ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ 14 ਜਨਵਰੀ ਤੋਂ ਸ਼ੁਰੂ ਹੋ ਰਹੀ ਹੈ। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਇੱਕ ਪ੍ਰੈੱਸ ਕਾਨਫ਼ਰੰਸ ਰਾਹੀਂ ਇਸ ਦੀ ਟੈਗ ਲਾਈਨ ‘ਨਿਆਂ ਦਾ ਹੱਕ ਮਿਲਣ ਤੱਕ’ ਵੀ ਜਾਰੀ ਕਰ ਦਿੱਤੀ ਹੈ। ਉਨ੍ਹਾ ਦੱਸਿਆ ਕਿ ਇਸ ਯਾਤਰਾ ਵਿੱਚ ਸ਼ਾਮਲ ਹੋਣ ਲਈ ਇੰਡੀਆ ਗੱਠਜੋੜ ਦੀਆਂ ਸਭ ਧਿਰਾਂ, ਰਾਜਾਂ ਵਿਚਲੀਆਂ ਮਿੱਤਰ ਜਥੇਬੰਦੀਆਂ ਤੇ ਨਾਗਰਿਕ ਸਭਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਯਾਤਰਾ ਦੌਰਾਨ ਨਾਗਰਿਕ ਸਭਾਵਾਂ, ਪੱਤਰਕਾਰਾਂ, ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਦਲਿਤਾਂ, ਪਛੜੇ ਵਰਗਾਂ ਤੇ ਬੁੱਧੀਜੀਵੀਆਂ ਨੂੰ ਨਾਲ ਜੋੜਿਆ ਜਾਵੇਗਾ। ਯਾਤਰਾ ਸੰਬੰਧੀ ਰਾਹੁਲ ਗਾਂਧੀ ਨੇ ਲਿਖਿਆ ਹੈ, ‘‘ਅਸੀਂ ਫਿਰ ਆ ਰਹੇ ਹਾਂ ਆਪਣਿਆਂ ਵਿੱਚ, ਅਨਿਆਂ ਤੇ ਹੰਕਾਰ ਵਿਰੁੱਧ ਨਿਆਂ ਦੀ ਲਲਕਾਰ ਲੈ ਕੇ। ਸੱਚ ਦੇ ਇਸ ਰਾਹ ਉੱਤੇ ਮੇਰੀ ਸਹੁੰ ਹੈ, ਯਾਤਰਾ ਜਾਰੀ ਰਹੇਗੀ, ਨਿਆਂ ਦਾ ਹੱਕ ਮਿਲਣ ਤੱਕ।’’
ਰਾਹੁਲ ਦੀ ਇਹ ਯਾਤਰਾ ‘ਭਾਰਤ ਜੋੜੋ’ ਦੇ ਨਾਅਰੇ ਵਾਲੀ ਨਾਲੋਂ ਇਸ ਗੱਲੋਂ ਵੱਖਰੀ ਹੈ ਕਿ ਉਹ ਯਾਤਰਾ ਭਾਜਪਾ ਦੀ ਨਫ਼ਰਤੀ ਸਿਆਸਤ ਵਿਰੁੱਧ ਸੀ ਤੇ ਇਸ ਯਾਤਰਾ ਦਾ ਮਕਸਦ ਸਭ ਨੂੰ ਨਿਆਂ ਦਾ ਹੱਕ ਦਿਵਾਉਣਾ ਹੈ। ਕੁਝ ਦਿਨ ਪਹਿਲਾਂ ਜਦੋਂ ਕਾਂਗਰਸ ਨੇ 10 ਵਜੇ ਇਸ ਯਾਤਰਾ ਦਾ ਐਲਾਨ ਕੀਤਾ ਸੀ ਤਾਂ ਉਸੇ ਦਿਨ ਸਵੇਰੇ ਵੱਡੇ ਤੜਕੇ ਰਾਹੁਲ ਗਾਂਧੀ ਹਰਿਆਣਾ ਦੇ ਝੱਜਰ ਦੇ ਇੱਕ ਪਿੰਡ ਵਿੱਚ ਭਲਵਾਨਾਂ ਦੇ ਇੱਕ ਅਖਾੜੇ ਵਿੱਚ ਉਨ੍ਹਾਂ ਦੇ ਦਰਦ ਨਾਲ ਖੁਦ ਨੂੰ ਜੋੜ ਰਹੇ ਸਨ। ਉਹ ਵਿਨੇਸ਼ ਫੋਗਾਟ ਨੂੰ ਵੀ ਮਿਲੇ, ਸਾਕਸ਼ੀ ਮਲਿਕ ਨੂੰ ਵੀ ਤੇ ਬਜਰੰਗ ਪੂਨੀਆ ਨੂੰ ਵੀ। ਇਹ ਉਹੋ ਭਲਵਾਨ ਸਨ, ਜਿਨ੍ਹਾਂ ਮਹਿਲਾ ਭਲਵਾਨਾਂ ਨਾਲ ਹੋਏ ਜਿਨਸੀ ਦੁਰਵਿਹਾਰ ਦੇ ਦੋਸ਼ੀ ਭਾਜਪਾ ਸਾਂਸਦ ਬਿ੍ਰਜ ਭੂਸ਼ਣ ਸ਼ਰਣ ਸਿੰਘ ਵਿਰੁੱਧ ਪੰਜ ਮਹੀਨੇ ਸੜਕਾਂ ਉੱਤੇ ਲੜਾਈ ਲੜੀ ਸੀ। ਆਖਰ ਹਾਰ ਜਾਣ ਉੱਤੇ ਉਨ੍ਹਾਂ ਆਪਣੇ ਪਦਮਸ੍ਰੀ ਤੇ ਅਰਜੁਨ ਐਵਾਰਡ ਪ੍ਰਧਾਨ ਮੰਤਰੀ ਦੀ ਰਿਹਾਇਸ਼ ਮੂਹਰਲੇ ਕਰਤੱਵ ਫੁਟਪਾਥ ਉੱਤੇ ਰੱਖ ਕੇ ਆਪਣਾ ਕਰਤੱਵ ਨਿਭਾਇਆ ਸੀ।
ਇਹ ਪੀੜਤ ਉਹੀ ਹਨ, ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਕਹਿੰਦੇ ਹਨ, ਦੇਸ਼ ਵਿੱਚ ਸਿਰਫ਼ ਦੋ ਜਾਤੀਆਂ ਹਨਗਰੀਬ ਤੇ ਕਿਸਾਨ। ਇਹ ਭਲਵਾਨ ਕਿਸਾਨਾਂ ਦੀ ਪ੍ਰਤੀਨਿਧਤਾ ਕਰਦੇ ਹਨ ਤੇ ਗਰੀਬਾਂ ਦੀ ਵੀ। ਯਾਤਰਾ ਦੇ ਐਲਾਨ ਤੋਂ ਇੱਕ ਦਿਨ ਪਹਿਲਾਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਚੰਪਾਰਨ ਤੋਂ 1100 ਕਿਲੋਮੀਟਰ ਪੈਦਲ ਯਾਤਰਾ ਕਰਕੇ ਨੌਜਵਾਨਾਂ ਦਾ ਇੱਕ ਜਥਾ ਦਿੱਲੀ ਪੁੱਜਿਆ ਸੀ। ਨਾ ਉਨ੍ਹਾਂ ਦੀ ਸਰਕਾਰ ਨੇ ਸਾਰ ਲਈ ਤੇ ਨਾ ਗੋਦੀ ਮੀਡੀਆ ਨੇ ਉਨ੍ਹਾਂ ਦੀ ਖ਼ਬਰ ਦਿੱਤੀ। ਇਹ ਰਾਹੁਲ ਗਾਂਧੀ ਹੀ ਸੀ, ਜਿਸ ਨੇ ਮਿਲ ਕੇ ਉਨ੍ਹਾਂ ਦੇ ਸੰਘਰਸ਼ ਵਿੱਚ ਨਿਆਂ ਦਾ ਹੱਕ ਦਿਵਾਉਣ ਦਾ ਵਾਅਦਾ ਕੀਤਾ ਸੀ।
ਅੱਜ ਜਦੋਂ ਗੋਦੀ ਮੀਡੀਆ ਫਾਸ਼ੀ ਹਾਕਮਾਂ ਦੀ ਕਠਪੁਤਲੀ ਬਣ ਚੁੱਕਾ ਹੈ, ਜਮਹੂਰੀ ਸ਼ਕਤੀਆਂ ਕੋਲ ਇੱਕੋ ਰਾਹ ਹੈ ਲੜਾਈ ਨੂੰ ਜਨਤਾ ਵਿੱਚ ਲੈ ਕੇ ਜਾਣਾ। ਰਾਹੁਲ ਦੀ ਇਹ ਯਾਤਰਾ 15 ਰਾਜਾਂ ਵਿੱਚੋਂ 6 ਹਜ਼ਾਰ ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਮਹਾਰਾਸ਼ਟਰ ਪੁੱਜੇਗੀ। ਇਸ ਦੌਰਾਨ ਯਾਤਰਾ ਲੋਕ ਸਭਾ ਦੀਆਂ 357 ਸੀਟਾਂ ਨੂੰ ਕਵਰ ਕਰੇਗੀ। ਇਕੱਲੇ ਯੂ ਪੀ ਵਿੱਚ ਹੀ ਯਾਤਰਾ 20 ਜ਼ਿਲ੍ਹਿਆਂ ਵਿੱਚ 1074 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ। ਯਾਤਰਾ ਮਨੀਪੁਰ ਤੋਂ ਸ਼ੁਰੂ ਹੋਵੇਗੀ। ਉਹੀ ਸੜ ਰਿਹਾ ਮਨੀਪੁਰ, ਜਿੱਥੇ ਜਾਣ ਦੀ ਪ੍ਰਧਾਨ ਮੰਤਰੀ ਨੂੰ ਫੁਰਸਤ ਨਹੀਂ ਮਿਲੀ, ਪਰ ਰਾਹੁਲ ਗਾਂਧੀ ਨੇ ਮਨੀਪੁਰੀਆਂ ਨੂੰ ਗਲੇ ਲਾ ਕੇ ਭਰੋਸਾ ਦਿੱਤਾ ਸੀ ਕਿ ਭਾਰਤ ਉਨ੍ਹਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹੈ।
ਪਿਛਲੇ ਸਾਲ ਰਾਹੁਲ ਗਾਂਧੀ ਨੇ 7 ਸਤੰਬਰ ਤੋਂ ਕੰਨਿਆ ਕੁਮਾਰੀ ਤੋਂ ਆਪਣੀ ‘ਭਾਰਤ ਜੋੜੋ’ ਯਾਤਰਾ ਸ਼ੁਰੂ ਕੀਤੀ ਸੀ। ਉਸ ਸਮੇਂ ਉਸ ਨੇ ਆਰਥਿਕ ਨਾਬਰਾਬਰੀ, ਸਮਾਜਿਕ ਧਰੁਵੀਕਰਨ ਤੇ ਰਾਜਨੀਤਕ ਤਾਨਾਸ਼ਾਹੀ ਦੇ ਮੁੱਦੇ ਚੁੱਕੇ ਸਨ। ‘ਨਫ਼ਰਤ ਦੇ ਬਜ਼ਾਰ ਵਿੱਚ ਮੁਹੱਬਤ ਦੀ ਦੁਕਾਨ’ ਖੋਲ੍ਹਣ ਦੀ ਉਸ ਵੱਲੋਂ ਚੁੱਕੀ ਗਈ ਗੱਲ ਨੇ ਲੱਖਾਂ ਲੋਕਾਂ ਨੂੰ ਧਰਵਾਸ ਦਿੱਤਾ ਸੀ। ਤਾਜ਼ਾ ਯਾਤਰਾ ਆਰਥਿਕ ਨਿਆਂ, ਸਮਾਜਿਕ ਨਿਆਂ ਤੇ ਰਾਜਨੀਤਕ ਨਿਆਂ ਦੇ ਮੁੱਦੇ ਚੁੱਕੇਗੀ। ਡਾ. ਅੰਬੇਡਕਰ ਨੇ ਸੰਵਿਧਾਨ ਸਭਾ ਵਿੱਚ ਆਪਣੇ ਆਖ਼ਰੀ ਭਾਸ਼ਣ ਵਿੱਚ ਕਿਹਾ ਸੀ ਕਿ ਸਾਡੇ ਦੇਸ਼ ਵਿੱਚ ਅਜ਼ਾਦੀ ਤੇ ਲੋਕਤੰਤਰ ਹਾਲੇ ਅਧੂਰਾ ਹੈ। ‘ਜਿੰਨੀ ਅਬਾਦੀ ਓਨਾ ਹੱਕ’ ਦਾ ਨਾਅਰਾ ਅੰਬੇਡਕਰ ਦੇ ਇਸੇ ਵਿਚਾਰ ਦੀ ਪੁਸ਼ਟੀ ਕਰਦਾ ਹੈ। ਇਹ ਨਾਅਰਾ ਜਾਤੀ ਜਨਗਣਨਾ ਦੇ ਮੁੱਦੇ ਨੂੰ ਰਾਹੁਲ ਦੀ ਯਾਤਰਾ ਦਾ ਮੁੱਖ ਬਿੰਦੂ ਬਣਾ ਦੇਵੇਗਾ। ਇਹ ਯਾਤਰਾ ਉਸ ਸਮੇਂ ਸ਼ੁਰੂ ਹੋ ਰਹੀ ਹੈ, ਜਦੋਂ ਲੋਕ ਸਭਾ ਚੋਣਾਂ ਸਿਰ ਉੱਤੇ ਹਨ। ‘ਇੰਡੀਆ’ ਗੱਠਜੋੜ ਲਈ ਜ਼ਰੂਰੀ ਹੈ ਕਿ ਉਹ ਜਿੰਨਾ ਛੇਤੀ ਹੋ ਸਕੇ, ਸੀਟਾਂ ਦੀ ਵੰਡ ਦਾ ਮਸਲਾ ਨਿਬੇੜ ਲਵੇ ਤਾਂ ਕਿ ਇਸ ਯਾਤਰਾ ਨੂੰ ਚੋਣ ਮੁਹਿੰਮ ਦਾ ਵੀ ਹਿੱਸਾ ਬਣਾਇਆ ਜਾ ਸਕੇ।
-ਚੰਦ ਫਤਿਹਪੁਰੀ



