ਫਾਸ਼ੀ ਹਾਕਮ ਆਪਣੀ ਅਲੋਚਨਾ ਲਈ ਇੱਕ ਸ਼ਬਦ ਵੀ ਸੁਣਨਾ ਪਸੰਦ ਨਹੀਂ ਕਰਦੇ | ਸਰਕਾਰ ਦੀ ਅਲੋਚਨਾ ਲਈ ਲਿਖੇ-ਬੋਲੇ ਇੱਕ ਸ਼ਬਦ ਵਿੱਚੋਂ ਵੀ ਉਨ੍ਹਾਂ ਨੂੰ ਬਗਾਵਤ ਦੀ ਬੋਅ ਆਉਂਦੀ ਹੈ |
ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਸ ਵੱਲੋਂ ਸਭ ਤੋਂ ਪਹਿਲਾ ਕੰਮ ਮੀਡੀਆ ਨੂੰ ਕਾਬੂ ਵਿੱਚ ਕਰਨ ਦਾ ਕੀਤਾ ਗਿਆ | ਇਸ਼ਤਿਹਾਰਾਂ ਰਾਹੀਂ ਸਰਕਾਰੀ ਪੈਸਾ ਮੀਂਹ ਵਾਂਗ ਵਰ੍ਹਾ ਕੇ ਚੈਨਲ ਤੇ ਪਿ੍ੰਟ ਮੀਡੀਆ ਦੇ ਵੱਡੇ ਹਿੱਸੇ ਨੂੰ ਖ਼ਰੀਦ ਲਿਆ ਗਿਆ | ਜਿਹੜੇ ਅਦਾਰਿਆਂ ਨਾਂਹ-ਨੁੱਕਰ ਕੀਤੀ, ਉਨ੍ਹਾਂ ਪਿੱਛੇ ਸੀ ਬੀ ਆਈ ਤੇ ਈ ਡੀ ਵਰਗੀਆਂ ਸਰਕਾਰੀ ਏਜੰਸੀਆਂ ਲਾ ਕੇ ਉਨ੍ਹਾਂ ਨੂੰ ਹਾਕਮਾਂ ਦੇ ਗੁਣਗਾਨ ਕਰਨ ਲਈ ਮਜਬੂਰ ਕੀਤਾ ਗਿਆ | ਜਿਹੜੇ ਅਣਖ ਵਾਲੇ ਤੇ ਪਵਿੱਤਰ ਪੱਤਰਕਾਰੀ ਪੇਸ਼ੇ ਨੂੰ ਅਪਣਾਏ ਹੋਏ ਪੱਤਰਕਾਰ ਸਨ, ਮਾਲਕਾਂ ਨੂੰ ਕਹਿ ਕੇ ਉਨ੍ਹਾਂ ਦੀਆਂ ਨੌਕਰੀਆਂ ਖੋਹ ਲਈਆਂ ਗਈਆਂ | ਇਸ ਹਾਲਤ ਵਿੱਚ ਕੋਈ ਟਾਵਾਂ-ਟਾਵਾਂ ਹੀ ਰਹਿ ਗਿਆ ਹੈ, ਜਿਹੜਾ ਸੱਚ ਦੀ ਅਵਾਜ਼ ਨੂੰ ਬੁਲੰਦ ਕਰ ਰਿਹਾ ਹੈ, ਪਰ ਇਕੱਲੇਕਾਰੇ ਦੀ ਅਵਾਜ਼ ਨਗਾਰਖਾਨੇ ਵਿੱਚ ਤੂਤੀ ਤੋਂ ਵੱਧ ਨਹੀਂ ਰਹਿੰਦੀ |
ਬਹੁਤ ਸਾਰੇ ਪੱਤਰਕਾਰਾਂ ਤੇ ਜਾਗਰੂਕ ਲੋਕਾਂ ਨੇ ਪੈਦਾ ਹੋ ਚੁੱਕੀਆਂ ਨਵੀਂ ਹਾਲਤਾਂ ਵਿੱਚ ਆਪਣੀ ਗੱਲ ਕਹਿਣ ਤੇ ਸਰਕਾਰ ਦੇ ਕੰਨਾਂ ਤੱਕ ਪੁਚਾਉਣ ਲਈ ਸੋਸ਼ਲ ਮੀਡੀਆ ਦਾ ਰਾਹ ਚੁਣਿਆ | ਭਲਾ ਹਾਕਮਾਂ ਨੂੰ ਇਹ ਕਿਵੇਂ ਭਾਉਂਦਾ ਸੀ | ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਨਵੇਂ ਤੋਂ ਨਵੇਂ ਨਿਯਮ ਘੜ ਲਏ ਤਾਂ ਜੋ ਸਰਕਾਰ ਵਿਰੋਧੀ ਕੋਈ ਵੀ ਗੱਲ ਜਨਤਾ ਤੱਕ ਨਾ ਪਹੁੰਚ ਸਕੇ |
