27.9 C
Jalandhar
Sunday, September 8, 2024
spot_img

ਨੀਟ-ਪੀ ਜੀ ਪ੍ਰੀਖਿਆ ਦੀ ਤਰੀਕ ਬਦਲੀ

ਨਵੀਂ ਦਿੱਲੀ : ਕੌਮੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ-ਪੋਸਟ ਗ੍ਰੈਜੂਏਟ (ਐੱਨ ਈ ਈ ਟੀ-ਪੀ ਜੀ) ਦੀ ਤਰੀਕ ਮੁੜ ਤੈਅ ਕੀਤੀ ਗਈ ਹੈ ਅਤੇ ਹੁਣ ਇਹ ਇਸ ਸਾਲ 7 ਜੁਲਾਈ ਨੂੰ ਹੋਵੇਗੀ। ਨੈਸ਼ਨਲ ਬੋਰਡ ਫਾਰ ਮੈਡੀਕਲ ਸਾਇੰਸਿਜ਼ ਐਗਜ਼ਾਮੀਨੇਸ਼ਨ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਇਸ ਸਾਲ ਪ੍ਰੀਖਿਆ ਲਈ ਯੋਗਤਾ ਲਈ ‘ਕਟ-ਆਫ’ 15 ਅਗਸਤ ਹੈ। ਪਹਿਲਾਂ ਇਹ ਪ੍ਰੀਖਿਆ 3 ਮਾਰਚ ਨੂੰ ਹੋਣੀ ਸੀ।
ਕੋਰੋਨਾ ਨਾਲ ਛੇ ਮੌਤਾਂ
ਨਵੀਂ ਦਿੱਲੀ : ਭਾਰਤ ਵਿਚ 24 ਘੰਟਿਆਂ ਦੌਰਾਨ ਕੋਰੋਨਾ ਦੇ 475 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 3,919 ਹੋ ਗਈ ਹੈ। ਮੰਗਲਵਾਰ ਸਵੇਰੇ 8 ਵਜੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਦੌਰਾਨ 6 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਕਰਨਾਟਕ ਦੇ ਤਿੰਨ, ਛੱਤੀਸਗੜ੍ਹ ਦੇ ਦੋ ਅਤੇ ਅਸਾਮ ਦਾ ਇੱਕ ਮਰੀਜ਼ ਸ਼ਾਮਲ ਹਨ।
ਪਾਕਿਸਤਾਨ ਦੀ ਸਫਾਈ
ਕਰਾਚੀ : ਪਾਕਿਸਤਾਨ ਦੀ ਜਲ ਸੈਨਾ ਨੇ ਕਿਹਾ ਹੈ ਕਿ ਅਰਬ ਸਾਗਰ ਵਿਚ ਜੰਗੀ ਬੇੜੇ ਨੂੰ ਤਾਇਨਾਤ ਕਰਨ ਦਾ ਪਾਕਿਸਤਾਨ ਦਾ ਫੈਸਲਾ ਕੌਮਾਂਤਰੀ ਪਾਣੀਆਂ ਵਿਚ ਆਪਣੀ ਸਮੁੰਦਰੀ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਹੈ ਅਤੇ ਯਮਨ ਦੇ ਹੂਤੀ ਬਾਗੀਆਂ ਵਿਰੁੱਧ ਕਿਸੇ ਵਿਸ਼ੇਸ਼ ਦੇਸ਼ ਦੀ ਮਦਦ ਨਹੀਂ ਕਰਨਾ ਹੈ। ਪਾਕਿਸਤਾਨੀ ਜਲ ਸੈਨਾ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਜਹਾਜ਼ਾਂ ਦੀ ਤਾਇਨਾਤੀ ਦਾ ਮਕਸਦ ਯਮਨ ਦੇ ਹੂਤੀ ਬਾਗੀਆਂ ਵਿਰੁੱਧ ਕਿਸੇ ਵੀ ਦੇਸ਼ ਦੀ ਮਦਦ ਕਰਨਾ ਨਹੀਂ ਹੈ। ਯਮਨ ਦੇ ਹੂਤੀ ਬਾਗੀਆਂ ਨੇ ਗਾਜ਼ਾ ’ਚ ਫਲਸਤੀਨੀਆਂ ਨਾਲ ਏਕਤਾ ਦੇ ਪ੍ਰਦਰਸ਼ਨ ’ਚ ਅਦਨ ਦੀ ਖਾੜੀ ਅਤੇ ਅਰਬ ਸਾਗਰ ’ਚ ਵਪਾਰਕ ਜਹਾਜ਼ਾਂ ਨੂੰ ਅਗਵਾ ਕਰਨ ਅਤੇ ਅਜਿਹੀਆਂ ਕੋਸ਼ਿਸ਼ਾਂ ਕਰਨ ਦੀ ਜ਼ਿੰਮੇਵਾਰੀ ਲਈ ਹੈ। ਬੁਲਾਰੇ ਨੇ ਕਿਹਾ ਕਿ ਪਾਕਿਸਤਾਨੀ ਜਲ ਸੈਨਾ ਦਾ ਰੁਖ ਗਾਜ਼ਾ ’ਚ ਫਲਸਤੀਨੀਆਂ ਦੀ ਹਮਾਇਤ ’ਚ ਸਰਕਾਰ ਵਾਂਗ ਹੀ ਹੈ।
ਬੰਗਲਾਦੇਸ਼ ਦੀਆਂ ਚੋਣਾਂ ਨਿਰਪੱਖ ਨਹੀਂ ਹੋਈਆਂ : ਅਮਰੀਕਾ
ਵਾਸ਼ਿੰਗਟਨ : ਅਮਰੀਕਾ ਅਤੇ ਸੰਯੁਕਤ ਰਾਸ਼ਟਰ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਦੇ ਚੋਣਾਂ ਜਿੱਤਣ ਤੋਂ ਬਾਅਦ ਚੋਣਾਂ ਵਾਲੇ ਦਿਨ ਹਿੰਸਾ ਅਤੇ ਬੇਨਿਯਮੀਆਂ ਦੀਆਂ ਰਿਪੋਰਟਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਕਿਹਾ ਕਿ ਚੋਣਾਂ ਆਜ਼ਾਦ ਜਾਂ ਨਿਰਪੱਖ ਨਹੀਂ ਸਨ ਅਤੇ ਵੋਟਿੰਗ ਵਿਚ ਸਾਰੀਆਂ ਪਾਰਟੀਆਂ ਦੇ ਸ਼ਾਮਲ ਨਾ ਹੋਣ ’ਤੇ ਅਫਸੋਸ ਵੀ ਪ੍ਰਗਟਾਇਆ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਵੋਲਕਰ ਟਰਕ ਨੇ ਬੰਗਲਾਦੇਸ਼ ਦੀ ਨਵੀਂ ਚੁਣੀ ਸਰਕਾਰ ਨੂੰ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਦੇਸ਼ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾ ਇਸ ਗੱਲ ’ਤੇ ਦੁੱਖ ਪ੍ਰਗਟ ਕੀਤਾ ਕਿ ਐਤਵਾਰ ਨੂੰ ਵੋਟਿੰਗ ਪ੍ਰਕਿਰਿਆ ਦੌਰਾਨ ਵਿਰੋਧੀ ਉਮੀਦਵਾਰਾਂ ਅਤੇ ਸਮਰਥਕਾਂ ਵੱਲੋਂ ਕੀਤੀ ਹਿੰਸਾ ਕਾਰਨ ਮਾਹੌਲ ਖਰਾਬ ਹੋ ਗਿਆ।
ਉਸਤਾਦ ਰਾਸ਼ਿਦ ਖਾਨ ਦਾ ਦੇਹਾਂਤ
