ਚੰਡੀਗੜ੍ਹ (ਗੁਰਜੀਤ ਬਿੱਲਾ)- ਪੋਸਟ-ਮੈਟਿ੍ਕ ਸਕਾਲਰਸ਼ਿਪ ਸਕੀਮ ਵਿਚ ਬੇਨੇਮੀਆਂ ਦੇ ਦੋਸ਼ੀਆਂ ਦੁਆਲੇ ਸ਼ਿਕੰਜਾ ਕੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਇਸ ਦੀ ਡੂੰਘਾਈ ਨਾਲ ਜਾਂਚ ਦਾ ਆਦੇਸ਼ ਦਿੱਤਾ, ਤਾਂ ਕਿ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਫੜਿਆ ਜਾ ਸਕੇ | ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਕੋਲ ਪੁੱਜੀਆਂ ਵਜ਼ੀਫ਼ਾ ਰਾਸ਼ੀ ਦੀਆਂ ਫਾਈਲਾਂ ਵਿਚ ਪ੍ਰਾਈਵੇਟ ਅਦਾਰਿਆਂ ਨੂੰ ਦਿੱਤੇ ਫ਼ੰਡਾਂ ‘ਚ ਗੜਬੜੀ ਵਿਖਾਈ ਦਿੱਤੀ ਹੈ |
ਮੁੱਖ ਮੰਤਰੀ ਨੇ ਕਿਹਾ—ਮੇਰੀ ਸਰਕਾਰ ਇਨ੍ਹਾਂ ਬੇਨੇਮੀਆਂ ਦੀ ਪੂਰੀ ਸੱਚਾਈ ਸਾਹਮਣੇ ਲਿਆਉਣ ਲਈ ਵਚਨਬੱਧ ਹੈ, ਤਾਂ ਕਿ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਹੋਵੇ |
ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੋਸਟ-ਮੈਟਿ੍ਕ ਸਕਾਲਰਸ਼ਿਪ ਸਕੀਮ ਅਧੀਨ ਜਨਤਕ ਪੈਸੇ ਦੀ ਵੰਡ ਵਿਚ ਬੇਨੇਮੀਆਂ ਤੇ ਕਿਸੇ ਵੀ ਕੁਤਾਹੀ ਦਾ ਪਤਾ ਲਾਉਣ ਲਈ ਇਸ ਮਾਮਲੇ ਦੀ ਹਰੇਕ ਪੱਖ ਤੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ | ਉਨ੍ਹਾ ਕਿਹਾ ਕਿ ਇਹ ਸਮਾਜ ਦੇ ਪਛੜੇ ਵਰਗਾਂ ਵਿਰੁੱਧ ਨਾਸਹਿਣਯੋਗ ਅਪਰਾਧ ਹੈ ਅਤੇ ਇਸ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ | ਉਸ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਮਾਨ ਨੇ ਕਿਹਾ ਕਿ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੇ ਫੰਡਾਂ ਵਿਚ ਹੋਈਆਂ ਬੇਨੇਮੀਆਂ ਨੇ ਅਨੁਸੂਚਿਤ ਜਾਤੀਆਂ ਦੇ ਲੱਖਾਂ ਵਿਦਿਆਰਥੀਆਂ ਨੂੰ ਮਿਆਰੀ ਉੱਚ ਸਿੱਖਿਆ ਤੋਂ ਵਾਂਝੇ ਕਰ ਕੇ ਉਨ੍ਹਾਂ ਦਾ ਭਵਿੱਖ ਤਬਾਹ ਕਰ ਦਿੱਤਾ |
