ਲਕਸ਼ਦੀਪ ਜਾ ਕੇ ਤਸਵੀਰਾਂ ਖਿਚਵਾਉਂਦੇ ‘ਮਹਾਂਪੁਰਸ਼’ ਮਨੀਪੁਰ ਕਿਉਂ ਨਹੀਂ ਜਾਂਦੇ : ਖੜਗੇ

0
254

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਤੋਂ ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ਨੀਵਾਰ ਕੇਂਦਰ ਦੀ ਮੋਦੀ ਸਰਕਾਰ ’ਤੇ ਵੱਡਾ ਦੋਸ਼ ਲਾਇਆ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਮਨੀਪੁਰ ਬਾਰੇ ਚੁੱਪ ਰਹੇ, ਉਹ ਮਨੀਪੁਰ ਨਹੀਂ ਗਏ। ਉਹ ਲਕਸ਼ਦੀਪ ਜਾ ਕੇ ਫੋਟੋ ਖਿਚਵਾਉਂਦੇ ਹਨ, ਪਰ ਦੰਗਾ ਪ੍ਰਭਾਵਤ ਮਨੀਪੁਰ ਨਹੀਂ ਜਾਂਦੇ। ਸੰਸਦ ’ਚ ਆਪੋਜੀਸ਼ਨ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ। ਉਨ੍ਹਾ ਮੀਡੀਆ ਤੋਂ ਇਸ ਯਾਤਰਾ ’ਚ ਸਹਿਯੋਗ ਦੀ ਅਪੀਲ ਕੀਤੀ। ਕਾਂਗਰਸ ਪ੍ਰਧਾਨ ਨੇ ਕਿਹਾ, ‘ਮਨੀਪੁਰ ’ਚ ਇੱਕ ਮੰਦਭਾਗੀ ਘਟਨਾ ਹੋਈ, ਪਰ ਪ੍ਰਧਾਨ ਮੋਦੀ ਜਾਂ ਤਾਂ ਲਕਸ਼ਦੀਪ ਦੇ ਸਮੁੰਦਰੀ ਤੱਟਾਂ ’ਤੇ ਗਏ ਅਤੇ ਤੈਰਾਕੀ ਦੀਆਂ ਤਸਵੀਰਾਂ ਕਰਵਾਈਆਂ ਜਾਂ ਅਯੁੱਧਿਆ ਮੰਦਰ ਨਿਰਮਾਣ ’ਤੇ ਫੋਟੋ ਖਿਚਵਾਉਣ ਗਏ ਅਤੇ ਕੇਰਲ ਅਤੇ ਮੁੰਬਈ ਗਏ।’ ਉਨ੍ਹਾ ਕਿਹਾ ਉਹ ਹਰ ਜਗ੍ਹਾ ਜਾਂਦੇ ਹਨ, ਤੁਸੀਂ ਹਰ ਜਗ੍ਹਾ ਉਨ੍ਹਾ ਦੀਆਂ ਤਸਵੀਰਾਂ ਦੇਖ ਸਕਦੇ ਹੋ.. ਬਿਲਕੁੱਲ ਵੈਸੇ ਹੀ ਜੈਸੇ ਜਾਗਣ ਤੋਂ ਬਾਅਦ ਸਭ ਤੋਂ ਪਹਿਲਾ ਭਗਵਾਨ ਦੇ ‘ਦਰਸ਼ਨ’ , ਪਰ ਇਹ ਮਹਾਨ ਵਿਅਕਤੀ ਮਨੀਪੁਰ ਕਿਉਂ ਨਹੀਂ ਗਿਆ? ’ ਖੜਗੇ ਨੇ ਕਿਹਾਅਸੀਂ ਲੋਕਾਂ ਵਿਚਾਲੇ ਜਾ ਕੇ ਉਨ੍ਹਾਂ ਨੂੰ ਦੱਸ ਰਹੇ ਹਾਂ। ਇਸ ਤੋਂ ਇਲਾਵਾ ਅਤੇ ਕੋਈ ਰਸਤਾ ਨਹੀਂ, ਅਸੀਂ ਸੰਸਦ ’ਚ ਬੋਲਣ ਅਤੇ ਮੁੱਦਿਆਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ, ਪਰ ਸਰਕਾਰ ਨੇ ਸਾਨੂੰ ਕੋਈ ਮੌਕਾ ਨਹੀਂ ਦਿੱਤਾ। ਇਤਿਹਾਸ ’ਚ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਕਿ 146 ਸਾਂਸਦਾਂ ਨੂੰ ਮੁਅੱਤਲ ਕੀਤਾ ਗਿਆ। ਖੜਗੇ 14 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਭਾਰਤ ਜੋੜੋ ਨਿਆਂ ਯਾਤਰਾ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ’ਚ ਮਨੀਪੁਰ ਤੋਂ ਸ਼ੁਰੂ ਹੋ ਰਹੀ ਇਹ ਯਾਤਰਾ ਦੇਸ਼ ਦੇ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਬੁਨਿਆਦੀ ਮੁੱਦਿਆਂ ਨੂੰ ਲੈ ਕੇ ਕੱਢੀ ਜਾ ਰਹੀ ਹੈ। ਸਾਨੂੰ ਸਾਰਿਆਂ ਦੇ ਸਮਰਥਨ ਦੀ ਜ਼ਰੂਰਤ ਹੈ। ਇਹ ਯਾਤਰਾ ਜਨ ਜਾਗਿ੍ਰਤੀ ਲਈ ਹੈ। ਇਸ ਯਾਤਰਾ ਰਾਹੀਂ ਅਸੀਂ ਗਰੀਬਾਂ ਅਤੇ ਸਮਾਜ ਦੇ ਵੱਖ-ਵੱਖ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ। ਕਾਂਗਰਸ ਦੇ ਸਾਰੇ ਨੇਤਾ ਇਸ ਨੂੰ ਸਫ਼ਲ ਬਣਾਉਣ ਲਈ ਪੂਰਾ ਜ਼ੋਰ ਲਾਉਣਗੇ। ਮੈਂ ਚਹਾਂਗਾ ਕਿ ‘ਇੰਡੀਆ’ ਦੇ ਨੇਤਾ ਵੀ ਇਸ ਯਾਤਰਾ ਨਾਲ ਜੁੜਨ ਅਤੇ ਸਫ਼ਲ ਬਣਾਉਣ। ਉਨ੍ਹਾ ਇਸ ਯਾਤਰਾ ਦਾ ਲੋਗੋ ਅਤੇ ਟੈਗਲਾਈਨ ਵੀ ਜਾਰੀ ਕੀਤੀ। ਇਸ ਦੌਰਾਨ ਰਾਹੁਲ ਨੇ ਆਪਣੇ ‘ਐਕਸ’ ਹੈਂਡਲ ’ਤੇ ਯਾਤਰਾ ਦੇ ਲੋਗੋ ਅਤੇ ਟੈਗਲਾਈਨ ਦੇ ਨਾਲ ਇੱਕ ਵੀਡੀਓ ਪੋਸਟ ਕੀਤਾ। ਆਪਣੇ ਪੋਸਟ ਦੇ ਕੈਪਸ਼ਨ ’ਚ ਰਾਹੁਲ ਨੇ ਲਿਖਿਆ, ‘ਅਸੀਂ ਫਿਰ ਆ ਰਹੇ ਹਾਂ ਤੁਹਾਡੇ ਵਿਚਾਲੇ, ਅਨਿਆਏ ਅਤੇ ਹੰਕਾਰ ਵਿਰੁੱਧ, ਨਿਆਂ ਦੀ ਲਲਕਾਰ ਲੈ ਕੇ। ਸੱਤਿਆ ਦੇ ਇਸ ਪੱਥ ’ਤੇ ਮੇਰੀ ਕਸਮ ਹੈ, ਯਾਤਰਾ ਜਾਰੀ ਰਹੇਗੀ, ਨਿਆਏ ਦਾ ਹੱਕ ਮਿਲਣ ਤੱਕ।’ ਭਾਰਤ ਜੋੜੋ ਯਾਤਰਾ 67 ਦਿਨਾਂ ’ਚ 6700 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੈਅ ਕਰੇਗੀ।

LEAVE A REPLY

Please enter your comment!
Please enter your name here