕ ਹਤਿਆਵਾਂ ਤੇ ਬਲਾਤਕਾਰਾਂ ਦਾ ਦੋਸ਼ੀ ਮੋਨਿੰਦਰ ਪੰਧੇਰ 14 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਸਹੀ ਨਹੀਂ ਕੀਤੀ ਗਈ, ਜਿਸ ਕਾਰਨ 12 ਹਤਿਆਵਾਂ ਦਾ ਦੋਸ਼ੀ ਬਰੀ ਹੋ ਗਿਆ ਹੈ। ਇਸ ਨਾਲ ਮਾਰੇ ਗਏ ਬੱਚਿਆਂ ਦੇ ਮਾਪੇ ਸੁੰਨ ਹੋ ਗਏ ਹਨ।
ਇਸ ਸਾਲ ਦਾ ਇੱਕ ਹੋਰ ਦੁਖਦਾਇਕ ਅਧਿਆਏ ਔਰਤ ਭਲਵਾਨਾਂ ਦੇ ਯੌਨ ਉਤਪੀੜਨ ਦਾ ਹੈ। ਇਸ ਸਾਲ ਦੇ ਆਖ਼ਰੀ ਮਹੀਨੇ ਦੇ ਮੱਥੇ ਉੱਤੇ ਇਹ ਕਲੰਕ ਰਹੇਗਾ ਕਿ ਦੇਸ਼ ਦੀ ਹੋਣਹਾਰ ਧੀ ਤੇ ਉਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਰੋਂਦਿਆਂ ਹੋਇਆਂ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤੀ। ਉਸ ਦੀ ਸਾਥਣ ਭਲਵਾਨ ਵਿਨੇਸ਼ ਫੋਗਾਟ ਨੇ ਆਪਣੇ ਪੁਰਸਕਾਰ ਖੇਲ ਰਤਨ ਤੇ ਅਰਜਨ ਐਵਾਰਡ ਵਾਪਸ ਕਰ ਦਿੱਤੇ ਹਨ। ਮਹਿਲਾ ਭਲਵਾਨਾਂ ਨੇ ਲਗਾਤਾਰ ਪੰਜ ਮਹੀਨੇ ਲੜਾਈ ਲੜੀ ਸੀ। ਮੁਲਜ਼ਮ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸੰਸਦ ਸਮਾਗਮ ਦਾ ਆਨੰਦ ਮਾਣਦਾ ਰਿਹਾ, ਪਰ ਮਹਿਲਾ ਭਲਵਾਨਾਂ ਨੂੰ ਵਾਲਾਂ ਤੋਂ ਫੜ ਕੇ ਦਿੱਲੀ ਦੀਆਂ ਸੜਕਾਂ ਉੱਤੇ ਘਸੀਟਿਆ ਜਾਂਦਾ ਰਿਹਾ ਸੀ। ਦੇਸ਼ ਵਿੱਚ ਇਹ ਸਭ ਕੁਝ ਹੁੰਦਾ ਰਿਹਾ, ਪਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੀ ਜ਼ੁਬਾਨ ਤੱਕ ਨਾ ਖੋਲ੍ਹੀ। ਔਰਤ ਭਲਵਾਨਾਂ, ਔਰਤਾਂ ਲਈ ਇਨਸਾਫ਼ ਦੀ ਲੜਾਈ ਲੜ ਰਹੀਆਂ ਜਥੇਬੰਦੀਆਂ ਤੇ ਜਾਗਰੂਕ ਨਾਗਰਿਕਾਂ ਲਈ ਇਹ ਜ਼ਰੂਰੀ ਹੈ ਕਿ ਆਉਣ ਵਾਲੇ ਸਾਲ ਨੂੰ ‘ਸਮਾਜਿਕ ਨਿਆਂ ਦਾ ਵਰ੍ਹਾ’ ਬਣਾਉਣ ਲਈ ਆਪਣੇ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨ।