ਹਰਦੋਈ (ਯੂ ਪੀ) : ਹਰਦੋਈ ਜ਼ਿਲ੍ਹੇ ਦੇ ਹਰਪਾਲਪੁਰ ਇਲਾਕੇ ’ਚ ਬਲਾਤਕਾਰ ਤੋਂ ਬਚਣ ਲਈ ਵਿਦਿਆਰਥਣ ਨੇ ਛੱਤ ਤੋਂ ਛਾਲ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। 15 ਸਾਲਾ ਵਿਦਿਆਰਥਣ ਹਰਪਾਲਪੁਰ ਕਸਬਾ ’ਚ ਕੋਚਿੰਗ ਲਈ ਜਾ ਰਹੀ ਸੀ ਤਾਂ ਵਿਸ਼ਾਲ ਨਾਂਅ ਦਾ ਨੌਜਵਾਨ ਉਸ ਨੂੰ ਵਰਗਲਾ ਕੇ ਬਿਲਹੌਰ-ਕਟੜਾ ਰੋਡ ’ਤੇ ਸਥਿਤ ਆਪਣੇ ਘਰ ਲੈ ਗਿਆ। ਵਿਦਿਆਰਥਣ ਦੇ ਭਰਾ ਨੇ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਵਿਸ਼ਾਲ ਨੇ ਉਸ ਦੀ ਭੈਣ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਚਣ ਲਈ ਉਸ ਨੇ ਛੱਤ ਤੋਂ ਛਾਲ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਵਿਦਿਆਰਥਣ ਨੇ ਬਲਾਤਕਾਰ ਤੋਂ ਬਚਣ ਲਈ ਛੱਤ ਤੋਂ ਛਾਲ ਮਾਰ ਦਿੱਤੀ ਸੀ, ਜਦਕਿ ਬਿਆਨ ’ਚ ਵਿਦਿਆਰਥਣ ਨੇ ਕਿਹਾ ਹੈ ਕਿ ਉਸ ਨੂੰ ਅਗਵਾ ਕਰਕੇ ਛੱਤ ਤੋਂ ਸੁੱਟ ਦਿੱਤਾ ਗਿਆ ਸੀ। ਪੁਲਸ ਨੇ ਮੁਲਜ਼ਮ ਖਿਲਾਫ ਅਗਵਾ ਅਤੇ ਜਬਰ-ਜ਼ਨਾਹ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

