ਵਾਸ਼ਿੰਗਟਨ : ਅਮਰੀਕਾ ਦੇ ਮੈਸਾਚੁਸੇਟਸ ’ਚ ਭਾਰਤੀ ਪਿਛੋਕੜ ਦੇ ਇੱਕ ਜੋੜੇ ਦੀ ਲਾਸ਼ 18 ਸਾਲਾ ਬੇਟੀ ਦੇ ਨਾਲ ਉਸ ਦੇ ਹੀ 5 ਮਿਲੀਅਨ ਅਮਰੀਕੀ ਡਾਲਰ ਮਤਲਬ 41 ਕਰੋੜ ਰੁਪਏ ਦੀ ਹਵੇਲੀ ’ਚ ਮਿਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸ਼ੁਰੂਆਤੀ ਜਾਂਚ ’ਚ ਇਹ ਘਰੇਲੂ ਹਿੰਸਾ ਦਾ ਮਾਮਲਾ ਲੱਗਦਾ ਹੈ। ਮੈਸਾਚੁਸੇਟਸ ਦੇ ਨਾਰਫਾਕ ਜ਼ਿਲ੍ਹਾ ਅਟਾਰਨੀ ਮਾਈਕਲ ਮਾਰੀਸਿਸ ਮੁਤਾਬਿਕ 57 ਸਾਲਾ ਰਾਕੇਸ਼ ਕਮਲ, ਉਨ੍ਹਾ ਦੀ 54 ਸਾਲਾ ਪਤਨੀ ਟੀਨਾ ਅਤੇ 18 ਸਾਲਾ ਬੇਟੀ ਏਰੀਆਨਾ ਦੀਆਂ ਲਾਸ਼ਾਂ ਵੀਰਵਾਰ ਸ਼ਾਮ ਲੱਗਭੱਗ 7.30 ਉਨ੍ਹਾ ਦੀ ਡੋਵਰ ਹਵੇਲੀ ’ਚ ਮਿਲੀਆਂ। ਡੋਵਰ ਬੋਸਟਨ ਸ਼ਹਿਰ ਤੋਂ ਲੱਗਭੱਗ 32 ਕਿਲੋਮੀਟਰ ਦੱਖਣ ਪੱਛਮ ’ਚ ਸਥਿਤ ਹੈ। ਜ਼ਿਲ੍ਹਾ ਅਟਾਰਨੀ ਨੇ ਇਸ ਘਟਨਾ ਨੂੰ ਘਰੇਲੂ ਹਿੰਸਾ ਦੀ ਸਥਿਤੀ ਦੇ ਰੂਪ ’ਚ ਦੱਸਿਆ ਹੈ। ਉਨ੍ਹਾ ਕਿਹਾ ਕਿ ਪਤੀ ਦੀ ਲਾਸ਼ ਕੋਲ ਇੱਕ ਬੰਦੂਕ ਵੀ ਮਿਲੀ ਹੈ। ਜ਼ਿਲ੍ਹਾ ਅਟਾਰਨੀ ਨੇ ਕਿਹਾ ਕਿ ਉਨ੍ਹਾ ਦੇ ਮਰਨ ਦੀ ਖ਼ਬਰ ਜਾਂ ਲਾਸ਼ਾਂ ਦੀ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਇੱਕ ਜਾਂ ਦੋ ਦਿਨ ਤੱਕ ਪਰਵਾਰ ਦੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਮਿਲੀ। ਇੱਕ ਰਿਸ਼ਤੇਦਾਰ ਨੇ ਉਨ੍ਹਾ ਦੇ ਘਰ ਪਹੁੰਚ ਕੇ ਉਨ੍ਹਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਮਾਰੀਸਿਸ ਨੇ ਕਿਹਾ ਕਿ ਘਰੇਲੂ ਹਿੰਸਾ ਨਾਲ ਜੁੜੀ ਕੋਈ ਪੁਲਸ ਰਿਪੋਰਟ ਦਰਜ ਨਹੀਂ ਹੋਈ ਹੈ। ਟੀਨਾ ਅਤੇ ਉਸ ਦਾ ਪਤੀ ਪਹਿਲਾਂ ਐਜੂਨੋਵਾ ਨਾਂਅ ਦੀ ਸਿੱਖਿਆ ਖੇਤਰ ਨਾਲ ਸਬੰਧਤ ਕੰਪਨੀ ਚਲਾਉਦੇ ਸਨ ਜੋ ਬਾਅਦ ਵਿੱਚ ਬੰਦ ਕਰ ਦਿੱਤੀ ਗਈ ਸੀ।ਜੋੜੇ ਦੀ ਕੰਪਨੀ ਸਾਲ 2016 ’ਚ ਸ਼ੁਰੂ ਕੀਤੀ ਗਈ ਸੀ, ਪਰ ਇਹ ਦਸੰਬਰ 2021 ਵਿੱਚ ਬੰਦ ਹੋ ਗਈ।