ਚੰਡੀਗੜ੍ਹ : ਪੰਜਾਬ ਜਲ ਸਰੋਤ ਵਿਭਾਗ ਦੇ ਡਰੇਨੇਜ ਸਰਕਲ ਇੰਜੀਨੀਅਰਾਂ ਨੇ ਮੁੱਖ ਮੰਤਰੀ ਨੂੰ ਵਿਭਾਗ ਦੇ ਪ੍ਰਮੁੱਖ ਸਕੱਤਰ ਕਿ੍ਸ਼ਨ ਕੁਮਾਰ ਦੇ ਅੜੀਅਲ ਵਤੀਰੇ ਦੀ ਸ਼ਿਕਾਇਤ ਕੀਤੀ ਹੈ | ਉਨ੍ਹਾਂ ਅਲਟੀਮੇਟਮ ਦਿੱਤਾ ਹੈ ਕਿ ਜੇ 14 ਜੁਲਾਈ ਤੱਕ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ 15 ਜੁਲਾਈ ਤੋਂ ਕਲਮ ਛੋੜ ਹੜਤਾਲ ਕਰਨਗੇ | ਸ਼ਿਕਾਇਤ ਦੀ ਕਾਪੀ ਮੁੱਖ ਇੰਜੀਨੀਅਰ (ਹੈੱਡਕੁਆਰਟਰ), ਜਲ ਸਰੋਤ ਪੰਜਾਬ ਨੂੰ ਵੀ ਭੇਜੀ ਗਈ ਹੈ |
ਅੰਮਿ੍ਤਸਰ ਡਰੇਨੇਜ ਸਰਕਲ ਦੇ ਸਟਾਫ ਨੇ ਦੋਸ਼ ਲਾਇਆ ਹੈ ਕਿ ਪ੍ਰਮੁੱਖ ਸਕੱਤਰ ਦਫਤਰੀ ਮੀਟਿੰਗਾਂ ਵਿਚ ਅਪਮਾਨਜਨਕ ਟਿੱਪਣੀਆਂ, ਸ਼ਬਦਾਂ ਦੀ ਵਰਤੋਂ ਕਰਕੇ ਇੰਜੀਨੀਅਰਾਂ ਤੇ ਸਟਾਫ ਨੂੰ ਮਾਨਸਕ ਤੌਰ ‘ਤੇ ਪ੍ਰੇਸ਼ਾਨ ਕਰ ਰਿਹਾ ਹੈ | ਜੇ ਕੋਈ ਅਧਿਕਾਰੀ ਕੋਈ ਸੁਝਾਅ ਦਿੰਦਾ ਹੈ ਤਾਂ ਸੀਨੀਅਰ ਆਈ ਏ ਐੱਸ ਅਧਿਕਾਰੀ ਉਸ ਨੂੰ ਨਿੱਜੀ ਤੌਰ ‘ਤੇ ਲੈ ਲੈਂਦਾ ਹੈ ਅਤੇ ਖਾਸ ਤੌਰ ‘ਤੇ ਉਸ ਅਧਿਕਾਰੀ ਨੂੰ ਰੋਜ਼ਾਨਾ ਦੇ ਕੰਮਕਾਜ ਵਿਚ ਤੰਗ-ਪ੍ਰੇਸ਼ਾਨ ਕਰਦਾ ਹੈ | ਪ੍ਰਮੁੱਖ ਸਕੱਤਰ ਤਾਨਾਸਾਹੀ ਵਾਲਾ ਵਿਹਾਰ ਕਰ ਰਿਹਾ ਹੈ ਅਤੇ ਪ੍ਰਕਿਰਿਆ, ਨਿਯਮਾਂ ਨੂੰ ਅੱਖੋਂ-ਪਰੋਖੇ ਕਰਕੇ ਚਾਰਜਸ਼ੀਟ, ਮੁਅੱਤਲੀ ਦੇ ਹੁਕਮ ਜਾਰੀ ਕਰ ਰਿਹਾ ਹੈ | ਉਹ ਅਧਿਕਾਰੀਆਂ ‘ਤੇ ਭਿ੍ਸ਼ਟਾਚਾਰ ਦੇ ਝੂਠੇ ਦੋਸ਼ ਲਗਾ ਰਿਹਾ ਹੈ | ਇਸ ਨਾਲ ਸਮਾਜ ਵਿਚ ਉਨ੍ਹਾਂ ਦਾ ਅਕਸ ਖਰਾਬ ਹੋ ਰਿਹਾ ਹੈ | ਝੂਠੇ ਇਲਜ਼ਾਮ ਲਗਾ ਕੇ ਉਨ੍ਹਾਂ ਵਿਚ ਦਹਿਸ਼ਤ ਪੈਦਾ ਕਰ ਰਿਹਾ ਹੈ |