ਮੋਗਾ : ਇੱਥੇ ਸਥਾਨਕ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਮਾਰਕਸਵਾਦੀ ਅਧਿਆਪਕ ਅਤੇ ਚਿੰਤਕ ਕਾਮਰੇਡ ਜਗਰੂਪ ਸਿੰਘ ਦੀ ਕਿਤਾਬ ‘ਮਾਰਕਸਵਾਦ ਸਦਾ ਰਾਹ-ਦਸੇਰਾ’ ਦੇ ਖਰੜੇ ’ਤੇ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਨੌਜਵਾਨਾਂ, ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਵੱਲੋਂ ਸ਼ਾਮੂਲੀਅਤ ਕੀਤੀ ਗਈ। ਇਸ ਵਰਕਸ਼ਾਪ ਦੀ ਪ੍ਰਧਾਨਗੀ ਡਾਕਟਰ ਇੰਦਰਵੀਰ ਗਿੱਲ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਪ੍ਰੀਤਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਨੇ ਕੀਤੀ। ਵਰਕਸ਼ਾਪ ਦੇ ਪਹਿਲੇ ਦਿਨ ਕਾਮਰੇਡ ਜਗਰੂਪ ਨੇ ਆਪਣੀ ਕਿਤਾਬ ‘ਮਾਰਕਸਵਾਦ ਇੱਕੀਵੀਂ ਸਦੀ, ਸਦਾ ਰਾਹ-ਦਸੇਰਾ’ ਕਿਤਾਬ ਦਾ ਖਰੜਾ ਪੇਸ਼ ਕਰਦਿਆਂ ਕਿਹਾ ਕਿ ਉੱਨੀਵੀਂ ਸਦੀ ’ਚ ਮਾਰਕਸਵਾਦ ਦਾ ਉਦੈ ਹੋਣਾ ਇੱਕ ਇਨਕਲਾਬੀ ਘਟਨਾ ਹੈ, ਜਿਸ ਨੇ ਬਹੁਤ ਥੋੜੇ੍ਹ ਸਮੇਂ ’ਚ ਪੂਰੀ ਦੁਨੀਆ ਦਾ ਸਿਰਫ ਧਿਆਨ ਹੀ ਨਹੀਂ ਖਿੱਚਿਆ, ਸਗੋਂ ਇਸ ਵਿਚਾਰਧਾਰਾ ਨੇ ਵੀਹਵੀਂ ਸਦੀ ’ਚ ਰੂਸ ਵਿੱਚ ਸਫਲ ਤਜਰਬਾ ਕਰਕੇ ਸ਼ੁਰੂਆਤ ਕੀਤੀ ਤਾਂ ਰੂਸ ਤੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਵੀ ਇਸ ਵਿਚਾਰਧਾਰਾ ਨੇ ਇਨਕਲਾਬ ਕੀਤੇ। ਕਾਮਰੇਡ ਜਗਰੂਪ ਨੇ ਅੱਗੇ ਕਿਹਾ ਕਿ ਅੱਜ ਕੁਝ ਸਰਮਾਏ ਪੱਖੀ ਸਿਆਸਤਦਾਨ ਮਾਰਕਸਵਾਦ ’ਤੇ ਸਵਾਲ ਕਰ ਰਹੇ ਸਨ ਕਿ ਮਾਰਕਸਵਾਦ ਹੁਣ ਸਮਾਂ ਵਿਹਾ ਚੁੱਕਿਆ ਹੈ ਤਾਂ ਉਸ ਦੇ ਜਵਾਬ ’ਚ ਉਹਨਾਂ ਨੂੰ ਇਹ ਕਿਤਾਬ ਲਿਖਣੀ ਪਈ। ਅਜੋਕੇ ਸਮੇਂ ’ਚ ਜਦੋਂ ਸਰਮਾਏਦਾਰੀ ਪ੍ਰਬੰਧ ਆਪਣੇ ਹੀ ਪੈਦਾ ਕੀਤੇ ਸੰਕਟਾਂ ਨਾਲ ਜੂਝ ਰਿਹਾ, ਉਦੋਂ ਪ੍ਰੋਲਤਾਰੀਆ ਲਹਿਰ ਦੇ ਅੱਗੇ ਵਧਣ ਵਾਸਤੇ ਬੁਨਿਆਦੀ ਨੁਕਤੇ ਇਸ ਖਰੜੇ ’ਚ ਵਿਚਾਰੇ ਗਏ ਹਨ। ਇਸ ਮੌਕੇ ਕਿਤਾਬ ਦੇ ਖਰੜੇ ’ਤੇ ਚਰਚਾ ਕਰਦਿਆਂ ਡਾਕਟਰ ਇੰਦਰਵੀਰ ਗਿੱਲ, ਟੀਚਰ ਯੂਨੀਅਨ ਦੇ ਰਿਟਾਇਰਡ ਆਗੂ ਬਲਕਾਰ ਸਿੰਘ ਵਲਟੋਹਾ ਅਤੇ ਸਰਦੂਲ ਸਿੰਘ ਰਾਜਸਥਾਨ ਨੇ ਕਿਹਾ, ਜਦੋਂ ਵੱਖ-ਵੱਖ ਧਿਰਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਹਨ, ਪਰ ਉਹਨਾਂ ਦੇ ਸੰਘਰਸ਼ ਨੂੰ ਉਮੀਦ ਅਨੁਸਾਰ ਬੂਰ ਨਹੀਂ ਪੈ ਰਿਹਾ ਤਾਂ ਇਹ ਕਿਤਾਬ ਸਾਰੀਆਂ ਹੀ ਸਰਮਾਏ ਵਿਰੋਧੀ ਧਿਰਾਂ ਨੂੰ ਆਪਣੀ ਲੜਾਈ ਨੂੰ ਠੀਕ ਸੇਧ ਦੇਣ ਵਿੱਚ ਸੰਜੀਵਨੀ ਬੂਟੀ ਵਾਂਗ ਮਦਦਗਾਰ ਹੋਵੇਗੀ। ਕਿਤਾਬ ਦੇ ਖਰੜੇ ’ਤੇ ਅੱਗੇ ਚਰਚਾ ਕਰਦਿਆਂ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਵਿੱਕੀ ਮਹੇਸਰੀ, ਸੂਬਾ ਪ੍ਰਧਾਨ ਰਮਨ ਧਰਮੂ ਵਾਲਾ, ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਰੀ ਅਤੇ ਕਰਮਵੀਰ ਕੌਰ ਬੱਧਣੀ ਨੇ ਕਿਹਾ ਕਿ ਇਹ ਖਰੜਾ ਸਪੱਸ਼ਟ ਕਰਦਾ ਹੈ ਕਿ ਅਜੋਕੇ ਦੌਰ ’ਚ ਜਦੋਂ ਆਰਟੀਫਿਸ਼ਲ ਇੰਟੈਲੀਜੈਂਸੀ ਜਿਹੀ ਉੱਤਮ ਤਕਨੀਕ ਪੈਦਾਵਾਰ ਨੂੰ ਬੁਲੰਦੀਆਂ ’ਤੇ ਪਹੁੰਚਾ ਰਹੀ ਹੈ, ਜਦੋਂ ਬਹੁਤ ਘੱਟ ਮਨੁੱਖੀ ਸਮਾਜਿਕ ਕਿਰਤ ਦੀ ਲੋੜ ਹੈ ਤਾਂ ਕਿਵੇਂ ਲੋਕਾਂ ਨੂੰ ਵਿੱਦਿਆ, ਇਲਾਜ, ਘਰ, ਸੈਰ ਸਪਾਟੇ, ਖੁਰਾਕ, ਆਵਾਜਾਈ ਆਦਿ ਦੀਆਂ ਸਹੂਲਤਾਂ ਮੁਫ਼ਤ ਵਾਂਗ ਦਿੱਤੀਆਂ ਜਾ ਸਕਦੀਆਂ ਹਨ। ਉਹਨਾਂ ਕਿਹਾ ਕਿ ਇਹ ਖਰੜਾ ਵਿੱਦਿਆ ਅਤੇ ਰੁਜ਼ਗਾਰ ਚਾਹੁੰਦੇ ਨੌਜਵਾਨਾਂ, ਵਿਦਿਆਰਥੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ।
ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਸਕੱਤਰ ਕੁਲਦੀਪ ਭੋਲਾ, ਵਿਦਿਆਰਥੀਆਂ ਦੇ ਸਾਬਕਾ ਸੂਬਾ ਸਕੱਤਰ ਵਰਿੰਦਰ ਖੁਰਾਣਾ, ਮੀਤ ਸਕੱਤਰ ਸੁਖਵਿੰਦਰ ਮਲੋਟ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ ਨੇ ਕਿਤਾਬ ’ਤੇ ਚਰਚਾ ਜਾਰੀ ਰੱਖਦਿਆਂ ਕਿਹਾ ਕਿ ਅੱਜ ਸਾਡੇ ਦੇਸ਼ ਦੇ ਸਿਰਫ ਦਸ ਪੂੰਜੀਪਤੀਆਂ ਕੋਲ ਕੁੱਲ ਦੌਲਤ ਦਾ 77 ਫੀਸਦੀ ਇਕੱਠਾ ਹੋਇਆ ਪਿਆ ਹੈ ਤਾਂ ਦੂਜੇ ਪਾਸੇ ਗਰੀਬੀ, ਭੁੱਖਮਰੀ ਅਤੇ ਕੰਗਾਲੀ ਕਿਸ ਪੱਧਰ ’ਤੇ ਹੈ, ਇਹ ਕਿਤਾਬ ਸਾਨੂੰ ਸਿਧਾਂਤਕ ਰਾਹ ਦੱਸਦੀ ਹੈ ਕਿ 77 ਫੀਸਦੀ ਪੂੰਜੀਪਤੀਆਂ ਕੋਲ ਇਕੱਠਾ ਹੋਇਆ ਧੰਨ ਕਿਵੇਂ ਕਿਰਤੀ ਦੀ ਲੁੱਟ ਨਾਲ ਜਮ੍ਹਾਂ ਹੋਇਆ ਹੈ। ਕਿਤਾਬ ਇਹ ਵੀ ਰਾਹ ਦੱਸਦੀ ਹੈ ਕਿ ਇਕ ਪਾਸੇ ਇਕੱਠਾ ਹੋਇਆ ਪੈਸਾ ਕਿਵੇਂ ਸਾਨੂੰ ਮਿਲੇਗਾ, ਕਿਵੇਂ ਸਾਡੀ ਬੰਦ ਖ਼ਲਾਸੀ ਹੋਵੇਗੀ। ਉਹਨਾਂ ਅੱਗੇ ਕਿਹਾ ਕਿ ਕਿਤਾਬ ਸੱਚਮੁੱਚ ਨਵੇਂ, ਚੰਗੇ ਉਜਵਲ ਭਵਿੱਖ ਦਾ ਖਰੜਾ ਹੈ, ਜਿਸ ਨੂੰ ਅਮਲ ਵਿੱਚ ਲਾਗੂ ਕਰਨ ਲਈ ਇਹਨੂੰ ਪੜ੍ਹਨਾ, ਸਮਝਣਾ, ਪ੍ਰਚਾਰਨਾ ਅਤੇ ਜੱਥੇਬੰਦ ਹੋਣਾ ਸਾਡੇ ਸਾਰਿਆਂ ਦਾ ਪਹਿਲਾ ਫਰਜ਼ ਹੋਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਹੁਲ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਸਪ੍ਰੀਤ ਕੌਰ ਬੱਧਣੀ, ਰਮਨ, ਜਗਵਿੰਦਰ ਕਾਕਾ ਆਦਿ ਹਾਜ਼ਰ ਸਨ।