ਇੰਡੀਆ ਗੱਠਜੋੜ ਦੇ ਭਾਈਵਾਲ ਕੁਝ ਸਮਾਂ ਪਹਿਲਾਂ ਕਾਂਗਰਸ ’ਤੇ ਦੋਸ਼ ਲਾਉਂਦੇ ਰਹੇ ਸਨ ਕਿ ਉਹ ਸੀਟਾਂ ਦੀ ਵੰਡ ਦੇ ਮਾਮਲੇ ’ਤੇ ਲਗਾਤਾਰ ਦੇਰ ਕਰ ਰਹੀ ਹੈ। ਇਨ੍ਹਾਂ ਪਾਰਟੀਆਂ ਦੀ ਗੱਲ ਠੀਕ ਵੀ ਸੀ, ਕਿਉਂਕਿ ਭਾਜਪਾ ਨੇ ਤਾਂ ‘ਵਿਕਸਤ ਭਾਰਤ ਸੰਕਲਪ ਯਾਤਰਾ’ ਦੇ ਨਾਂਅ ਉੱਤੇ ਸਾਰੀ ਸਰਕਾਰੀ ਮਸ਼ੀਨਰੀ ਲਾ ਕੇ ਆਪਣੀ ਚੋਣ ਮੁਹਿੰਮ ਕਾਫ਼ੀ ਸਮਾਂ ਪਹਿਲਾਂ ਤੋਂ ਸ਼ੁਰੂ ਕੀਤੀ ਹੋਈ ਹੈ। ਹੁਣ ਰਾਮ ਮੰਦਰ ਦੇ ਉਦਘਾਟਨ ਦੇ ਨਾਂਅ ਉੱਤੇ ਆਪਣੀਆਂ ਸਾਰੀਆਂ ਨਾਕਾਮੀਆਂ ਨੂੰ ਧਰਮ ਦੀ ਚਾਦਰ ਹੇਠ ਛੁਪਾਉਣ ਦੇ ਰਾਹ ਤੁਰੀ ਹੋਈ ਹੈ।
ਚੰਗੀ ਗੱਲ ਇਹ ਹੈ ਕਿ ਚਾਲੂ ਹਫ਼ਤੇ ਦੇ ਸ਼ੁਰੂ ਤੋਂ ਕਾਂਗਰਸ ਨੇ ਸੀਟ ਵੰਡ ਦੇ ਮਾਮਲੇ ਉੱਤੇ ਤੇਜ਼ੀ ਫੜ ਲਈ ਹੈ। ਸਭ ਤੋਂ ਪਹਿਲਾਂ ਕਾਂਗਰਸ ਦੀ ਦੂਜੇ ਦਲਾਂ ਨਾਲ ਸੀਟ ਵੰਡ ਲਈ ਬਣਾਈ ਕਮੇਟੀ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਗੱਲਬਾਤ ਕੀਤੀ। ਮੀਟਿੰਗ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਮੁਕੁਲ ਵਾਸਨਿਕ ਨੇ ਕਿਹਾ ਕਿ ਢਾਈ ਘੰਟੇ ਵੱਖ-ਵੱਖ ਮੁੱਦਿਆਂ ’ਤੇ ਚਰਚਾ ਹੋਈ। ਇਸ ਵਿੱਚ ਵੱਖ-ਵੱਖ ਸੀਟਾਂ ਉੱਤੇ ਚੋਣ ਲੜਨ ਦੀ ਯੋਜਨਾ ਵੀ ਸ਼ਾਮਲ ਸੀ। ਇਸ ਮੀਟਿੰਗ ਵਿੱਚ ਆਪ ਵੱਲੋਂ ਜਨਰਲ ਸਕੱਤਰ ਸੰਦੀਪ ਪਾਠਕ, ਦਿੱਲੀ ਦੀ ਮੰਤਰੀ ਆਤਿਸ਼ੀ ਤੇ ਸੌਰਭ ਭਾਰਦਵਾਜ ਸ਼ਾਮਲ ਸਨ। ਮੀਟਿੰਗ ਤੋਂ ਬਾਅਦ ਦੋਹਾਂ ਧਿਰਾਂ ਨੇ ਮਿਲ ਕੇ ਚੋਣਾਂ ਲੜਨ ਦਾ ਸੰਕਲਪ ਦੁਹਰਾਇਆ। ਅੰਦਰਲੇ ਸੂਤਰਾਂ ਮੁਤਾਬਕ ਆਮ ਆਦਮੀ ਪਾਰਟੀ ਨੇ ਦਿੱਲੀ ਤੇ ਪੰਜਾਬ ਤੋਂ ਇਲਾਵਾ ਗੁਜਰਾਤ, ਹਰਿਆਣਾ ਤੇ ਗੋਆ ਵਿੱਚ ਵੀ ਸੀਟਾਂ ਦੀ ਮੰਗ ਕੀਤੀ ਹੈ। ਗੁਜਰਾਤ ਵਿੱਚ ਤਾਂ ਉਸ ਨੇ ਇੱਕ ਹਲਕੇ ਤੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਹੈ। ਉਸੇ ਦਿਨ ਕਾਂਗਰਸ ਕਮੇਟੀ ਦੀ ਜਨਤਾ ਦਲ ਯੂ ਤੇ ਆਰ ਜੇ ਡੀ ਦੇ ਆਗੂਆਂ ਨਾਲ ਬਿਹਾਰ ਵਿੱਚ ਸੀਟਾਂ ਦੀ ਵੰਡ ਦਾ ਮੁੱਦਾ ਵੀ ਵਿਚਾਰਿਆ ਗਿਆ।
ਮੰਗਲਵਾਰ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਦੀ ਮੀਟਿੰਗ ਸ਼ਿਵ ਸੈਨਾ ਠਾਕਰੇ ਤੇ ਐੱਨ ਸੀ ਪੀ ਦੇ ਆਗੂਆਂ ਨਾਲ ਹੋਈ। ਇਸ ਮੀਟਿੰਗ ਵਿੱਚ ਮਹਾਰਾਸ਼ਟਰ ਦੀਆਂ 48 ਸੀਟਾਂ ਉੱਤੇ ਲੱਗਭੱਗ ਸਹਿਮਤੀ ਬਣ ਗਈ ਹੈ। ਮੀਟਿੰਗ ਤੋਂ ਬਾਅਦ ਕਾਂਗਰਸ ਦੇ ਆਗੂ ਰਮੇਸ਼ ਚੇਨੀਥਲਾ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਵਿੱਚ ਸੀਟਾਂ ਦੀ ਵੰਡ ਦਾ ਐਲਾਨ ਕਰਨ ਵਾਲਾ ਮਹਾਰਾਸ਼ਟਰ ਪਹਿਲਾ ਰਾਜ ਹੋਵੇਗਾ। ਮੀਟਿੰਗ ਵਿੱਚ ਪ੍ਰਕਾਸ਼ ਅੰਬੇਡਕਰ ਦੀ ਵੰਚਿਤ ਬਹੁਜਨ ਅਗਾੜੀ ਨੂੰ ਵੀ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਯਾਦ ਰਹੇ ਕਿ ਪ੍ਰਕਾਸ਼ ਅੰਬੇਡਕਰ ਦੀ ਪਾਰਟੀ ਦਾ ਵਿਦਰਭ ਖੇਤਰ ਵਿੱਚ ਮਜ਼ਬੂਤ ਅਧਾਰ ਹੈ। ਉਸ ਦੀ ਪਾਰਟੀ ਵੱਲੋਂ 2019 ਵਿੱਚ ਲਈਆਂ ਵੋਟਾਂ ਕਾਰਨ ਕਾਂਗਰਸ ਤੇ ਐੱਨ ਸੀ ਪੀ ਦੇ ਇੱਕ ਦਰਜਨ ਦੇ ਕਰੀਬ ਉਮੀਦਵਾਰ ਹਾਰ ਗਏ ਸਨ।
ਮੰਗਲਵਾਰ ਨੂੰ ਹੀ ਕਾਂਗਰਸੀ ਆਗੂਆਂ ਦੀ ਸਮਾਜਵਾਦੀ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਹੋਈ। ਲੋਕ ਸਭਾ ਚੋਣ 2024 ਲਈ ਯੂ ਪੀ ਸਭ ਤੋਂ ਮਹੱਤਵਪੂਰਨ ਰਾਜ ਹੈ। 