ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਉਸਰ ਰਹੇ ਸੰਸਦ ਭਵਨ ਦੇ ਉਪਰੀ ਤਲ ‘ਤੇ ਸੋਮਵਾਰ ਭਾਰਤ ਦੇ ਕੌਮੀ ਚਿੰਨ੍ਹ ਅਸ਼ੋਕ ਸਤੰਭ ਦੀ ਘੁੰਡ-ਚੁਕਾਈ ਵਿਵਾਦਾਂ ਵਿਚ ਘਿਰ ਗਈ ਹੈ | ਆਪੋਜ਼ੀਸ਼ਨ ਪਾਰਟੀਆਂ ਨੇ ਦੋਸ਼ ਲਾਏ ਹਨ ਕਿ ਅਸ਼ੋਕ ਸਤੰਭ ਦਾ ਹੁਲੀਆ ਬਦਲ ਦਿੱਤਾ ਗਿਆ ਹੈ ਤੇ ਉਸ ਦੀ ਬੇਹੁਰਮਤੀ ਕੀਤੀ ਗਈ ਹੈ | ਉਨ੍ਹਾਂ ਕਾਰਜ ਪਾਲਿਕਾ ਦੇ ਮੁਖੀ ਪ੍ਰਧਾਨ ਮੰਤਰੀ ਵੱਲੋਂ ਘੁੰਢ-ਚੁਕਾਈ ਕਰਨ ‘ਤੇ ਵੀ ਕਿੰਤੂ ਕੀਤਾ ਹੈ | ਹਾਲਾਂਕਿ ਸਤੰਭ ਦੇ ਡਿਜ਼ਾਈਨਰਾਂ ਨੇ ਦਾਅਵਾ ਕੀਤਾ ਹੈ ਕਿ ਸਤੰਭ ਵਿਚ ਕੋਈ ਫੇਰ-ਬਦਲ ਨਹੀਂ ਕੀਤਾ ਗਿਆ |
ਲਾਲੂ ਪ੍ਰਸਾਦ ਯਾਦਵ ਦੇ ਰਾਸ਼ਟਰੀ ਜਨਤਾ ਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਮੂਲ ਬੁੱਤ ਦੇ ਚਿਹਰੇ ‘ਤੇ ਹਲੀਮੀ ਦੀ ਝਲਕ ਹੈ, ਜਦਕਿ ਅਮਿ੍ਤ ਕਾਲ ਵਿਚ ਬਣੇ ਮੂਲ ਬੁੱਤ ਦੀ ਨਕਲ ਵਾਲੇ ਬੁੱਤ ਦੇ ਚਿਹਰੇ ‘ਤੇ ਇਨਸਾਨ, ਪੁਰਖਾਂ ਤੇ ਦੇਸ਼ ਦਾ ਸਭ ਕੁਝ ਨਿਗਲ ਜਾਣ ਦੀ ਆਦਮਖੋਰ ਪ੍ਰਵਿਰਤੀ ਦੀ ਝਲਕ ਹੈ | ਹਰ ਪ੍ਰਤੀਕ ਚਿੰਨ੍ਹ ਮਨੁੱਖ ਦੀ ਸੋਚ ਨੂੰ ਪ੍ਰਦਰਸ਼ਤ ਕਰਦਾ ਹੈ | ਪ੍ਰਤੀਕ ਮਨੁੱਖ ਦੀ ਅਸਲ ਫਿਤਰਤ ਨੂੰ ਦਰਸਾਉਂਦੇ ਹਨ |
ਤਿ੍ਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਤੇ ਸਰਕਾਰ ਵੱਲੋਂ ਸੰਚਾਲਤ ਪ੍ਰਸਾਰ ਭਾਰਤੀ ਦੇ ਸਾਬਕਾ ਸੀ ਈ ਓ ਜਵਾਹਰ ਸਿਰਕਾਰ ਨੇ ਨਵੇਂ ਬੁੱਤ ਨੂੰ ਕੌਮੀ ਚਿੰਨ੍ਹਾਂ (ਅਸ਼ੋਕ ਸ਼ੇਰਾਂ) ਦੀ ਬੇਇੱਜ਼ਤੀ ਕਰਾਰ ਦਿੱਤਾ ਹੈ | ਉਨ੍ਹਾ ਪਹਿਲੇ ਤੇ ਨਵੇਂ ਬੁੱਤ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਪਹਿਲਾ ਬੁੱਤ ਸੁੱਘੜ ਹੈ, ਜਦਕਿ ਨਵਾਂ ਗੈਰਜ਼ਰੂਰੀ ਤੌਰ ‘ਤੇ ਬਹੁਤ ਹੀ ਹਮਲਾਵਰ | ਇਹ ਸ਼ਰਮਨਾਕ ਹੈ | ਇਸ ਬੁੱਤ ਨੂੰ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ |
ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਟਵੀਟ ਕੀਤਾ ਹੈ—ਮੈਂ 130 ਕਰੋੜ ਭਾਰਤ ਵਾਸੀਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੌਮੀ ਚਿੰਨ੍ਹ ਬਦਲਣ ਵਾਲਿਆਂ ਨੂੰ ਰਾਸ਼ਟਰ-ਵਿਰੋਧੀ ਬੋਲਣਾ ਚਾਹੀਦਾ ਕਿ ਨਹੀਂ ਬੋਲਣਾ ਚਾਹੀਦਾ |
ਆਪੋਜ਼ੀਸ਼ਨ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਸੰਸਦ ਤੇ ਕੌਮੀ ਚਿੰਨ੍ਹ ਲੋਕਾਂ ਦੇ ਹੁੰਦੇ ਹਨ, ਕਿਸੇ ਇਕ ਵਿਅਕਤੀ (ਮੋਦੀ) ਦੇ ਨਹੀਂ | ਕਾਂਗਰਸ ਨੇ ਕਿਹਾ ਕਿ ਘੁੰਢ-ਚੁਕਾਈ ਵੇਲੇ ਆਪੋਜ਼ੀਸ਼ਨ ਨੂੰ ਨਾ ਸੱਦਣਾ ਗੈਰ-ਜਮਹੂਰੀ ਹੈ | ਇਸ ਉੱਤੇ ਸਤਯਮੇਵ ਜਯਤੇ ਵੀ ਨਾ ਲਿਖਣਾ ਵੱਡੀ ਗਲਤੀ ਹੈ, ਜਿਸ ਨੂੰ ਅਜੇ ਵੀ ਠੀਕ ਕੀਤਾ ਜਾ ਸਕਦਾ ਹੈ |
ਲੋਕ ਸਭਾ ਮੈਂਬਰ ਅਸਦੂਦੀਨ ਓਵੈਸੀ ਨੇ ਕਿਹਾ ਕਿ ਸੰਵਿਧਾਨ ਸੰਸਦ, ਸਰਕਾਰ ਤੇ ਨਿਆਂ ਪਾਲਿਕਾ ਦੀਆਂ ਸ਼ਕਤੀਆਂ ਨੂੰ ਨਿਖੇੜਦਾ ਹੈ | ਸਰਕਾਰ ਦੇ ਮੁਖੀ ਵਜੋਂ ਪ੍ਰਧਾਨ ਮੰਤਰੀ ਨੂੰ ਘੁੰਢ-ਚੁਕਾਈ ਨਹੀਂ ਕਰਨੀ ਚਾਹੀਦੀ ਸੀ | ਪ੍ਰਧਾਨ ਮੰਤਰੀ ਨੇ ਸੰਵਿਧਾਨਕ ਮਾਨਦੰਡਾਂ ਦੀ ਉਲੰਘਣਾ ਕੀਤੀ ਹੈ | ਡਿਜ਼ਾਈਨਰਾਂ ਸੁਨੀਲ ਦਿਓੜੇ ਤੇ ਰੋਮੀਲ ਮੋਸੇਸ ਨੇ ਕਿਹਾ ਕਿ ਉਨ੍ਹਾਂ ਹਰ ਗੱਲ ਦਾ ਖਿਆਲ ਰੱਖਿਆ ਹੈ | ਸ਼ੇਰਾਂ ਦੇ ਚਰਿੱਤਰ ਉਹੀ ਹਨ, ਮਾਮੂਲੀ ਫਰਕ ਹੋ ਸਕਦੇ ਹਨ | ਲੋਕ ਉਨ੍ਹਾਂ ਨੂੰ ਵੱਖਰੀ ਤਰ੍ਹਾਂ ਪ੍ਰੀਭਾਸ਼ਤ ਕਰ ਸਕਦੇ ਹਨ | ਇਹ ਵੱਡਾ ਬੁੱਤ ਹੈ ਅਤੇ ਹੇਠੋਂ ਦੇਖਣ ‘ਤੇ ਹੋਰ ਤਰ੍ਹਾਂ ਦਾ ਲੱਗ ਸਕਦਾ ਹੈ |