ਨਵੇਂ ਨਿਯਮਾਂ ਤੋਂ ਬਾਅਦ ਸਰਕਾਰ ਆਏ ਦਿਨ ਯੂਟਿਊਬ ਵਰਗੇ ਸਭ ਤੋਂ ਵੱਧ ਪ੍ਰਚੱਲਤ ਮੰਚ ਨੂੰ ਸਰਕਾਰ ਦੀ ਅਲੋਚਨਾ ਵਾਲੀ ਸਮੱਗਰੀ ਹਟਾਉਣ ਦੇ ਆਦੇਸ਼ ਦੇ ਰਹੀ ਹੈ | ਇਸੇ ਘਟਨਾਕ੍ਰਮ ਅਧੀਨ ਯੂਟਿਊਬ ਨੇ ਪੰਜਾਬੀ ਦੇ ਹਰਮਨ-ਪਿਆਰੇ ਗਾਇਕ ਕੰਵਰ ਗਰੇਵਾਲ ਦੇ ਗੀਤ ‘ਰਿਹਾਈ’ ਨੂੰ ਆਪਣੇ ਮੰਚ ਤੋਂ ਹਟਾ ਦਿੱਤਾ ਹੈ | ਯੂਟਿਊਬ ਨੇ ਕਿਹਾ ਹੈ ਕਿ ਇਹ ਸਮੱਗਰੀ ਸਰਕਾਰ ਦੀ ਕਾਨੂੰਨੀ ਸ਼ਿਕਾਇਤ ਤੋਂ ਬਾਅਦ ਹਟਾ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਯੂਟਿਊਬ ਵੱਲੋਂ ਕਤਲ ਕਰ ਦਿੱਤੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਐੱਸ ਵਾਈ ਐੱਲ’ ਨੂੰ ਹਟਾ ਦਿੱਤਾ ਗਿਆ ਸੀ | ਇਹ ਗੀਤ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਿਲੀਜ਼ ਕੀਤਾ ਗਿਆ ਸੀ | ਇਹ ਗਾਣਾ ਸਤਲੁਜ-ਜਮਨਾ ਿਲੰਕ ਨਹਿਰ ਬਾਰੇ ਸੀ | ਇਹ ਗਾਣਾ ਵੀ ਸਰਕਾਰ ਦੇ ਕਹਿਣ ਉੱਤੇ ਹੀ ਯੂਟਿਊਬ ਤੋਂ ਹਟਾਇਆ ਗਿਆ ਸੀ |
ਕੰਵਰ ਗਰੇਵਾਲ ਦੇ ਯੂਟਿਊਬ ‘ਤੇ 7 ਲੱਖ ਸਬਸਕਰਾਈਵਰ ਹਨ | ਉਸ ਦੇ ਗੀਤ ਨੂੰ ਹਟਾਏ ਜਾਣ ਤੋਂ ਪਹਿਲਾਂ ਇਸ ਨੂੰ 7 ਲੱਖ ਵਾਰੀ ਦੇਖਿਆ ਜਾ ਚੁੱਕਾ ਸੀ | ਇਸ ਗੀਤ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ | ਯਾਦ ਰਹੇ ਕਿ ਕੰਵਰ ਗਰੇਵਾਲ ਨੇ ਦਿੱਲੀ ਦੀਆਂ ਬਰੂਹਾਂ ‘ਤੇ ਲੱਗੇ ਕਿਸਾਨ ਮੋਰਚੇ ਦੌਰਾਨ ਇਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਸੀ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਬਾਰੇ ਕਈ ਗਾਣੇ ਲਿਖੇ ਤੇ ਗਾਏ ਸਨ | ਉਹ ਉਦੋਂ ਤੋਂ ਹੀ ਮੋਦੀ ਸਰਕਾਰ ਦੀਆਂ ਅੱਖਾਂ ਵਿੱਚ ਰੜਕਦੇ ਸਨ |
