ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ਵਿੱਚ ਮੰਗਲਵਾਰ ਰਾਤ ਨੂੰ 27 ਸਾਲਾ ਔਰਤ ਦੀ ਕਥਿਤ ਹੱਤਿਆ ਨਾਲ ਜੁੜੇ ਮਾਮਲੇ ਵਿੱਚ ਘੱਟੋ-ਘੱਟ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਮਰਨ ਵਾਲੀ ਦੀ ਪਛਾਣ ਪੰਜਾਬ ਦੀ ਸਾਬਕਾ ਮਾਡਲ ਦਿਵਿਆ ਪਹੂਜਾ ਵਜੋਂ ਹੋਈ ਹੈ, ਜਿਸ ਨੂੰ ਕਥਿਤ ਤੌਰ ’ਤੇ ਅਭਿਜੀਤ ਸਿੰਘ ਨੇ ਮਾਰਿਆ ਸੀ, ਜੋ ਉਸ ਹੋਟਲ ਦਾ ਮਾਲਕ ਹੈ, ਜਿੱਥੇ ਇਹ ਕਤਲ ਹੋਇਆ। ਸੀ ਸੀ ਟੀ ਵੀ ਫੁਟੇਜ਼ ਦੇ ਆਧਾਰ ’ਤੇ ਪਤਾ ਲੱਗਿਆ ਕਿ ਮੁਲਜ਼ਮ ਲਾਸ਼ ਨੂੰ ਹੋਟਲ ਤੋਂ ਕਾਰ ਤੱਕ ਘੜੀਸ ਕੇ ਲੈ ਗਏ। ਦਿਵਿਆ ਦੇ ਪਰਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਧੀ ਅਭਿਜੀਤ ਨਾਂਅ ਦੇ ਵਿਅਕਤੀ ਨਾਲ ਗਈ ਸੀ, ਜਦੋਂ ਪੁਲਸ ਨੇ ਹੋਟਲ ਦੇ ਸੀ ਸੀ ਟੀ ਵੀ ਫੁਟੇਜ਼ ਘੋਖੀ ਤਾਂ ਅਪਰਾਧ ਦਾ ਖੁਲਾਸਾ ਹੋਇਆ। ਪੁਲਸ ਨੇ ਕਿਹਾ ਕਿ ਹੋਟਲ ਮਾਲਕ ਨੇ ਪਹੂਜਾ ਦੀ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਕਿਉਕਿ ਉਹ ਉਸ ਦੀਆਂ ਕੁਝ ਤਸਵੀਰਾਂ ਨਾਲ ਬਲੈਕਮੇਲ ਕਰਨ ਤੋਂ ਬਾਅਦ ਉਸ ਤੋਂ ਕਥਿਤ ਤੌਰ ’ਤੇ ਪੈਸੇ ਵਸੂਲਦੀ ਸੀ। ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਨੇ ਬੁੱਧਵਾਰ ਨੂੰ 56 ਸਾਲਾ ਅਭਿਜੀਤ ਸਿੰਘ, ਹੇਮਰਾਜ ਅਤੇ ਓਮ ਪ੍ਰਕਾਸ਼ ਨੂੰ ਗਿ੍ਰਫਤਾਰ ਕੀਤਾ।