ਕੋਲਕਾਤਾ : ਗਦੂਦਾਂ ਦੇ ਕੈਂਸਰ ਤੋਂ ਪੀੜਤ ਸ਼ਾਸਤਰੀ ਗਾਇਕ ਉਸਤਾਦ ਰਾਸ਼ਿਦ ਖਾਨ ਦਾ ਮੰਗਲਵਾਰ ਬਾਅਦ ਦੁਪਹਿਰ ਸ਼ਹਿਰ ਦੇ ਹਸਪਤਾਲ ’ਚ ਦੇਹਾਂਤ ਹੋ ਗਿਆ। 55 ਸਾਲਾ ਖਾਨ ਵੈਂਟੀਲੇਟਰ ’ਤੇ ਸਨ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਰਾਸ਼ਿਦ ਖਾਨ ਦੇ ਚਲੇ ਜਾਣ ਨਾਲ ਦੇਸ਼ ਤੇ ਸਮੁੱਚੇ ਸੰਗੀਤ ਭਾਈਚਾਰੇ ਨੂੰ ਵੱਡਾ ਘਾਟਾ ਪਿਆ ਹੈ। ਯੂ ਪੀ ਵਿਚ ਪੈਦਾ ਹੋਏ ਰਾਸ਼ਿਦ ਖਾਨ ਉਸਤਾਦ ਗੁਲਾਮ ਮੁਸਤਫਾ ਖਾਨ ਦੇ ਭਤੀਜੇ ਸਨ ਤੇ ਉਨ੍ਹਾ ਮੁਢਲੀ ਟਰੇਨਿੰਗ ਉਸਤਾਦ ਨਿਸਾਰ ਹੁਸੈਨ ਖਾਨ ਤੋਂ ਲਈ ਸੀ।
ਰਾਬੜੀ ਤੇ ਦੋ ਧੀਆਂ ਖਿਲਾਫ ਚਾਰਜਸ਼ੀਟ ਦਾਇਰ
ਨਵੀਂ ਦਿੱਲੀ : ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੌਕਰੀ ਬਦਲੇ ਜ਼ਮੀਨ ਲੈਣ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਉਸ ਦੀ ਸੰਸਦ ਮੈਂਬਰ ਧੀ ਮੀਸਾ ਭਾਰਤੀ, ਹੇਮਾ ਯਾਦਵ, ਹਿਰਦਿਆਨੰਦ ਚੌਧਰੀ ਤੇ ਅਮਿਤ ਕਟਿਆਲ ਵਿਰੁੱਧ 4751 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਦੋ ਫਰਮਾਂ ਏ ਬੀ ਐਕਸਪੋਰਟ ਅਤੇ ਏ ਕੇ ਇੰਫੋਸਿਸਟਮ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਸੀ ਬੀ ਆਈ ਦੇ ਵਿਸ਼ੇਸ਼ ਜੱਜ ਵਿਸਾਲ ਗੋਗਨੇ ਨੇ ਮੰਗਲਵਾਰ ਈ ਡੀ ਨੂੰ ਚਾਰਜਸ਼ੀਟ ਅਤੇ ਦਸਤਾਵੇਜ਼ਾਂ ਦੀ ਈ-ਕਾਪੀ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 16 ਜਨਵਰੀ ਨੂੰ ਹੋਵੇਗੀ। ਈ ਡੀ ਦੇ ਵਿਸ਼ੇਸ਼ ਸਰਕਾਰੀ ਵਕੀਲ ਮਨੀਸ਼ ਜੈਨ ਅਤੇ ਐਡਵੋਕੇਟ ਈਸ਼ਾਨ ਬੈਸਲਾ ਨੇ ਅਦਾਲਤ ਨੂੰ ਦੱਸਿਆ ਕਿ ਯਾਦਵ ਪਰਵਾਰ ਦੇ ਮੈਂਬਰ ਅਪਰਾਧ ਦੀ ਕਮਾਈ ਦੇ ਲਾਭਪਾਤਰੀ ਹਨ। ਕਟਿਆਲ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਹਿਰਾਸਤ ਵਿਚ ਹੈ। ਬਾਕੀ ਮੁਲਜ਼ਮਾਂ ’ਤੇ ਬਿਨਾਂ ਗਿ੍ਰਫਤਾਰੀ ਦੇ ਦੋਸ਼ ਲਾਏ ਗਏ ਹਨ।

Related Articles

LEAVE A REPLY

Please enter your comment!
Please enter your name here

Latest Articles