ਗੁਆਂਢੀ ਨਾਲ ਵਿਗਾੜ ਮਾੜਾ

0
215

ਮਾਲਦੀਵ ਦੇ ਖਿਲਾਫ ਭਾਰਤ ਵਿਚ ਜ਼ਬਰਦਸਤ ਮਾਹੌਲ ਬਣਿਆ ਹੋਇਆ ਹੈ। ਬਾਈਕਾਟ ਤੱਕ ਦਾ ਰੌਲਾ ਪਾਇਆ ਜਾ ਰਿਹਾ ਹੈ। ਈਜ਼ ਮਾਈ ਟਿ੍ਰਪ ਨਾਂਅ ਦੀ ਟੂਰਿਜ਼ਮ ਕੰਪਨੀ ਨੇ ਮਾਲਦੀਵ ਲਈ ਸਾਰੀਆਂ ਫਲਾਈਟਾਂ ਵਿਚ ਆਪਣੀ ਬੁਕਿੰਗ ਰੱਦ ਕਰ ਦਿੱਤੀ ਹੈ। ਉਸ ਨੇ ‘ਚਲੋ ਲਕਸ਼ਦੀਪ’ ਦਾ ਨਾਅਰਾ ਦਿੱਤਾ ਹੈ। ਬਾਲੀਵੁੱਡ ਐਕਟਰ ਅਕਸ਼ੈ ਕੁਮਾਰ, ਸਲਮਾਨ ਖਾਨ, ਜੌਹਨ ਅਬਰਹਾਮ, ਸ਼ਰਧਾ ਕਪੂਰ, ਕੰਗਣਾ ਰਣੌਤ, ਸਾਬਕਾ �ਿਕਟਰ ਸਚਿਨ ਤੇਂਦੁਲਕਰ, ਆਕਾਸ਼ ਚੋਪੜਾ ਆਦਿ ਦੀ ਅਗਵਾਈ ਵਿਚ ਐਤਵਾਰ ਲਕਸ਼ਦੀਪ ਵਿਚ ਸੈਰ-ਸਪਾਟੇ ਦੇ ਹੱਕ ਵਿਚ ਮੁਹਿੰਮ ਚਲਾਈ ਗਈ, ਜਿਸ ਦਾ ਸਿੱਧ ਜਿਹਾ ਅਰਥ ਸੀ ਕਿ ਮਾਲਦੀਵ ਜਾਣ ਦੀ ਕੋਈ ਲੋੜ ਨਹੀਂ। ਸੱਜ-ਪਿਛਾਖੜੀਆਂ ਨੇ ਤਾਂ ਮਾਲਦੀਵ ਦੇ ਬਾਈਕਾਟ ਦਾ ਹੀ ਐਲਾਨ ਕਰ ਦਿੱਤਾ। ਇਹ ਉਹੀ ਮਾਲਦੀਵ ਹੈ, ਜਿਹੜਾ ਫਿਲਮਸਾਜ਼ਾਂ ਲਈ ਪਸੰਦੀਦਾ ਦੇਸ਼ ਰਿਹਾ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਲ ਹੀ ਵਿਚ ਲਕਸ਼ਦੀਪ ਗਏ ਸਨ। ਉਥੇ ਉਨ੍ਹਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲਕਸ਼ਦੀਪ ਦੀ ਸੈਰ ਵੀ ਜ਼ਰੂਰ ਕਰਨ। ਉਨ੍ਹਾ ਮਾਲਦੀਵ ਦਾ ਜ਼ਿਕਰ ਨਹੀਂ ਕੀਤਾ, ਪਰ ਮਾਲਦੀਵ ਦੇ ਤਿੰਨ ਮੰਤਰੀਆਂ ਮਰੀਅਮ ਸ਼ਿਊਨਾ, ਮਾਲਸ਼ਾ ਸ਼ਰੀਫ ਤੇ ਮਹਜ਼ੂਮ ਮਾਜਿਦ ਨੇ ਇਸ ਦਾ ਇਹ ਅਰਥ ਕੱਢ ਲਿਆ ਕਿ ਪ੍ਰਧਾਨ ਮੰਤਰੀ ਨੇ ਮਾਲਦੀਵ ਦੀ ਸੁੰਦਰਤਾ ਨੂੰ ਛੁਟਿਆਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਖਿਲਾਫ ਅਪਮਾਨਜਨਕ ਟਿੱਪਣੀਆਂ ਕਰ ਦਿੱਤੀਆਂ। ਉਨ੍ਹਾਂ ਦੇ ਪਿੱਛੇ ਲੱਗ ਕੇ ਹੋਰਨਾਂ ਹਸਤੀਆਂ ਤੇ ਨਿਊਜ਼ ਚੈਨਲਾਂ ਨੇ ਵੀ ਮੋਦੀ ਤੇ ਭਾਰਤ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ। ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੁਈਜ਼ੂ ਨੇ ਆਪਣੇ ਮੰਤਰੀਆਂ ਦੇ ਵਿਹਾਰ ਦਾ ਗੰਭੀਰ ਨੋਟਿਸ ਲਿਆ ਤੇ ਤਿੰਨਾਂ ਨੂੰ ਹੀ ਮੁਅੱਤਲ ਕਰ ਦਿੱਤਾ। ਭਾਰਤ ਸਰਕਾਰ ਨੇ ਮਾਲਦੀਵ ਕੋਲ ਆਪਣੇ ਪ੍ਰਧਾਨ ਮੰਤਰੀ ਵਿਰੁੱਧ ਕੀਤੀਆਂ ਗਈਆਂ ਟਿੱਪਣੀਆਂ ’ਤੇ ਰੋਸ ਪ੍ਰਗਟਾਇਆ ਹੈ, ਪਰ ਉਸ ਦੇ ਬਾਈਕਾਟ ਵਾਲੀ ਗੱਲ ਨਹੀਂ ਕਹੀ। ਮਾਲਦੀਵ ਦੇ ਨਵੇਂ ਰਾਸ਼ਟਰਪਤੀ ਨੇ ਆਪਣੀ ਚੋਣ ਵਿਚ ਆਪਣੇ ਦੇਸ਼ ਵਿਚ ਭਾਰਤੀ ਫੌਜੀਆਂ ਦੀ ਮੌਜੂਦਗੀ ਨੂੰ ਵੀ ਵੱਡਾ ਮੁੱਦਾ ਬਣਾਇਆ ਸੀ ਤੇ ਚੁਣੇ ਜਾਣ ’ਤੇ ਉਨ੍ਹਾਂ ਨੂੰ ਕੱਢ ਦੇਣ ਦੀ ਗੱਲ ਕਹੀ ਸੀ। ਮੁਈਜ਼ੂ ਦਾ ਝੁਕਾਅ ਚੀਨ ਪੱਖੀ ਹੈ। ਇਸ ਵੇਲੇ ਉਹ ਚੀਨ ਦੇ ਦੌਰੇ ’ਤੇ ਵੀ ਹਨ। ਉੱਥੋਂ ਦੇ ਜੂਨੀਅਰ ਮੰਤਰੀਆਂ ਦੀ ਬਿਆਨਬਾਜ਼ੀ ਨੂੰ ਦਿਲ ’ਤੇ ਲਾਉਣਾ ਠੀਕ ਨਹੀਂ ਹੋਵੇਗਾ। ਮਾਲਦੀਵ ਦੇ ਭਾਰਤ ਨਾਲ ਰਿਸ਼ਤੇ ਚੰਗੇ ਰਹੇ ਹਨ। ਪਿਛਲੇ ਰਾਸ਼ਟਰਪਤੀ ਦਾ ਭਾਰਤ ਪ੍ਰਤੀ ਝੁਕਾਅ ਰਿਹਾ ਹੈ। ਮੁਈਜ਼ੂ ਸਰਕਾਰ ਵਿਰੁੱਧ ਬਾਈਕਾਟ ਦੀ ਬਿਆਨਬਾਜ਼ੀ ਭਾਰਤ ਨੂੰ ਪੁੱਠੀ ਪੈ ਸਕਦੀ ਹੈ। ਇਸ ਤਰ੍ਹਾਂ ਉੱਥੋਂ ਦੇ ਲੋਕਾਂ ਵਿਚ ਭਾਰਤ ਪ੍ਰਤੀ ਨਾਰਾਜ਼ਗੀ ਵਧ ਸਕਦੀ ਹੈ। ਸਾਡੇ ਆਪਣੇ ਬਹੁਤੇ ਗੁਆਂਢੀਆਂ ਨਾਲ ਰਿਸ਼ਤੇ ਪਹਿਲਾਂ ਹੀ ਚੰਗੇ ਨਹੀਂ। ਇਸ ਦੇ ਨਾਲ ਹੀ ਭਾਰਤ ਦੇ ਸੈਰ-ਸਪਾਟੇ ਦੇ ਸ਼ੌਕੀਨ ਲੋਕਾਂ ਨੂੰ ਵੀ ਅਖੌਤੀ ਸਿਤਾਰਿਆਂ ਤੋਂ ਖਬਰਦਾਰ ਰਹਿਣਾ ਪੈਣਾ ਹੈ। ਮਾਲਦੀਵ ਦਾ ਵਿਰੋਧ ਕਰਨ ਵਾਲੇ ਅਕਸ਼ੈ ਕੁਮਾਰ ਨੇ ਨਵਾਂ ਸਾਲ ਮਾਲਦੀਵ ਵਿਚ ਹੀ ਬਿਤਾਇਆ ਸੀ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੇ ਹਨੀਮੂਨ ਮਾਲਦੀਵ ਵਿਚ ਹੀ ਮਨਾਇਆ ਸੀ। ਹੁਣ ਪ੍ਰਧਾਨ ਮੰਤਰੀ ਮੋਦੀ ਦੇ ਮਗਰ ਲੱਗ ਕੇ ਲਕਸ਼ਦੀਪ ਦੀਆਂ ਗੱਲਾਂ ਕਰਨ ਵਾਲੇ ਇਹ ਸਿਤਾਰੇ ਉਦੋਂ ਕਿੱਥੇ ਸਨ, ਜਦੋਂ ਲਕਸ਼ਦੀਪ ਦੇ ਮੂਲ ਵਾਸੀਆਂ ’ਤੇ ਅੱਤਿਆਚਾਰ ਹੋ ਰਿਹਾ ਸੀ ਤੇ ਉਹ ਅੰਦੋਲਨ ਕਰ ਰਹੇ ਸਨ। ਲੋਕਾਂ ਨੂੰ ਲਕਸ਼ਦੀਪ ਦੇ ਨਾਲ-ਨਾਲ ਮਾਲਦੀਵ ਦੀ ਸੁੰਦਰਤਾ ਨੂੰ ਵੀ ਦੇਖਣਾ ਚਾਹੀਦਾ ਹੈ। ਦੋਹਾਂ ਮੁਲਕਾਂ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਤਲਖੀ ਠੀਕ ਨਹੀਂ ਹੋਵੇਗੀ।

LEAVE A REPLY

Please enter your comment!
Please enter your name here