ਨਵੀਂ ਦਿੱਲੀ : ਮੋਦੀ ਸਰਕਾਰ ਮਹਿਲਾਵਾਂ ਦੀਆਂ ਵੋਟਾਂ ਖਿੱਚਣ ਲਈ ਆਮ ਚੋਣਾਂ ਤੋਂ ਪਹਿਲਾਂ ਜ਼ਮੀਨ ਮਾਲਕ ਮਹਿਲਾਵਾਂ ਨੂੰ ਸਾਲਾਨਾ 12 ਹਜ਼ਾਰ ਰੁਪਏ ਦੇਣ ਦਾ ਐਲਾਨ ਕਰਨ ਵਾਲੀ ਹੈ। ਇਸ ਦਾ ਐਲਾਨ ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਵਿਚ ਕੀਤਾ ਜਾ ਸਕਦਾ ਹੈ। ਇਸ ਨਾਲ ਖਜ਼ਾਨੇ ਵਿੱਚੋਂ 12 ਅਰਬ ਰੁਪਏ ਜਾਣਗੇ। ਇਸ ਵੇਲੇ ਸਰਕਾਰ ‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਤਹਿਤ ਮਰਦ ਤੇ ਮਹਿਲਾ ਕਿਸਾਨਾਂ ਨੂੰ ਛੇ-ਛੇ ਹਜ਼ਾਰ ਰੁਪਏ ਸਾਲਾਨਾ ਦਿੰਦੀ ਹੈ। ਦੇਸ਼ ਦੀ ਆਬਾਦੀ ਇਕ ਅਰਬ ਚਾਲੀ ਕਰੋੜ ਹੈ ਤੇ ਇਨ੍ਹਾਂ ਵਿਚ 26 ਕਰੋੜ ਕਿਸਾਨ ਪਰਵਾਰ ਹਨ। ਸਰਕਾਰੀ ਅੰਕੜਿਆਂ ਮੁਤਾਬਕ ਕੁਲ ਕਿਸਾਨਾਂ ਵਿਚ 60 ਫੀਸਦੀ ਮਹਿਲਾ ਕਿਸਾਨ ਹਨ, ਪਰ ਜ਼ਮੀਨ ਦੀਆਂ ਮਾਲਕ 13 ਫੀਸਦੀ ਤੋਂ ਵੀ ਘੱਟ ਹਨ।
ਅਮਿਤ ਚੱਕਰਵਰਤੀ ਬਣਿਆ ਸਰਕਾਰੀ ਗਵਾਹ
ਨਵੀਂ ਦਿੱਲੀ : ਵਿਸ਼ੇਸ਼ ਜੱਜ ਹਰਦੀਪ ਕੌਰ ਨੇ ਨਿਊਜ਼ ਪੋਰਟਲ ‘ਨਿਊਜ਼ਕਲਿਕ’ ਦੇ ਮਨੁੱਖੀ ਸਰੋਤ ਵਿਭਾਗ ਦੇ ਮੁਖੀ ਅਮਿਤ ਚੱਕਰਵਰਤੀ ਨੂੰ ਸਰਕਾਰੀ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤੀ ਸੂਤਰਾਂ ਨੇ ਮੰਗਲਵਾਰ ਦੱਸਿਆ ਕਿ ਚੱਕਰਵਰਤੀ ਨੂੰ ਚੀਨ ਪੱਖੀ ਪ੍ਰਚਾਰ ਲਈ ਫੰਡ ਪ੍ਰਾਪਤ ਕਰਨ ਦੇ ਦੋਸ਼ਾਂ ਤਹਿਤ ਦਹਿਸ਼ਤਗਰਦੀ ਵਿਰੋਧੀ ਕਾਨੂੰਨ ਯੂ ਏ ਪੀ ਏ ਤਹਿਤ ਨਿਊਜ਼ ਪੋਰਟਲ ਵਿਰੁੱਧ ਦਰਜ ਕੀਤੇ ਗਏ ਕੇਸ ’ਚ ਸਰਕਾਰੀ ਗਵਾਹ ਬਣਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਇੱਕ ਅਜਿਹਾ ਕਦਮ ਹੈ, ਜੋ ਨਿਊਜ਼ਕਲਿਕ ਦੇ ਮੁੱਖ ਸੰਪਾਦਕ ਅਤੇ ਬਾਨੀ ਪ੍ਰਬੀਰ ਪੁਰਕਾਇਸਥ ਲਈ ਮੁਸੀਬਤ ਪੈਦਾ ਕਰ ਸਕਦਾ ਹੈ।
ਭਾਜਪਾ ਡਰਾਮਾ ਕਰ ਰਹੀ : ਮਮਤਾ
ਜੋਏਨਗਰ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਦੋਸ਼ ਲਗਾਇਆ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ਦੇ ਜ਼ਰੀਏ ਭਾਜਪਾ ਡਰਾਮੇਬਾਜ਼ੀ ਕਰ ਰਹੀ ਹੈ।