ਪਣਜੀ : ਸਟਾਰਟ-ਅੱਪ ਕੰਪਨੀ ਦੀ 39 ਸਾਲਾ ਮੁੱਖ ਕਾਰਜਕਾਰੀ ਅਧਿਕਾਰੀ ਨੇ ਗੋਆ ’ਚ ਆਪਣੇ ਚਾਰ ਸਾਲ ਦੇ ਬੇਟੇ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ ਅਤੇ ਫਿਰ ਲਾਸ਼ ਨੂੰ ਲੈ ਕੇ ਕਰਨਾਟਕ ਫਰਾਰ ਹੋ ਗਈ। ਗੋਆ ਪੁਲਸ ਨੇ ਕਰਨਾਟਕ ਦੇ ਚਿਤਰਦੁਰਗਾ ਤੋਂ ਸੂਚਨਾ ਸੇਠ ਨੂੰ ਗਿ੍ਰਫਤਾਰ ਕਰ ਲਿਆ ਹੈ। ਹੱਤਿਆ ਦੇ ਪਿੱਛੇ ਦੇ ਮਕਸਦ ਦਾ ਪਤਾ ਨਹੀਂ ਲੱਗਿਆ। ਸੇਠ ਦੇ ਲਿੰਕਡਇਨ ਪੇਜ ਅਨੁਸਾਰ ਉਹ ਸਟਾਰਟ-ਅੱਪ ਮਾਈਂਡਫੁੱਲ ਏ ਆਈ ਲੈਬ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ ਈ ਓ) ਹੈ ਅਤੇ 2021 ਲਈ ਏ ਆਈ ਐਥਿਕਸ ’ਚ ਸਿਖਰਲੀਆਂ 100 ਔਰਤਾਂ ਵਿੱਚੋਂ ਇੱਕ ਸੀ। ਉਸ ਨੇ ਆਪਣੇ ਬੇਟੇ ਦੇ ਨਾਲ 6 ਜਨਵਰੀ ਨੂੰ ਉੱਤਰੀ ਗੋਆ ਦੇ ਕੈਂਡੋਲੀਮ ’ਚ ਹੋਟਲ ਦਾ ਕਮਰਾ ਲਿਆ। ਦੋ ਦਿਨ ਉੱਥੇ ਰਹਿਣ ਤੋਂ ਬਾਅਦ ਉਸ ਨੇ ਅਪਾਰਟਮੈਂਟ ਸਟਾਫ ਨੂੰ ਸੂਚਿਤ ਕੀਤਾ ਕਿ ਉਹ ਕਿਸੇ ਕੰਮ ਲਈ ਬੇਂਗਲੁਰੂ ਜਾਣਾ ਚਾਹੁੰਦੀ ਹੈ ਅਤੇ ਉਨ੍ਹਾਂ ਨੂੰ ਟੈਕਸੀ ਦਾ ਪ੍ਰਬੰਧ ਕਰਨ ਲਈ ਕਿਹਾ। ਸਟਾਫ ਨੇ ਸੁਝਾਅ ਦਿੱਤਾ ਕਿ ਉਹ ਜਹਾਜ਼ ’ਤੇ ਜਾ ਸਕਦੀ ਹੈ, ਜੋ ਟੈਕਸੀ ਕਿਰਾਏ ਤੋਂ ਸਸਤਾ ਪਵੇਗਾ। ਮੁਲਜ਼ਮ ਨੇ ਟੈਕਸੀ ਰਾਹੀਂ ਸਫਰ ਕਰਨ ’ਤੇ ਜ਼ੋਰ ਦਿੱਤਾ। 8 ਜਨਵਰੀ ਨੂੰ ਵਾਹਨ ਦਾ ਇੰਤਜ਼ਾਮ ਕੀਤਾ ਗਿਆ, ਜਿਸ ਵਿਚ ਉਹ ਸਵੇਰੇ ਹੀ ਰਵਾਨਾ ਹੋ ਗਈ। ਬਾਅਦ ’ਚ ਜਦੋਂ ਅਪਾਰਟਮੈਂਟ ਦਾ ਸਟਾਫ ਉਸ ਦੇ ਕਮਰੇ ਨੂੰ ਸਾਫ ਕਰਨ ਗਿਆ ਤਾਂ ਉਨ੍ਹਾਂ ਨੂੰ ਤੌਲੀਏ ’ਤੇ ਖੂਨ ਦੇ ਧੱਬੇ ਮਿਲੇ। ਅਪਾਰਟਮੈਂਟ ਦੇ ਪ੍ਰਬੰਧਨ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਸਟਾਫ ਨੇ ਇਹ ਵੀ ਦੱਸਿਆ ਕਿ ਔਰਤ ਦਾ ਚਾਰ ਸਾਲ ਦਾ ਬੇਟਾ ਉਸ ਦੇ ਨਾਲ ਨਹੀਂ ਸੀ। ਉਸ ਨੇ ਭਾਰੀ ਬੈਗ ਵੀ ਚੁੱਕਿਆ ਹੋਇਆ ਸੀ। ਪੁਲਸ ਨੇ ਫਿਰ ਮੁਲਜ਼ਮ ਨੂੰ ਫੋਨ ਕੀਤਾ ਤੇ ਉਸ ਤੋਂ ਖੂਨ ਦੇ ਧੱਬੇ ਅਤੇ ਉਸ ਦੇ ਪੁੱਤਰ ਬਾਰੇ ਪੁੱਛ-ਪੜਤਾਲ ਕੀਤੀ। ਉਸ ਨੇ ਬਹਾਨੇ ਮਾਰ ਦਿੱਤੇ। ਇਸ ਤੋਂ ਬਾਅਦ ਜਾਂਚ ਦੌਰਾਨ ਸਾਰੀ ਸੱਚਾਈ ਸਾਹਮਣੇ ਆ ਗਈ। ਔਰਤ ਨੂੰ ਗਿ੍ਰਫਤਾਰ ਕਰ ਲਿਆ ਗਿਆ ਤੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ। ਘਟਨਾ ਦੀ ਸੂਚਨਾ ਔਰਤ ਦੇ ਪਤੀ ਵੈਂਕਟ ਰਮਨ ਨੂੰ ਦੇ ਦਿੱਤੀ ਹੈ, ਜੋ ਇਸ ਸਮੇਂ ਜਕਾਰਤਾ ’ਚ ਹੈ।
39 ਸਾਲਾ ਸੂਚਨਾ ਸੇਠ ਬੰਗਾਲ ਦੀ ਹੈ ਤੇ ਕੇਰਲਾ ਦੇ ਬੰਦੇ ਨਾਲ ਵਿਆਹੀ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ ਉਹ ਪਤੀ ਤੋਂ ਨਾਰਾਜ਼ ਹੈ। ਸੇਠ ਨੇ ਦੱਸਿਆ ਕਿ ਉਸ ਦੀ ਤਲਾਕ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਉਹ ਕੋਰਟ ਦੇ ਫੈਸਲੇ ਤੋਂ ਨਾਖੁਸ਼ ਹੈ।