ਮੁੱਖ ਮੰਤਰੀ ਨੇ ਇਨ੍ਹਾਂ ਬੇਨੇਮੀਆਂ ਨੂੰ ਗਰੀਬ ਵਰਗ ਦੇ ਵਿਦਿਆਰਥੀਆਂ ਦੇ ਹਿੱਤਾਂ ਦੀ ਦਿਨ-ਦਿਹਾੜੇ ਲੁੱਟ ਦੱਸਦੇ ਹੋਏ ਕਿਹਾ ਕਿ ਉਨ੍ਹਾ ਦੀ ਸਰਕਾਰ ਦੋਸ਼ੀਆਂ ਨੂੰ ਸ਼ਰੇਆਮ ਦਨਦਨਾਉਂਦੇ ਫਿਰਨ ਦੇਣ ਲਈ ਹੱਥ ‘ਤੇ ਹੱਥ ਧਰ ਕੇ ਨਹੀਂ ਬੈਠ ਸਕਦੀ | ਉਨ੍ਹਾ ਦੁੱਖ ਜ਼ਾਹਰ ਕੀਤਾ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਉਨ੍ਹਾਂ ਸਿਆਸਤਦਾਨਾਂ ਅਤੇ ਅਫਸਰਸ਼ਾਹਾਂ ਦੀ ਪੁਸ਼ਤਪਨਾਹੀ ਕਰਦੀਆਂ ਰਹੀਆਂ, ਜੋ ਇਸ ਘਿਨਾਉਣੇ ਕਾਰੇ ਵਿਚ ਸ਼ਾਮਲ ਸਨ | ਭਗਵੰਤ ਮਾਨ ਨੇ ਕਿਹਾ ਕਿ ਸਿਰਫ ਇਹ ਹੀ ਨਹੀਂ, ਸਗੋਂ ਅਕਾਲੀ, ਭਾਜਪਾ ਅਤੇ ਕਾਂਗਰਸ ਲੀਡਰਸ਼ਿਪ ਨੇ ਵੀ ਇਕ-ਦੂਜੇ ਨਾਲ ਮਿਲੀਭੁਗਤ ਕਰ ਲਈ ਤਾਂ ਜੋ ਇਸ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਉਤੇ ਕਾਰਵਾਈ ਕਰਨ ਤੋਂ ਬਚਾਅ ਕੀਤਾ ਜਾ ਸਕੇ |
ਮੁੱਖ ਮੰਤਰੀ ਨੇ ਕਿਹਾ ਕਿ ਹੁਣ ਆਮ ਆਦਮੀ ਦੀ ਸਰਕਾਰ ਇਨ੍ਹਾਂ ਪਾਰਟੀਆਂ ਦੇ ਮਾੜੇ ਕੰਮਾਂ ਦਾ ਪਰਦਾ ਫਾਸ਼ ਕਰੇਗੀ, ਕਿਉਂਕਿ ਸਿਆਸਤਦਾਨਾਂ ਅਤੇ ਅਫਸਰਸ਼ਾਹੀ ਦਾ ਗਠਜੋੜ ਆਪਣੇ ਨਿੱਜੀ ਹਿੱਤਾਂ ਲਈ ਵਿੱਦਿਅਕ ਸੰਸਥਾਵਾਂ ਉਤੇ ਮਿਹਰਬਾਨ ਹੁੰਦਾ ਰਿਹਾ ਅਤੇ ਦੂਜੇ ਪਾਸੇ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਮਾਨਸਕ ਅਤੇ ਸਰੀਰਕ ਤੌਰ ‘ਤੇ ਪ੍ਰੇਸ਼ਾਨ ਕੀਤਾ ਗਿਆ | ਉਨ੍ਹਾ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਇਸ ਘਪਲੇ ‘ਚ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਜ਼ਰੂਰ ਕੀਤੀ ਜਾਵੇਗੀ | ਇਸ ਘੁਟਾਲੇ ਦੇ ਦੋਸ਼ੀਆਂ ਦੀ ਸਰਕਾਰੀ ਖ਼ਜ਼ਾਨੇ ਵਿੱਚੋਂ ਇਕ-ਇਕ ਪੈਸੇ ਦੀ ਲੁੱਟ ਲਈ ਜਵਾਬਦੇਹੀ ਤੈਅ ਕੀਤੀ ਜਾਵੇਗੀ |