2019 ਵਿੱਚ ਭਾਜਪਾ ਨੇ 62 ਸੀਟਾਂ ਜਿੱਤੀਆਂ ਸਨ। ਇਸ ਮੀਟਿੰਗ ਵਿੱਚ ਕਾਂਗਰਸ ਵੱਲੋਂ ਮੁਕੁਲ ਵਾਸਨਿਕ ਤੇ ਸਲਮਾਨ ਖੁਰਸ਼ੀਦ ਅਤੇ ਸਪਾ ਵੱਲੋਂ ਰਾਮ ਗੋਪਾਲ ਯਾਦਵ ਤੇ ਜਾਵੇਦ ਅਲੀ ਸ਼ਾਮਲ ਹੋਏ। ਸੀਟਾਂ ਦੀ ਵੰਡ ਨੂੰ ਅਮਲੀ ਰੂਪ ਦੇਣ ਲਈ ਅਗਲੀ ਮੀਟਿੰਗ 12 ਨੂੰ ਹੋਵੇਗੀ। ਇਸੇ ਦੌਰਾਨ ਇਹ ਵੀ ਖ਼ਬਰ ਆਈ ਹੈ ਕਿ ਬਸਪਾ ਪ੍ਰਤੀ ਅਖਿਲੇਸ਼ ਯਾਦਵ ਨਰਮ ਹੋ ਗਏ ਹਨ। ਹੁਣ ਤੱਕ ਅਖਿਲੇਸ਼ ਮਾਇਆਵਤੀ ਦਾ ਨਾਂਅ ਸੁਣ ਕੇ ਵੀ ਭੜਕ ਜਾਂਦੇ ਸਨ, ਪਰ ਕਾਂਗਰਸ ਦੀ ਇਹ ਸਮਝ ਰਹੀ ਹੈ ਕਿ ਗੱਠਜੋੜ ਵਿੱਚ ਬਸਪਾ ਨੂੰ ਸ਼ਾਮਲ ਕੀਤੇ ਬਿਨਾਂ ਯੂ ਪੀ ਦੀ ਲੜਾਈ ਨਹੀਂ ਜਿੱਤੀ ਜਾ ਸਕਦੀ।
ਖ਼ਬਰ ਹੈ ਕਿ ਪਿਛਲੇ ਦਿਨੀਂ ਅਖਿਲੇਸ਼ ਨੇ ਚੋਣਾਂ ਸੰਬੰਧੀ ਸਮਾਜਵਾਦੀ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ। ਮੀਟਿੰਗ ਵਿੱਚ ਇੱਕ ਵਿਧਾਇਕ ਨੇ ਮਾਇਆਵਤੀ ਬਾਰੇ ਟਿੱਪਣੀ ਕੀਤੀ ਸੀ। ਇਸ ਉੱਤੇ ਅਖਿਲੇਸ਼ ਯਾਦਵ ਨੇ ਵਿਧਾਇਕ ਨੂੰ ਝਾੜਦਿਆਂ ਕਿਹਾ ਸੀ ਕਿ ਭੈਣ ਜੀ ਦਾ ਨਾਂਅ ਸਨਮਾਨ ਨਾਲ ਲਿਆ ਜਾਵੇ। ਰਾਜਨੀਤਕ ਮਤਭੇਦ ਆਪਣੀ ਥਾਂ ਹਨ, ਪਰ ਅਸੀਂ ਕਿਸੇ ਪ੍ਰਤੀ ਅਪਮਾਨਜਨਕ ਸ਼ਬਦ ਨਹੀਂ ਬੋਲ ਸਕਦੇ। ਮੀਟਿੰਗ ਵਿੱਚ ਸ਼ਾਮਲ ਵਿਧਾਇਕਾਂ ਨੇ ਸੰਕੇਤ ਦਿੱਤਾ ਹੈ ਕਿ ਅਖਿਲੇਸ਼ ਮਾਇਆਵਤੀ ਪ੍ਰਤੀ ਨਰਮ ਹੋ ਗਏ ਹਨ। ਹੁਣ ਤੱਕ ਸੀਟਾਂ ਦੀ ਵੰਡ ਬਾਰੇ ਜੋ ਵਿਚਾਰਾਂ ਹੋਈਆਂ ਹਨ, ਉਹ ਪਾਰਟੀਆਂ ਦੇ ਦੂਜੀ ਕਤਾਰ ਦੇ ਆਗੂਆਂ ਵਿਚਕਾਰ ਹੋਈਆਂ ਹਨ। ਹੁਣ ਇਹ ਆਗੂ ਆਪਣੀ-ਆਪਣੀ ਪਾਰਟੀ ਦੇ ਮੁਖੀਆਂ ਨੂੰ ਵੇਰਵੇ ਦੇਣਗੇ। ਇਸ ਤੋਂ ਬਾਅਦ ਅਗਲੀਆਂ ਮੀਟਿੰਗਾਂ ਪਾਰਟੀ ਦੇ ਉੱਚ ਆਗੂਆਂ ਵਿੱਚ ਹੋਣਗੀਆਂ, ਜਿਨ੍ਹਾਂ ਵਿੱਚ ਸੀਟਾਂ ਦੀ ਵੰਡ ਦੇ ਮੁੱਦੇ ਨੂੰ ਨਿਬੇੜਨ ਦੀ ਕੋਸ਼ਿਸ਼ ਹੋਵੇਗੀ।



