ਨਵੀਂ ਦਿੱਲੀ : ਦੇਸ਼ ’ਚ ਇਸ ਸਮੇਂ ਕੜਾਕੇ ਦੀ ਠੰਢ ਦੀ ਸ਼ੁਰੂਆਤ ਹੋ ਚੁੱਕੀ ਹੈ। ਪੂਰਬ ਤੋਂ ਲੈ ਕੇ ਪੱਛਮ ਤੱਕ ਅਤੇ ਉਤਰ ਤੋਂ ਲੈ ਕੇ ਦੱਖਣ ਤੱਕ ਠੰਢ ਆਪਣਾ ਕਹਿਰ ਵਰਸਾ ਰਹੀ ਹੈ। ਇਸ ਨੂੰ ਭਾਰਤੀ ਮੌਸਮ ਵਿਭਾਗ ਨੇ ‘ਕੋਲਡ ਡੇ’ ਐਲਾਨ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਕੋਲਡ ਡੇ ਉਦੋਂ ਮੰਨਿਆ ਜਾਂਦਾ ਹੈ, ਜਦ ਘੱਟੋ-ਘੱਟ ਤਾਪਮਾਨ 10 ਡਿਗਰੀ ਜਾਂ ਉਸ ਤੋਂ ਘੱਟ ਰਹੇ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਤਾਪਮਾਨ ਤੋਂ 4.5 ਤੋਂ 6.4 ਡਿਗਰੀ ਤੋਂ ਥੱਲੇ ਚਲਾ ਜਾਵੇ ਤਾਂ ਉਸ ਨੂੰ ਕੋਲਡ ਡੇ ਮੰਨਿਆ ਜਾਂਦਾ ਹੈ। ਉਥੇ ਹੀ ਪਿਛਲੇ 15 ਦਿਨਾਂ ਤੋਂ ਰਾਜਸਥਾਨ, ਪੰਜਾਬ, ਹਰਿਆਣਾ, ਬਿਹਾਰ, ਉਤਰ ਪ੍ਰਦੇਸ਼ ਅਤੇ ਆਸਪਾਸ ਦੇ ਉਤਰੀ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ’ਚ ਕੋਲਡ ਡੇ ਦੀ ਸਥਿਤੀ ਹੈ।
ਭਾਰਤੀ ਮੌਸਮ ਵਿਭਾਗ ਨੇ ਸ਼ਨੀਵਾਰ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਰਾਜਸਥਾਨ ’ਚ ਸੀਤ ਲਹਿਰ ਦਾ ਜ਼ੋਰ ਅਗਲੇ ਦੋ ਦਿਨਾਂ ਤੱਕ ਜਾਰੀ ਰਹੇਗੀ ਤੇ ਅਗਲੇ ਦੋ ਦਿਨਾਂ ਬਾਅਦ ਇਸ ਦਾ ਜ਼ੋਰ ਘਟ ਜਾਵੇਗਾ । ਵਿਭਾਗ ਨੇ ਕਿਹਾ ਹੈ ਅਗਲੇ ਦੋ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਜਾਰੀ ਰਹੇਗੀ ।ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 6-9 ਡਿਗਰੀ ਸੈਲਸੀਅਸ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ।ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ’ਚ ਸ਼ਨੀਵਾਰ ਸਵੇਰੇ ਧੁੰਦ ਛਾਈ ਰਹੀ। ਘੱਟੋ-ਘੱਟ ਤਾਪਮਾਨ 8.