ਨਵੀਂ ਦਿੱਲੀ : ਪੱਛਮੀ ਬੰਗਾਲ ਵਿਚ ਸੱਤਾਧਾਰੀ ਤਿ੍ਰਣਮੂਲ ਕਾਂਗਰਸ ਲੋਕ ਸਭਾ ਚੋਣਾਂ ਲਈ ਇੰਡੀਆ ਗੱਠਜੋੜ ਦੇ ਭਾਈਵਾਲਾਂ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਦੀ ਕੌਮੀ ਅਲਾਇੰਸ ਕਮੇਟੀ ਨਾਲ ਗੱਲ ਕਰਨ ਲਈ ਨੁਮਾਇੰਦੇ ਨਹੀਂ ਘੱਲੇਗੀ। ਉਸਦਾ ਕਹਿਣਾ ਹੈ ਕਿ ਉਹ ਆਪਣੀ ਪੁਜ਼ੀਸ਼ਨ ਕਾਂਗਰਸ ਨੂੰ ਪਹਿਲਾਂ ਹੀ ਸਾਫ ਕਰ ਚੁੱਕੀ ਹੈ। ਕਾਂਗਰਸ ਦੀ ਕਮੇਟੀ ਵੱਖ-ਵੱਖ ਰਾਜਾਂ ਵਿਚਲੇ ਭਾਈਵਾਲਾਂ ਨਾਲ ਸੀਟਾਂ ਦੀ ਵੰਡ ਬਾਰੇ ਗੱਲ ਕਰ ਰਹੀ ਹੈ।
ਤਿ੍ਰਣਮੂਲ ਕਾਂਗਰਸ ਦੇ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਨੇ ਮੀਟਿੰਗ ਲਈ ਪਾਰਟੀ ਆਗੂਆਂ ਨਾਲ ਸੰਪਰਕ ਕੀਤਾ ਪਰ ਉਸਨੂੰ ਦੱਸ ਦਿੱਤਾ ਗਿਆ ਕਿ ਪਾਰਟੀ ਗੱਲਬਾਤ ਲਈ ਨੁਮਾਇੰਦੇ ਘੱਲਣ ਵਿਚ ਦਿਲਚਸਪੀ ਨਹੀਂ ਰੱਖਦੀ। ਉਨ੍ਹਾ ਕਿਹਾ ਕਿ ਪਾਰਟੀ ਨੇ ਕਾਂਗਰਸ ਨੂੰ ਦੋ ਸੀਟਾਂ ਦੇਣ ਦੀ ਪੇਸ਼ਕਸ਼ ਕੀਤੀ ਹੈ, ਜਿਹੜੀਆਂ ਉਸਨੇ 2019 ਦੀਆਂ ਚੋਣਾਂ ਵਿਚ ਜਿੱਤੀਆਂ ਸਨ। ਪੱਛਮੀ ਬੰਗਾਲ ਵਿਚ 42 ਲੋਕ ਸਭਾ ਸੀਟਾਂ ਹਨ। ਕਾਂਗਰਸ ਦਾ ਕਹਿਣਾ ਹੈ ਕਿ ਸਿਰਫ ਦੋ ਸੀਟਾਂ ’ਤੇ ਰਾਜ਼ੀ ਹੋਣਾ ਉਸ ਲਈ ਮੁਸ਼ਕਲ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੇ ਕੋਈ ਹੋਰ ਸੀਟ ਦੇਣੀ ਹੋਈ ਤਾਂ ਉਸਦਾ ਫੈਸਲਾ ਪ੍ਰਧਾਨ ਮਮਤਾ ਬੈਨਰਜੀ ਹੀ ਕਰ ਸਕਦੇ ਹਨ। ਤਿ੍ਰਣਮੂਲ ਮੇਘਾਲਿਆ ਵਿਚ ਇੱਕ ਤੇ ਆਸਾਮ ਵਿਚ ਦੋ ਸੀਟਾਂ ਲੜਨ ਦੀ ਵੀ ਇੱਛੁਕ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਗੋਆ ਵਿਚ ਵੀ ਪਾਰਟੀ ਯੂਨਿਟ ਇਕ ਸੀਟ ਲੜਨਾ ਚਾਹੁੰਦਾ ਹੈ, ਜਿਥੇ ਉਸਨੇ 2021 ਦੀਆਂ ਅਸੰਬਲੀ ਚੋਣਾਂ ਵਿਚ ਕਰੀਬ 5 ਫੀਸਦੀ ਵੋਟਾਂ ਹਾਸਲ ਕੀਤੀਆਂ ਸਨ। ਪਰ ਤਿ੍ਰਣਮੂਲ ਇਸ ਲਈ ਕਾਂਗਰਸ ’ਤੇ ਜ਼ੋਰ ਨਹੀਂ ਪਾਵੇਗੀ ਤੇ ਕਾਂਗਰਸ ਦੀ ਹਮਾਇਤ ਕਰੇਗੀ। ਤਿ੍ਰਣਮੂਲ ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਤਿ੍ਰਣਮੂਲ ਕਾਂਗਰਸ ਨੇ ਪਿਛਲੀਆਂ ਅਸੰਬਲੀ ਤੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀਆਂ ਵੋਟਾਂ ਦੇ ਹਿਸਾਬ ਨਾਲ ਦੋ ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ 42 ਵਿੱਚੋਂ 39 ਸੀਟਾਂ ’ਤੇ ਪੰਜ ਕੁ ਫੀਸਦੀ ਵੋਟਾਂ ਮਿਲੀਆਂ ਸਨ। 2021 ਦੀਆਂ ਅਸੰਬਲੀ ਚੋਣਾਂ ਵਿਚ ਕਾਂਗਰਸ ਨੂੰ 2.93 ਫੀਸਦੀ ਵੋਟਾਂ ਮਿਲੀਆਂ ਸਨ, 2016 ਦੀਆਂ ਅਸੰਬਲੀ ਚੋਣਾਂ ਵਿਚ 12.25 ਫੀਸਦੀ ਤੇ 2019 ਦੀਆਂ ਲੋਕ ਸਭਾ ਚੋਣਾਂ ਵਿਚ 5.67 ਫੀਸਦੀ ਵੋਟਾਂ ਮਿਲੀਆਂ ਸਨ। ਕਾਂਗਰਸ ਨੂੰ ਜ਼ਮੀਨੀ ਹਕੀਕਤ ਨੂੰ ਮੰਨਣਾ ਚਾਹੀਦਾ ਹੈ ਕਿ ਉਹ ਕਮਜ਼ੋਰ ਹੈ।
ਆਗੂ ਨੇ ਅੱਗੇ ਕਿਹਾਅਸੀਂ ਪੱਛਮੀ ਬੰਗਾਲ ਵਿਚ ਲੜਾਈ ਦੀ ਅਗਵਾਈ ਕਰਨ ਲਈ ਤਿਆਰ ਹਾਂ। ਅਸੀਂ ਭਾਜਪਾ ਨੂੰ ਹਰਾਉਣ ਲਈ ਇੰਡੀਆ ਗੱਠਜੋੜ ਪ੍ਰਤੀ ਵਚਨਬੱਧ ਹਾਂ। ਸਾਡੀ ਪੁਜ਼ੀਸ਼ਨ ਸਪੱਸ਼ਟ ਹੈ, ਇਸ ਕਰਕੇ ਹੋਰ ਵਿਚਾਰ-ਵਟਾਂਦਰੇ ਲਈ ਦਿੱਲੀ ਜਾਣ ਦੀ ਲੋੜ ਨਹੀਂ। 2019 ਦੀਆਂ ਲੋਕ ਸਭਾ ਚੋਣਾਂ ਵਿਚ ਤਿ੍ਰਣਮੂਲ ਕਾਂਗਰਸ ਨੇ 22 ਅਤੇ ਭਾਜਪਾ ਨੇ 18 ਸੀਟਾਂ ਜਿੱਤੀਆਂ ਸਨ।





