ਚੰਡੀਗੜ੍ਹ : ਆਪਣੇ ਨਿੱਜੀ ਪ੍ਰਚਾਰ ਲਈ ਸੂਬੇ ਦੀ ਝਾਕੀ ਦੀ ਵਰਤੋਂ ਕਰਨ ਦੇ ਦੋਸ਼ ਲੱਗਣ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਦੋਸ਼ ਸਾਬਤ ਕਰਨ ਲਈ ਚੁਣੌਤੀ ਦਿੱਤੀ ਤੇ ਕਿਹਾ ਕਿ ਜੇ ਇਹ ਗੱਲ ਸਾਬਤ ਹੋ ਗਈ ਤਾਂ ਉਹ ਸਿਆਸਤ ਛੱਡ ਦੇਣਗੇ | ਮਾਨ ਨੇ ਜਾਖੜ ਦੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਕਿ ਉਨ੍ਹਾ ਦੀ ਸਰਕਾਰ ਗਣਤੰਤਰ ਦਿਵਸ ਦੀ ਪਰੇਡ ਦੀ ਝਾਕੀ ‘ਤੇ ਮਾਨ ਅਤੇ ਅਰਵਿੰਦ ਕੇਜਰੀਵਾਲ ਦੀਆਂ ਫੋਟੋਆਂ ਪ੍ਰਦਰਸ਼ਤ ਕਰਨਾ ਚਾਹੁੰਦੀ ਸੀ | ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਜਾਖੜ ਨੇ ਵੀਰਵਾਰ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਇਹ ਦੋਸ਼ ਲਾਏ ਤਾਂ ਉਹ ਇੰਝ ਹਕਲਾ ਰਹੇ ਸਨ, ਜਿਵੇਂ ਕੋਈ ਝੂਠਾ ਹਕਲਾਉਂਦਾ ਹੈ | ਮਾਨ ਨੇ ਕਿਹਾ—ਮੈਨੂੰ ਜਾਖੜ ਨਾਲ ਹਮਦਰਦੀ ਹੈ, ਕਿਉਂਕਿ ਉਹ ਹਾਲ ਹੀ ‘ਚ ਭਾਜਪਾ ‘ਚ ਸ਼ਾਮਲ ਹੋਏ ਹਨ ਅਤੇ ਉਨ੍ਹਾ ਨੂੰ ਭਾਜਪਾ ਵੱਲੋਂ ਦਿੱਤੀ ਸਕਿ੍ਪਟ ਪੜ੍ਹਨੀ ਹੀ ਪਵੇਗੀ |