ਨਵੀਂ ਦਿੱਲੀ : ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਨੇਤਾ ਸੰਜੈ ਰਾਊਤ ਨੇ ਸ਼ਨੀਵਾਰ ਨੂੰ ਭਾਜਪਾ ’ਤੇ ਰਾਮ ਮੰਦਰ ’ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾ ਨੇ ਤਨਜ਼ ਕਰਦੇ ਹੋਏ ਕਿਹਾ ਕਿ ਭਾਜਪਾ 2024 ਲੋਕ ਸਭਾ ਚੋਣਾਂ ਲਈ ਭਗਵਾਨ ਰਾਮ ਨੂੰ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਸੰਜੈ ਰਾਊਤ ਨੇ ਕਿਹਾ, ‘ਹੁਣ ਸਿਰਫ਼ ਇੱਕ ਚੀਜ਼ ਬਚੀ ਹੈ ਕਿ ਭਾਜਪਾ ਐਲਾਨ ਕਰੇਗੀ ਕਿ ਭਗਵਾਨ ਰਾਮ ਚੋਣਾਂ ’ਚ ਉਨ੍ਹਾ ਦੇ ਉਮੀਦਵਾਰ ਹੋਣਗੇ। ਭਗਵਾਨ ਰਾਮ ਦੇ ਨਾਂਅ ’ਤੇ ਰਾਜਨੀਤੀ ਕੀਤੀ ਜਾ ਰਹੀ ਹੈ।’ ਸੰਜੈ ਰਾਊਤ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ 22 ਜਨਵਰੀ ਨੂੰ ਅਯੋਧਿਆ ’ਚ ਰਾਮ ਮੰਦਰ ਦਾ ਉਦਘਾਟਨ ਇੱਕ ਭਾਜਪਾ ਦਾ ਪ੍ਰੋਗਰਾਮ ਹੈ, ਨਾ ਕਿ ਕੋਈ ਰਾਸ਼ਟਰੀ ਪ੍ਰੋਗਰਾਮ। ਉਨ੍ਹਾ ਤੋਂ ਪੁੱਛਿਆ ਗਿਆ ਕਿ ਸ਼ਿਵਸੈਨਾ ਪ੍ਰਮੁੱਖ ਊਧਵ ਠਾਕਰੇ ਸਮਾਰੋਹ ’ਚ ਹਿੱਸਾ ਲੈਣਗੇ? ਸੰਜੈ ਰਾਊਤ ਨੇ ਇਸ ਦੇ ਜਵਾਬ ’ਚ ਕਿਹਾ, ‘ਊਧਵ ਠਾਕਰੇ ਨਿਸ਼ਚਿਤ ਰੂਪ ’ਚ ਜਾਣਗੇ, ਪਰ ਭਾਜਪਾ ਦਾ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ।’ ਕਿਸੇ ਨੂੰ ਭਾਜਪਾ ਦੇ ਪ੍ਰੋਗਰਾਮ ’ਚ ਕੀ ਜਾਣਾ ਚਾਹੀਦਾ? ਇਹ ਕੋਈ ਰਾਸ਼ਟਰੀ ਪ੍ਰੋਗਰਾਮ ਨਹੀਂ ਹੈ। ਭਾਜਪਾ ਇਸ ਸਮਾਰੋਹ ਲਈ ਖੂਬ ਰੈਲੀਆਂ ਅਤੇ ਪ੍ਰਚਾਰ ਕਰ ਰਹੀ ਹੈ।