ਮਾਲੇ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਕਸ਼ਦੀਪ ਦੌਰੇ ਨਾਲ ਮਾਲਦੀਵ ਤੇ ਭਾਰਤ ਦੇ ਲੋਕਾਂ ਵਿਚਾਲੇ ਕਾਫੀ ਤਲਖੀ ਪੈਦਾ ਹੋ ਗਈ ਹੈ, ਹਾਲਾਂਕਿ ਮਾਲਦੀਵ ਸਰਕਾਰ ਨੇ ਮੋਦੀ ਖਿਲਾਫ ਟਿੱਪਣੀਆਂ ਨੂੰ ਲੈ ਕੇ ਆਪਣੇ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਮਰੀਅਮ ਸ਼ਿਉਨਾ, ਮਲਸ਼ਾ ਸ਼ਰੀਫ ਤੇ ਮਹਜ਼ੂਮ ਮਾਜਿਦ ਹਨ। ਮਾਲਦੀਵ ਸਰਕਾਰ ਨੇ ਇਨ੍ਹਾਂ ਦੀਆਂ ਟਿੱਪਣੀਆਂ ਤੋਂ ਖੁਦ ਨੂੰ ਅੱਡ ਕਰਦਿਆਂ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਨੂੰ ਜ਼ਿੰਮੇਵਾਰੀ ਨਾਲ ਮਾਨਣਾ ਚਾਹੀਦਾ ਹੈ।
ਇਸੇ ਦੌਰਾਨ ਭਾਰਤ ਦੇ ਕਈ ਸੱਜਣ ਮਾਲਦੀਵ ਦੇ ਬਾਈਕਾਟ ਕਰਨ ’ਤੇ ਤੁਲ ਗਏ ਹਨ। ਇਨ੍ਹਾਂ ਵਿਚ ਐਕਟਰ ਅਕਸ਼ੈ ਕੁਮਾਰ ਤੇ ਕੰਗਣਾ ਰਣੌਤ ਵੀ ਸ਼ਾਮਲ ਹਨ। ਅਕਸ਼ੈ ਨੇ ਕਿਹਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਮਾਲਦੀਵ ਦੇ ਲੋਕ ਉਸ ਦੇਸ਼ ਦੀ ਬੁਰਾਈ ਕਰ ਰਹੇ ਹਨ, ਜਿੱਥੋਂ ਸਭ ਤੋਂ ਵੱਧ ਟੂਰਿਸਟ ਮਾਲਦੀਵ ਜਾਂਦੇ ਹਨ। ਕੰਗਣਾ ਨੇ ਉੱਥੇ ਮੁਸਲਮਾਨਾਂ ਦੀ ਬਹੁਗਿਣਤੀ ਦੀ ਗੱਲ ਕਹੀ ਹੈ। ਸਿਤਾਰਿਆਂ ਦੀ ਅਜਿਹੀ ਪ੍ਰਤੀਕਿਰਿਆ ਦਰਮਿਆਨ ਕਈ ਲੋਕਾਂ ਨੇ ਮਾਲਦੀਵ ਦਾ ਦੌਰਾ ਰੱਦ ਕਰ ਦਿੱਤਾ ਹੈ। ਮਾਲਦੀਵ ਸਰਕਾਰ ਨੇ ਕਿਹਾ ਹੈ ਕਿ ਉਹ ਵਿਦੇਸ਼ੀ ਆਗੂਆਂ ਬਾਰੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਘਟੀਆ ਟਿੱਪਣੀਆਂ ਤੋਂ ਵਾਕਫ ਹੈ। ਇਹ ਨਿੱਜੀ ਵਿਚਾਰ ਹਨ ਅਤੇ ਮਾਲਦੀਵ ਦੀ ਸਰਕਾਰ ਦੀ ਨੁਮਾਇੰਦਗੀ ਨਹੀਂ ਕਰਦੇ। ਮਾਲਦੀਵ ਦੀ ਯੁਵਾ ਸਸ਼ਕਤੀਕਰਨ ਉਪ ਮੰਤਰੀ ਮਰੀਅਮ ਸ਼ਿਉਨਾ ਨੇ ਸੋਸ਼ਲ ਪਲੇਟਫਾਰਮ ‘ਐਕਸ’ ’ਤੇ ਲਿਖਿਆ ਸੀਜੋਕਰ, ਇਜ਼ਰਾਈਲ ਦੀ ਕਠਪੁਤਲੀ ਲਾਈਫ ਜੈਕਟ ਨਾਲ ਗੋਤਾਖੋਰ ਬਣਿਆ। ਉਸ ਨੇ ਭਾਰਤ ਦੀ ਤੁਲਨਾ ਗਊ ਦੇ ਗੋਹੇ ਨਾਲ ਵੀ ਕੀਤੀ। ਹਾਲਾਂਕਿ ਬਾਅਦ ਵਿਚ ਉਸ ਨੇ ਇਹ ਪੋਸਟ ਡਿਲੀਟ ਕਰ ਦਿੱਤੀ। ਇਕ ਹੋਰ ਉਪ ਮੰਤਰੀ ਮਾਲਸ਼ਾ ਸ਼ਰੀਫ ਨੇ ਵੀ ਭਾਰਤ ਬਾਰੇ ਅਜਿਹੀ ਹੀ ਭਾਸ਼ਾ ਵਰਤੀ। ਇਨ੍ਹਾਂ ਪੋਸਟਾਂ ਤੋਂ ਬਾਅਦ ਕਈ ਹੋਰ ਉੱਘੇ ਸਿਆਸਤਦਾਨਾਂ ਤੇ ਆਗੂਆਂ ਨੇ ਪੋਸਟਾਂ ਪਾ ਕੇ ਭਾਰਤੀਆਂ ਤੇ ਮਾਲਦੀਵ ਦਾ ਦੌਰਾ ਕਰਨ ਵਾਲੇ ਭਾਰਤੀ ਸੈਲਾਨੀਆਂ ਬਾਰੇ ਟਿੱਪਣੀਆਂ ਕੀਤੀਆਂ। ਇਸ ਤੋਂ ਬਾਅਦ ਭਾਰਤੀਆਂ ਨੇ ‘ਬਾਈਕਾਟ ਮਾਲਦੀਵ’ ਚਲਾ ਦਿੱਤਾ। ਮੋਦੀ ਨੇ ਲਕਸ਼ਦੀਪ ਦੇ ਦੌਰੇ ਤੋਂ ਬਾਅਦ ਪੋਸਟ ਪਾ ਕੇ ਕਿਹਾ ਸੀ ਕਿ ਜਿਹੜੇ ਕੁਦਰਤੀ ਸੁੰਦਰਤਾ ਨੂੰ ਨਿਹਾਰਨਾ ਚਾਹੁੰਦੇ ਹਨ, ਉਹ ਆਪਣੀ ਲਿਸਟ ਵਿਚ ਲਕਸ਼ਦੀਪ ਨੂੰ ਵੀ ਸ਼ੁਮਾਰ ਕਰਨ। ਇਸ ਤੋਂ ਬਾਅਦ ਮਾਲਦੀਵ ਦੀਆਂ ਨਿਊਜ਼ ਵੈੱਬਸਾਈਟਾਂ ’ਤੇ ਇਹ ਖਬਰਾਂ ਚੱਲਣ ਲੱਗ ਪਈਆਂ ਕਿ ਭਾਰਤ ਨੇ ਮਾਲਦੀਵ ਵਿਚ ਸੈਰ-ਸਪਾਟੇ ਖਿਲਾਫ ਮੁਹਿੰਮ ਚਲਾ ਦਿੱਤੀ ਹੈ।
ਨਵੰਬਰ ਵਿਚ ਸੱਤਾ ਸੰਭਾਲਣ ਵਾਲੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਸਰਕਾਰ ਦੇ ਕਈ ਉੱਚ ਅਧਿਕਾਰੀਆਂ ਨੇ ਵੀ ਅਜਿਹੀਆਂ ਗੱਲਾਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਨੇ ਤਾਂ ਇਹ ਵੀ ਪੋਸਟ ਕਰ ਦਿੱਤੀ ਕਿ ਲਕਸ਼ਦੀਪ ਭਾਰਤ ਦਾ ਨਹੀਂ, ਸਗੋਂ ਮਾਲਦੀਵ ਦਾ ਹੈ। ਪਿਛਲੇ ਸਾਲ ਦੋ ਲੱਖ ਤੋਂ ਵੱਧ ਭਾਰਤੀਆਂ ਨੇ ਮਾਲਦੀਵ ਦੀ ਸੈਰ ਕੀਤੀ ਸੀ। ਮਾਲਦੀਵ ਵਿਚ ਭਾਰਤ ਵਿਰੋਧੀ ਮੁਹਿੰਮ ਨਵੀਂ ਨਹੀਂ ਹੈ। 2020 ਵਿਚ ‘ਇੰਡੀਆ ਆਊਟ’ ਮੁਹਿੰਮ ਚੱਲੀ ਸੀ। 2021 ਦੇ ਅੱਧ ਤੱਕ ਇਸ ਨੇ ਇਬਰਾਹੀਮ ਮੁਹੰਮਦ ਸਾਲਿਹ ਦੀ ਸਰਕਾਰ (2018-2023) ਖਿਲਾਫ ਤਿੱਖਾ ਰੂਪ ਲੈ ਲਿਆ। ਇਸ ਦਾ ਨਤੀਜਾ ਸਾਲਿਹ ਦੀ ਹਾਰ ਵਿਚ ਨਿਕਲਿਆ। ਵਰਤਮਾਨ ਰਾਸ਼ਟਰਪਤੀ ਨੇ ਆਪਣੀ ਚੋਣ ਮੁਹਿੰਮ ਵਿਚ ਕਿਹਾ ਸੀ ਕਿ ਉਹ ਮਾਲੇ ਵਿਚ ਤਾਇਨਾਤ ਭਾਰਤੀ ਫੌਜੀਆਂ ਨੂੰ ਬਾਹਰ ਕਰ ਦੇਣਗੇ। ਉਹ ਚੀਨ ਪੱਖੀ ਸਮਝੇ ਜਾਂਦੇ ਹਨ।