ਕੇਂਦਰ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਗਾਇਕ ਲੋਕਾਂ ਦੀ ਅਵਾਜ਼ ਹੁੰਦੇ ਹਨ, ਉਨ੍ਹਾਂ ਦਾ ਫ਼ਰਜ਼ ਹੁੰਦਾ ਹੈ ਕਿ ਉਹ ਲੋਕ ਮਸਲਿਆਂ ਤੇ ਲੋਕ ਹਿੱਤਾਂ ਨੂੰ ਆਪਣੀ ਅਵਾਜ਼ ਰਾਹੀਂ ਜਨਤਾ ਦੀ ਕਚਹਿਰੀ ਵਿੱਚ ਪੇਸ਼ ਕਰਨ | ਸਾਡਾ ਸੰਵਿਧਾਨ ਉਨ੍ਹਾਂ ਨੂੰ ਇਹ ਅਧਿਕਾਰ ਦਿੰਦਾ ਹੈ | ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸੰਗਰੂਰ ਲੋਕ ਸਭਾ ਦੀ ਚੋਣ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਮੁੱਖ ਮੁੱਦਾ ਬਣ ਕੇ ਉਭਰੀ ਸੀ | ਇਸੇ ਮੁੱਦੇ ਨੂੰ ਉਭਾਰਨ ਕਾਰਨ ਹੀ ਲੋਕਾਂ ਨੇ ਉਸ ਸਿਮਰਨਜੀਤ ਸਿੰਘ ਮਾਨ ਦੀ ਝੋਲੀ ਵਿੱਚ ਜਿੱਤ ਪਾਈ, ਜਿਸ ਦੀ ਆਪਣੀ ਪਾਰਟੀ ਦਾ ਕੋਈ ਜ਼ਿਕਰਯੋਗ ਅਧਾਰ ਵੀ ਨਹੀਂ ਹੈ |
ਕੇਂਦਰੀ ਹਾਕਮਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਸ੍ਰੀਲੰਕਾ ਦੇ ਹਾਕਮਾਂ ਨੇ ਵੀ ਮੀਡੀਆ ਨੂੰ ਵੱਸ ਵਿੱਚ ਕਰਕੇ ਅਤੇ ਸਿਨਹਾਲੀਆਂ ਤੇ ਤਾਮਿਲਾਂ ਵਿੱਚ ਨਫ਼ਰਤ ਫੈਲਾ ਕੇ ਆਪਣੀ ਹਕੂਮਤ ਪੱਕੀ ਕੀਤੀ ਸੀ, ਪਰ ਹੋਇਆ ਇਹ ਕਿ ਫਾਸ਼ੀ ਹਾਕਮਾਂ ਨੂੰ ਜਾਨ ਬਚਾ ਕੇ ਭੱਜਣਾ ਪਿਆ |
ਇਸ ਲਈ ਹਾਕਮਾਂ ਨੂੰ ਹੋਸ਼ ਤੋਂ ਕੰਮ ਲੈਣਾ ਚਾਹੀਦਾ ਹੈ | ਸਮਾਂ ਬਦਲਦਿਆਂ ਦੇਰ ਨਹੀਂ ਲਗਦੀ | ਜਿਹੜੇ ਸਿਨਹਾਲੀ ਤੇ ਤਾਮਿਲ ਕਦੇ ਇੱਕ-ਦੂਜੇ ਦੇ ਖੂਨ ਦੇ ਪਿਆਸੇ ਹੁੰਦੇ ਸਨ, ਅੱਜ ਉਹ ਗਲਵੱਕੜੀਆਂ ਪਾਈ ਹਾਕਮਾਂ ਨੂੰ ਭਜਾ ਰਹੇ ਹਨ | ਸਾਡੇ ਹਾਕਮ ਵੀ ਜਨਤਾ ਦਾ ਸਬਰ ਨਾ ਪਰਖਣ ਤੇ ਫਾਸ਼ੀ ਕਾਰਵਾਈਆਂ ਨੂੰ ਤਿਆਗ ਕੇ ਲੋਕਤੰਤਰੀ ਕਦਰਾਂ ਦੀ ਪਾਸਦਾਰੀ ਕਰਨ, ਇਸ ਵਿੱਚ ਉਨ੍ਹਾਂ ਦਾ ਵੀ ਭਲਾ ਹੈ ਤੇ ਦੇਸ਼ ਦਾ ਵੀ |
-ਚੰਦ ਫਤਿਹਪੁਰੀ