ਬਾਬਾ ਭਕਨਾ ਦੇ ਜਨਮ ਦਿਹਾੜੇ ’ਤੇ ਵੰਡ-ਪਾਊ ਮੋਦੀ ਸਰਕਾਰ ਨੂੰ ਚਲਦਾ ਕਰਨ ਦਾ ਸੱਦਾ

0
242

ਭਕਨਾ (ਹਰਜਿੰਦਰ ਸੋਨੀ, ਮੱਖਣ ਮਨੋਜ)
ਮਹਾਨ ਇਨਕਲਾਬੀ ਤੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦਾ ਜਨਮ ਦਿਹਾੜਾ ਸੀ ਪੀ ਆਈ ਜ਼ਿਲ੍ਹਾ ਤਰਨ ਤਾਰਨ ਤੇ ਅੰਮਿ੍ਰਤਸਰ ਅਤੇ ਬਾਬਾ ਜੀ ਦੇ ਪਰਵਾਰ ਸਰਦਾਰ ਹਜ਼ਾਰਾ ਸਿੰਘ ਮਾਲੂਵਾਲ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਬਾਬਾ ਜੀ ਦੀ ਯਾਦਗਾਰ ਤੇ ਆਖੰਡ ਪਾਠ ਦੇ ਭੋਗ ਪੈਣ ਉਪਰੰਤ ਢਾਡੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਅਦ ਵਿੱਚ ਸਕੂਲ ਦੀ ਗਰਾਊਂਡ ਵਿੱਚ ਸੀ ਪੀ ਆਈ ਨੇ ਸਿਆਸੀ ਕਾਨਫਰੰਸ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਾਈ ਅਤੇ 26 ਸਾਲ ਜੇਲ੍ਹ ਵਿੱਚ ਗੁਜ਼ਾਰੇ। ਪਹਿਲਾਂ ਅੰਗਰੇਜ਼ਾਂ ਦੀ ਜੇਲ੍ਹ ਦੇ ਕਸ਼ਟ ਝੱਲੇ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਦੇ ਰਾਜ ਅਧੀਨ ਜੇਲ੍ਹ ਕੱਟੀ। ਕਾਂਗਰਸੀ ਹਕੂਮਤ ਸਮੇਂ ਜੇਲ੍ਹ ਵਿੱਚ ਕੈਦ ਹੋਣ ਕਰਕੇ ਉਹ ਸਦਾ ਲਈ ਕੁੱਬੇ ਹੋ ਗਏ। ਕੁੱਬੇ ਹੋਣ ਦਾ ਕਾਰਨ ਇਹ ਸੀ ਕਿ ਜੇਲ੍ਹ ਦੀ ਬੈਰਕ ਛੋਟੀ ਹੋਣ ਕਰਕੇ ਉਨ੍ਹਾ ਨੂੰ ਕੁੱਬੇ ਹੋ ਕੇ ਲੰਮੇ ਪੈਣਾ ਪੈਂਦਾ ਸੀ। ਇਸ ਤਰ੍ਹਾਂ ਕੁੱਬੇ ਹੋ ਕੇ ਸੌਣ ਨਾਲ ਉਨ੍ਹਾ ਦੀ ਪਿੱਠ ’ਤੇ ਕਾਂਗਰਸ ਦੀ ਮੋਹਰ ਲੱਗ ਗਈ। ਇਹ ਹੈ ਬਾਬਾ ਸੋਹਣ ਸਿੰਘ ਭਕਨਾ ਨੂੰ ਆਜ਼ਾਦ ਭਾਰਤ ਦੀ ਦੇਣ। ਬਰਾੜ ਨੇ ਕਿਹਾ ਕਿ ਬਹੁਤ ਜਲਦੀ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ ਹਨ ਤੇ ਪਾਰਟੀ ਮੈਂਬਰਾਂ ਤੇ ਹਮਦਰਦਾਂ ਨੂੰ ਹੁਣ ਤੋਂ ਹੀ ਲੋਕਾਂ ਨੂੰ ਮੋਦੀ ਦੀ ਫਿਰਕੂ, ਪਾੜਾ-ਪਾਊ ਅਤੇ ਕਿਰਤੀਆਂ ਦੇ ਘਾਣ ਕਰਨ ਵਾਲੀ ਨੀਤੀ ਵਿਰੁੱਧ ਲਾਮਬੰਦ ਕਰਨਾ ਚਾਹੀਦਾ ਹੈ। ਅਸੀਂ ਚੋਣਾਂ ਲੜਨੀਆਂ ਹਨ ਹਰ ਨੌਜਵਾਨ ਦੇ ਰੁਜ਼ਗਾਰ ਲਈ, ਸਭ ਲਈ ਵਿਦਿਆ ਮੁਫਤ ਤੇ ਲਾਜ਼ਮੀ ਬਣਾਉਣ ਲਈ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਲਈ ਅਤੇ ਔਰਤਾਂ ਦੀ ਖੁਸ਼ਹਾਲੀ ਵਾਸਤੇ।
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਸਾਨੂੰ ਗਦਰੀ ਬਾਬਿਆਂ ਤੇ ਭਗਤ, ਸਰਾਭਿਆਂ ਦਾ ਸਮਾਜ ਸਿਰਜਣ ਵਾਸਤੇ ਲੁਕਾਈ ਨੂੰ ਲਾਮਬੰਦ ਕਰਨਾ ਚਾਹੀਦਾ ਹੈ। ਇਨ੍ਹਾਂ ਦੀ ਸੋਚ ਦਾ ਸਮਾਜ ਉਸਰਨ ਨਾਲ ਹੀ ਦੇਸ਼ ਵਿੱਚ ਖੁਸ਼ਹਾਲੀ ਪਰਤੇਗੀ। ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਰਜਿੰਦਰ ਪਾਲ ਕੌਰ ਨੇ ਕਿਹਾ ਕਿ ਸਮਾਜ ਦੀ ਵਸੋਂ ਦਾ ਅੱਧ ਔਰਤ ਜਾਤ ਹੈ, ਪਰ ਅਸੀਂ ਉਨ੍ਹਾਂ ਨੂੰ ਹਾਲੇ ਵੀ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਨਿਕਲਣ ਦਿੰਦੇ। ਸਾਡਾ ਫਰਜ਼ ਹੈ ਕਿ ਔਰਤਾਂ ਨੂੰ ਜਥੇਬੰਦ ਕਰੀਏ ਤੇ ਉਹ ਸਾਡੀ ਲਹਿਰ ਦਾ ਹਿੱਸਾ ਬਣਨ। ਜਦੋਂ ਔਰਤਾਂ ਨੂੰ ਅਸੀਂ ਜਥੇਬੰਦ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਸਾਡੀ ਲਹਿਰ ਜਲਦੀ ਹੀ ਲੁਟੇਰਿਆਂ ਦਾ ਖਾਤਮਾ ਕਰ ਦੇਵੇਗੀ।
ਇਸ ਮੌਕੇ ਸੀ ਪੀ ਆਈ ਦੇ ਪ੍ਰਮੁੱਖ ਆਗੂ ਸੁਖਚੈਨ ਸਿੰਘ ਝਬਾਲ, ਕੰਟਰੋਲ ਕਮਿਸਨ ਮੈਂਬਰ ਤਾਰਾ ਸਿੰਘ ਖਹਿਰਾ, ਮਹਿੰਦਰ ਪਾਲ ਸਿੰਘ ਮੁਹਾਲੀ, ਲਖਬੀਰ ਸਿੰਘ ਨਿਜ਼ਾਮਪੁਰਾ, ਦਵਿੰਦਰ ਸੋਹਲ, ਬਲਕਾਰ ਸਿੰਘ ਵਲਟੋਹਾ, ਬਲਵਿੰਦਰ ਸਿੰਘ ਦੁਧਾਲਾ, ਸੀਮਾ ਸੋਹਲ, ਲਵਪ੍ਰੀਤ ਸਿੰਘ ਮਾੜੀਮੇਘਾ, ਗੁਰਦੀਪ ਸਿੰਘ ਗਿਲਵਾਲੀ, ਗੁਰਦਿਆਲ ਸਿੰਘ ਖਡੂਰ ਸਾਹਿਬ ਤੇ ਸ਼ੇਰ ਗਿੱਲ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here