24 C
Jalandhar
Thursday, September 19, 2024
spot_img

ਫਲਸਤੀਨੀਆਂ ‘ਤੇ ਠੋਸੀ ਜੰਗ ਖਿਲਾਫ਼ ਰੋਸ ਮੁਜ਼ਾਹਰੇ, ਤੁਰੰਤ ਜੰਗਬੰਦੀ ਦੀ ਮੰਗ

ਜਲੰਧਰ (ਗਿਆਨ ਸੈਦਪੁਰੀ)-ਨਵੇਂ ਵਰ੍ਹੇ ਦੇ ਪਹਿਲੇ ਦਿਨ ਸੋਮਵਾਰ ਪੰਜਾਬ ਦੀਆਂ ਸੱਤ ਖੱਬੀਆਂ ਇਨਕਲਾਬੀ ਪਾਰਟੀਆਂ ਅਤੇ ਜਥੇਬੰਦੀਆਂ ਅਧਾਰਤ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਇਜ਼ਰਾਇਲ ਦੁਆਰਾ ਅਮਰੀਕੀ ਸਾਮਰਾਜ ਦੇ ਇਸ਼ਾਰੇ ਉੱਪਰ ਫ਼ਲਸਤੀਨੀ ਲੋਕਾਂ ਦੀ ਕੀਤੀ ਜਾ ਰਹੀ ਵਹਿਸ਼ੀ ਕਤਲੋਗ਼ਾਰਤ ਖ਼ਿਲਾਫ਼ ਫਰੰਟ ਦੇ ਆਗੂ ਦਰਸ਼ਨ ਨਾਹਰ, ਹੰਸ ਰਾਜ ਪੱਬਵਾਂ ਅਤੇ ਰਸ਼ਪਾਲ ਕੈਲੇ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੀ ਪੀ ਆਈ ਦੇ ਸੂਬਾਈ ਸਕੱਤਰ ਬੰਤ ਬਰਾੜ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਅਜਮੇਰ ਸਿੰਘ, ਆਰ ਐੱਮ ਪੀ ਆਈ ਦੇ ਪ੍ਰਗਟ ਸਿੰਘ ਜਾਮਾਰਾਏ ਅਤੇ ਸੁਰਿੰਦਰ ਕੁਮਾਰੀ ਕੋਛੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਢਾਈ ਮਹੀਨਿਆਂ ਤੋਂ ਫ਼ਲਸਤੀਨ ਨੂੰ ਕਬਰਿਸਤਾਨ ‘ਚ ਬਦਲਣ ਲਈ ਵੱਡੇ ਸਾਮਰਾਜੀ ਲੱਠਮਾਰ ਅਮਰੀਕਾ ਅਤੇ ਯੂਰਪੀਨ ਯੂਨੀਅਨ ਦੇ ਸੰਗੀਆਂ ਦੀ ਸ਼ਹਿ ‘ਤੇ ਇਜ਼ਰਾਈਲ ਵੱਲੋਂ ਫ਼ਲਸਤੀਨੀ ਲੋਕਾਂ ਨੂੰ ਉਹਨਾਂ ਦੇ ਆਪਣੇ ਹੀ ਦੇਸ਼ ‘ਚੋਂ ਕੱਢਣ ਲਈ ਠੋਸੀ ਇਸ ਨਿਹੱਕੀ ਜੰਗ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ। ਉਨ੍ਹਾ ਕਿਹਾ ਕਿ 1948 ਤੋਂ ਇੰਗਲੈਂਡ-ਅਮਰੀਕਾ ਦੀ ਸ਼ਹਿ ‘ਤੇ ਫ਼ਲਸਤੀਨੀ ਲੋਕਾਂ ਦੀਆਂ ਜ਼ਮੀਨਾਂ, ਕਾਰੋਬਾਰਾਂ ‘ਤੇ ਕਬਜ਼ਾ ਕਰਕੇ ਇਜ਼ਰਾਈਲ ਨੇ ਮੱਧ ਪੂਰਬ ਦੇ ਇਸ ਛੋਟੇ ਜਿਹੇ ਦੇਸ਼ ਨੂੰ ਖੁੱਲ੍ਹੀ ਜੇਲ੍ਹ ‘ਚ ਬਦਲ ਕੇ ਫ਼ਲਸਤੀਨੀਆਂ ਨੂੰ ਪਲ-ਪਲ ਮਰਨ ਲਈ ਮਜਬੂਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਫ਼ਲਸਤੀਨ ਦੇ ਗਾਜ਼ਾ ‘ਚ 75 ਪ੍ਰਤੀਸ਼ਤ ਲੋਕਾਂ ਦੀ ਤਬਾਹੀ, ਘਰਾਂ ਦੀ ਬਰਬਾਦੀ, ਰਾਸ਼ਨ ਦੀ ਭਾਰੀ ਕਿੱਲਤ, ਇਲਾਜ ਪੱਖੋਂ ਲੋਕ ਮਰ ਤੇ ਸਹਿਕ ਰਹੇ ਹਨ, ਵੀਹ ਹਜ਼ਾਰ ਤੋਂ ਉਪਰ ਲੋਕਾਂ ਸਮੇਤ ਅੱਠ ਹਜ਼ਾਰ ਮਾਸੂਮਾਂ ਦਾ ਕਤਲ ਸੰਸਾਰ ਦਾ ਅੱਜ ਦੇ ਸਮੇਂ ਦਾ ਸਭ ਤੋਂ ਵੱਡਾ ਦਿਲ ਕੰਬਾਊ ਦੁਖਾਂਤ ਹੈ। ਸੋਸ਼ਲ ਮੀਡੀਆ ‘ਤੇ ਮਲਬੇ ਦੇ ਢੇਰਾਂ ‘ਚੋਂ ਕੱਢੇ ਜਾ ਰਹੇ ਰੋਂਦੇ-ਵਿਲ੍ਹਕਦੇ ਬੱਚਿਆਂ ਦੀਆਂ ਲਾਸ਼ਾਂ ਤੇ ਚੀਕਾਂ, ਵਗਦੇ ਲਹੂ ਦੀਆਂ ਧਰਾਲਾਂ ਦੀਆਂ ਤਸਵੀਰਾਂ ਹਰ ਜ਼ਮੀਰ ਵਾਲੇ ਦਾ ਦਿਲ ਵਲੂੰਧਰਨ ਲਈ ਕਾਫ਼ੀ ਹਨ।
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਦੇ ਆਗੂਆਂ ਨੇ ਕਿਹਾ ਕਿ ਖੁੱਲ੍ਹੀ ਜੇਲ੍ਹ ‘ਚ ਪਲ-ਪਲ ਸਹਿਕ ਰਹੇ ਫ਼ਲਸਤੀਨੀ ਲੋਕਾਂ ਉਤੇ ਠੋਸੀ ਨਿਹੱਕੀ ਜੰਗ ਤੁਰੰਤ ਬੰਦ ਕੀਤੀ ਜਾਵੇ। ਯੂ ਐੱਨ ਓ ਅਤੇ ਸੰਸਾਰ ਭਰ ਦੇ ਜ਼ਬਰਦਸਤ ਵਿਰੋਧ ਨੂੰ ਪੈਰਾਂ ਹੇਠ ਰੋਲ ਰਹੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਜੰਗੀ ਅਪਰਾਧੀ ਐਲਾਨਿਆ ਜਾਵੇ। ਉਨ੍ਹਾਂ ਸਮੂਹ ਲੋਕਾਂ ਨੂੰ ਇਜ਼ਰਾਈਲੀ ਵਸਤਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਫਰੰਟ ਨੇ ਮੋਦੀ ਦੀ ਫਾਸ਼ੀ ਹਕੂਮਤ ਵੱਲੋਂ ਅਮਰੀਕਾ ਦੀ ਸ਼ਹਿ ‘ਤੇ ਇਜ਼ਰਾਈਲ ਦੇ ਹੱਕ ‘ਚ ਖੜਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਨ੍ਹਾਂ ਇਜ਼ਰਾਈਲ ਦੇ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਣ ਲਈ ਪਰਚੇ ਦਰਜ ਕਰਨ, ਸੋਸ਼ਲ ਮੀਡੀਆ ਤੋਂ ਹਟਾਉਣ ਦੀ ਵੀ ਨਿੰਦਾ ਕੀਤੀ। ਉਨ੍ਹਾਂ ਸਭਨਾਂ ਜਮਹੂਰੀ ਇਨਸਾਫ਼-ਪਸੰਦ ਸ਼ਕਤੀਆਂ/ਜਥੇਬੰਦੀਆਂ, ਲੋਕਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣਨ ਦੀ ਜ਼ੋਰਦਾਰ ਅਪੀਲ ਕੀਤੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਪੀਟਰ, ਕਸ਼ਮੀਰ ਸਿੰਘ ਘੁੱਗਸ਼ੋਰ, ਵੀਰ ਕੁਮਾਰ, ਸੰਦੀਪ ਅਰੋੜਾ ਤੇ ਸੰਦੀਪ ਦੌਲੀਕੇ ਵੀ ਹਾਜ਼ਰ ਸਨ। ਪੰਜਾਬ ‘ਚ ਹੋਰਨੀਂ ਥਾਈਂ ਹੋਏ ਮੁਜ਼ਾਹਰਿਆਂ ‘ਚ ਕਾਮਰੇਡ ਮੰਗਤ ਰਾਮ ਪਾਸਲਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਕੰਵਲਜੀਤ ਖੰਨਾ, ਨਰੈਣ ਦੱਤ, ਦਰਸ਼ਨ ਸਿੰਘ ਖਟਕੜ, ਗੁਰਮੀਤ ਸਿੰਘ ਬਖਤਪੁਰ, ਰਾਜਵਿੰਦਰ ਸਿੰਘ ਰਾਣਾ, ਲਖਵਿੰਦਰ ਸਿੰਘ, ਸ੍ਰਿਸ਼ਟੀ, ਕਿਰਨਜੀਤ ਸੇਖੋਂ, ਮੰਗਤ ਰਾਮ ਲੌਂਗੋਵਾਲ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਗੜ੍ਹਸ਼ੰਕਰ : ਫਾਸ਼ੀ ਹਮਲੇ ਵਿਰੋਧੀ ਫਰੰਟ ਪੰਜਾਬ ਦੀ ਇਕਾਈ ਗੜ੍ਹਸ਼ੰਕਰ, ਜਿਸ ਵਿੱਚ ਮੁੱਖ ਤੌਰ ‘ਤੇ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ, ਆਰ ਐੱਮ ਪੀ ਆਈ ਤੇ ਸੀ ਪੀ ਆਈ ਦੇ ਵਰਕਰ ਸ਼ਾਮਲ ਸਨ, ਨੇ ਪ੍ਰਿੰਸੀਪਲ ਪਿਆਰਾ ਸਿੰਘ, ਹਰਮੇਸ਼ ਢੇਸੀ ਤੇ ਰਾਮਜੀ ਦਾਸ ਚੌਹਾਨ ਦੀ ਅਗਵਾਈ ਵਿਚ ਸਾਮਰਾਜੀ ਦੇਸ਼ਾਂ ਦੀ ਸ਼ਹਿ ‘ਤੇ ਇਜ਼ਰਾਈਲ ਵੱਲੋਂ ਜੰਗ ਦੀ ਆੜ ਵਿੱਚ ਫਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਕਤਲੇਆਮ ਅਤੇ ਅੱਤਿਆਚਾਰ ਵਿਰੁੱਧ ਸਖ਼ਤ ਰੋਹ ਦਾ ਪ੍ਰਗਟਾਵਾ ਕਰਦਿਆਂ ਗਾਂਧੀ ਪਾਰਕ ਵਿਖੇ ਰੋਸ ਰੈਲੀ ਕੀਤੀ ਅਤੇ ਸ਼ਹਿਰ ਵਿਚ ਮਾਰਚ ਕੀਤਾ ਤੇ ਫੌਰੀ ਜੰਗਬੰਦੀ ਅਤੇ ਫਲਸਤੀਨੀ ਲੋਕਾਂ ਦੀ ਅਜ਼ਾਦੀ ਦੀ ਮੰਗ ਕੀਤੀ। ਫਰੰਟ ਦੇ ਸੂਬਾਈ ਆਗੂ ਪ੍ਰਿਥੀਪਾਲ ਸਿੰਘ ਮਾੜੀਮੇਘਾ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਨੇ ਫਲਸਤੀਨੀ ਲੋਕਾਂ ਦੇ ਅਜ਼ਾਦੀ ਸੰਘਰਸ਼ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਫਲਸਤੀਨੀ ਲੋਕਾਂ ਦੀ ਅਜ਼ਾਦੀ ਦੇ ਹੱਕੀ ਸੰਘਰਸ਼ ਨੂੰ ਤਾਕਤ ਅਤੇ ਹਥਿਆਰਾਂ ਦੇ ਜ਼ੋਰ ‘ਤੇ ਦਬਾਇਆ ਨਹੀਂ ਜਾ ਸਕਦਾ। ਇਜ਼ਰਾਈਲ ਦੁਆਰਾ ਨਿਹੱਥੇ ਫ਼ਲਸਤੀਨੀ ਲੋਕਾਂ ਤੇ ਬੱਚਿਆਂ ਦਾ ਕਤਲ ਕਰਨਾ ਅਤਿ ਨਿੰਦਣਯੋਗ ਹੈ। ਇਹਨਾਂ ਕਤਲਾਂ ਦੀ ਜ਼ਿੰਮੇਵਾਰੀ ਇਜ਼ਰਾਈਲੀ ਰਾਸ਼ਟਰਪਤੀ ਨੇਤਨਯਾਹੂ ਤੇ ਅਮਰੀਕਾ ਤੇ ਸਾਮਰਾਜੀ ਮੁਲਕਾਂ ‘ਤੇ ਆਉਂਦੀ ਹੈ। ਭਾਰਤ ਦੇ ਸਮੂਹ ਜਮਰੂਹੀਅਤ ਪਸੰਦ ਲੋਕ ਫਲਸਤੀਨ ਦੇ ਨਾਲ਼ ਖੜੇ ਹਨ ਅਤੇ ਉਸ ਦੀ ਪੂਰਨ ਅਜ਼ਾਦੀ ਦੀ ਮੰਗ ਦਾ ਪੁਰਜ਼ੋਰ ਸਮਰਥਨ ਕਰਦੇ ਹਨ। ਇਸ ਮੌਕੇ ਸੱਤਪਾਲ ਲੱਠ, ਮਲਕੀਤ ਬਾਹੋਵਾਲ, ਸਾਧੂ ਸਿੰਘ ਭੱਟੀ, ਕੁਲਭੂਸ਼ਨ ਕੁਮਾਰ, ਸ਼ਿੰਗਾਰਾ ਰਾਮ, ਬਲਵੰਤ ਰਾਮ, ਜੀਤ ਸਿੰਘ ਬਗਵਾਈ, ਹੰਸ ਰਾਜ, ਬਲਵੀਰ ਖਾਨਪੁਰੀ, ਅਮਰੀਕ ਸਿੰਘ, ਭੀਮ ਸੈਨ, ਰਣਜੀਤ ਸਿੰਘ, ਸ਼ਾਮ ਸੁੰਦਰ, ਪ੍ਰਿੰਸੀਪਲ ਜਗਦੀਸ਼ ਰਾਏ, ਅਸ਼ਨੀ ਕੁਮਾਰ, ਦਵਿੰਦਰ ਕੁਮਾਰ, ਗਿਆਨੀ ਅਵਤਾਰ ਸਿੰਘ, ਬਲਵੰਤ ਰਾਮ, ਜੋਗਿੰਦਰ ਕੁੱਲੇਵਾਲ, ਗੁਰਨਾਮ ਹਾਜੀਪੁਰ, ਰਮਨ ਕੁਮਾਰ ਤੇ ਪਵਨ ਕੁਮਾਰ ਨੇ ਵੀ ਆਪਣੇ ਵਿਚਾਰ ਰੱਖੇ।

Related Articles

LEAVE A REPLY

Please enter your comment!
Please enter your name here

Latest Articles