ਢਾਕਾ : ਨੋਬੇਲ ਅਮਨ ਇਨਾਮ ਜੇਤੂ ਮੁਹੰਮਦ ਯੂਨਸ ਨੂੰ ਸੋਮਵਾਰ ਬੰਗਲਾਦੇਸ਼ ਦੇ ਕਿਰਤ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਗਿਆ। 83 ਸਾਲਾ ਯੂਨਸ ਦੀ ਇਸ ਕਰਕੇ ਗੁੱਡੀ ਚੜ੍ਹੀ ਸੀ ਕਿ ਉਸ ਨੇ ਮਾਈਕਰੋ ਫਾਇਨੈਂਸ ਬੈਂਕ ਰਾਹੀਂ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੀਤਾ, ਪਰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਕਹਿਣਾ ਹੈ ਕਿ ਉਸ ਨੇ ਗਰੀਬਾਂ ਦਾ ਖੂਨ ਚੂਸਿਆ। 2006 ਵਿਚ ਨੋਬੇਲ ਅਮਨ ਇਨਾਮ ਜਿੱਤਣ ਵਾਲੇ ਯੂਨਸ ਨੂੰ ਕਿਸੇ ਵੇਲੇ ਹਸੀਨਾ ਦਾ ਸਿਆਸੀ ਕਰੀਬ ਮੰਨਿਆ ਜਾਣ ਲੱਗਾ ਸੀ।
ਯੂਨਸ ਤੇ ਗ੍ਰਾਮੀਣ ਟੈਲੀਕਾਮ ਦੇ ਉਸ ਦੇ ਤਿੰਨ ਸਾਥੀਆਂ ‘ਤੇ ਦੋਸ਼ ਸੀ ਕਿ ਉਨ੍ਹਾਂ ਕੰਪਨੀ ਵਿਚ ਵਰਕਰਜ਼ ਵੈੱਲਫੇਅਰ ਫੰਡ ਕਾਇਮ ਨਾ ਕਰਕੇ ਕਿਰਤ ਕਾਨੂੰਨਾਂ ਦੀ ਉਲੰਘਣਾ ਕੀਤੀ।
ਸਰਕਾਰੀ ਵਕੀਲ ਖੁਰਸ਼ੀਦ ਆਲਮ ਖਾਨ ਨੇ ਦੱਸਿਆ ਕਿ ਸਥਾਨਕ ਲੇਬਰ ਕੋਰਟ ਨੇ ਚੌਹਾਂ ਨੂੰ ਛੇ ਮਹੀਨੇ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਤੇ ਇਸ ਵਿਰੁੱਧ ਅਪੀਲ ਕਰਨ ਤੱਕ ਉਨ੍ਹਾਂ ਦੀ ਜ਼ਮਾਨਤ ਵੀ ਮਨਜ਼ੂਰ ਕਰ ਲਈ। ਯੂਨਸ ਦੇ ਵਕੀਲ ਅਬਦੁੱਲਾ ਅਲ ਮਮੂਨ ਨੇ ਕਿਹਾ—ਸਾਨੂੰ ਇਨਸਾਫ ਨਹੀਂ ਮਿਲਿਆ।
ਯੂਨਸ ਖਿਲਾਫ ਕਿਰਤ ਕਾਨੂੰਨਾਂ ਦੀ ਉਲੰਘਣਾ ਦੇ 100 ਤੋਂ ਵੱਧ ਕੇਸ ਚੱਲ ਰਹੇ ਹਨ। ਪਿਛਲੇ ਹਫਤੇ ਇਕ ਤਰੀਕ ਭੁਗਤਣ ਤੋਂ ਬਾਅਦ ਉਸ ਨੇ ਕਿਹਾ ਸੀ ਕਿ ਉਸ ਦੀਆਂ 50 ਤੋਂ ਵੱਧ ਸੋਸ਼ਲ ਬਿਜ਼ਨਸ ਫਰਮਾਂ ਹਨ, ਪਰ ਉਸ ਨੇ ਕਿਸੇ ਤੋਂ ਮੁਨਾਫਾ ਨਹੀਂ ਕਮਾਇਆ। ਪਿਛਲੇ ਸਾਲ ਅਗਸਤ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਬਾਨ ਕੀ ਮੂਨ ਸਣੇ 160 ਤੋਂ ਵੱਧ ਸੰਸਾਰ ਹਸਤੀਆਂ ਨੇ ਸਾਂਝੇ ਬਿਆਨ ਵਿਚ ਯੂਨਸ ਨੂੰ ਪ੍ਰੇਸ਼ਾਨ ਕਰਨ ਦੀ ਗੱਲ ਕਹੀ ਸੀ।
ਇਸ ਬਿਆਨ ‘ਤੇ 100 ਤੋਂ ਵੱਧ ਨੋਬੇਲ ਅਮਨ ਜੇਤੂਆਂ ਨੇ ਦਸਤਖਤ ਕੀਤੇ ਸਨ।