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ 2 ਡਿਗਰੀ ਵੱਧ ਹੈ। ਭਾਰਤ ਮੌਸਮ ਵਿਭਾਗ ਮੁਤਾਬਕ ਦਿੱਲੀ ਦੇ ਮੁੱਖ ਮੌਸਮ ਵਿਗਿਆਨ ਕੇਂਦਰ ਸਫਦਰਗੰਜ ਅਤੇ ਪਾਲਮ ’ਚ ਸਵੇਰੇ ਪੰਜ ਵਜੇ ਵਿਜੀਬਿਲਟੀ 500 ਮੀਟਰ ਦਰਜ ਕੀਤੀ ਗਈ। ਧੁੰਦ ਕਾਰਨ ਰੇਲ ਸੇਵਾ ਪ੍ਰਭਾਵਤ ਹੋਈ ਅਤੇ ਦਿੱਲੀ ਆਉਣ ਵਾਲੀਆਂ 14 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਰਾਜਧਾਨੀ ਦੇ ਲੋਕ ਬੀਤੇ 9 ਦਿਨਾਂ ਤੋਂ ਸੂਰਜ ਦੀ ਰੌਸ਼ਨੀ ਲਈ ਤਰਸ ਰਹੇ ਹਨ। ਮੌਸਮ ਜਾਣਕਾਰਾਂ ਦਾ ਕਹਿਣਾ ਹੈ ਕਿ 5 ਸਾਲ ਬਾਅਦ ਇਸ ਤਰ੍ਹਾਂ ਦੀ ਸਥਿਤੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾ 2019 ’ਚ 12 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਸੂਰਜ ਦੀ ਰੌਸ਼ਨੀ ਧੁੰਦ ’ਚ ਢਕੀ ਰਹੀ ਸੀ। ਰਾਜਧਾਨੀ ਤੋਂ ਇਲਾਵਾ ਲਖਨਊ, ਕਾਨਪੁਰ, ਪ੍ਰਯਾਗਰਾਜ, ਝਾਂਸੀ, ਵਾਰਾਨਸੀ ਤੱਕ ਇਹੀ ਸਥਿਤੀ ਹੈ। ਨਾਲ ਹੀ ਹਰਿਆਣਾ ਤੇ ਪੰਜਾਬ ’ਚ ਵੀ ਇਸ ਤਰ੍ਹਾਂ ਦਾ ਹੀ ਵਿਗੜਿਆ ਹੋਇਆ ਮੌਸਮ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾ ਸ਼ਹਿਰਾਂ ’ਚ ਲੋਕ ਸੂਰਜ ਦੇ ਦਰਸ਼ਨ ਕਰਨ ਲਈ ਤਰਸ ਰਹੇ ਹਨ। ਉਤਰ ਪ੍ਰਦੇਸ਼ ਦੇ ਪੂਰਵਾਂਚਲ ਦਾ ਹਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੈ। ਆਜ਼ਮਗੜ੍ਹ, ਮਊ, ਗਾਜੀਪੁਰ ਅਤੇ ਨੇੜੇ ਦੇ ਜ਼ਿਲ੍ਹਿਆਂ ’ਚ ਸੂਰਜ ਦਰਸ਼ਨ ਨਹੀਂ ਦੇ ਰਿਹਾ।
ਮੌਸਮ ਵਿਭਾਗ ਅਨੁਸਾਰ 9 ਜਨਵਰੀ ਤੱਕ ਠੰਢ ਦੀ ਸਥਿਤੀ ਇਹੀ ਰਹਿਣ ਵਾਲੀ ਹੈ। ਹਾਲਾਂਕਿ ਵੱਧ ਤੋਂ ਵੱਧ ਤਾਪਮਾਨ 13 ਤੋਂ 14 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ 6 ਡਿਗਰੀ ਤੋਂ 8 ਡਿਗਰੀ ਵਿਚਾਲੇ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 8 ਜਨਵਰੀ ਤੋਂ ਸੂਰਜ ਦੇ ਦਰਸ਼ਨ ਹੋ ਸਕਦੇ ਹਨ। ਇਸ ਤੋਂ ਇਲਾਵਾ ਠੰਢ ਤੋਂ ਕੁਝ ਹੱਦ ਤੱਕ ਰਾਹਤ ਵੀ ਮਿਲਣ ਦੀ ਉਮੀਦ ਹੈ। ਹਾਲਾਂਕਿ ਇਸ ਵਿਚਲੇ ਬਾਰਿਸ਼ ਦੀ ਵੀ ਸੰਭਾਵਨਾ ਪ੍ਰਗਟਾਈ ਗਈ ਹੈ।





