ਰਿੰਦਾ ਦਾ ਸਾਥੀ ਖਿਚਨ ਰਾਜਸਥਾਨ ਤੋਂ ਗਿ੍ਫਤਾਰ

0
188

ਚੰਡੀਗੜ੍ਹ (ਗੁਰਜੀਤ ਬਿੱਲਾ)-ਪਾਕਿਸਤਾਨ ਸਥਿਤ ਦਹਿਸ਼ਤਗਰਦ ਹਰਵਿੰਦਰ ਰਿੰਦਾ ਦੇ ਅਹਿਮ ਸਾਥੀ ਨੂੰ ਗਿ੍ਫਤਾਰ ਕੀਤਾ ਗਿਆ ਹੈ, ਜੋ ਪੰਜਾਬ ਵਿਚ ਵਾਰਦਾਤ ਨੂੰ ਅੰਜਾਮ ਦੇਣ ਲਈ ਦਹਿਸ਼ਤਗਰਦ ਸੰਗਠਨ ਨਾਲ ਸੰਬੰਧਤ ਵਿਅਕਤੀਆਂ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਸੀ | ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਕੋਲੋਂ ਚੀਨੀ ਪਿਸਤੌਲ ਅਤੇ 8 ਕਾਰਤੂਸ ਬਰਾਮਦ ਹੋਏ ਹਨ | ਡੀ ਜੀ ਪੀ ਨੇ ਦੱਸਿਆ ਕਿ ਪੰਜਾਬ ਦੀ ਏ ਜੀ ਟੀ ਐੱਫ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਅਪਰੇਸ਼ਨ ‘ਚ ਰਿੰਦਾ ਅਤੇ ਅਮਰੀਕਾ ‘ਚ ਰਹਿੰਦੇ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਦੇ ਮੁੱਖ ਸਾਥੀ ਕੈਲਾਸ਼ ਖਿਚਨ ਨੂੰ ਗਿ੍ਫਤਾਰ ਕੀਤਾ ਹੈ |
ਉਸ ਨੂੰ ਰਾਜਸਥਾਨ ਦੇ ਜ਼ਿਲ੍ਹਾ ਫਲੋਦੀ ਦੇ ਪਿੰਡ ਲੋਹਾਵਤ ਤੋਂ ਗਿ੍ਫਤਾਰ ਕੀਤਾ ਗਿਆ | ਉਹ ਸਤੰਬਰ 2023 ‘ਚ ਫਾਜ਼ਿਲਕਾ ‘ਚ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਦਰਜ ਕੇਸ ‘ਚ ਲੋੜੀਂਦਾ ਸੀ | ਉਸ ਖਿਲਾਫ ਪੰਜਾਬ ਅਤੇ ਰਾਜਸਥਾਨ ‘ਚ ਜਬਰੀ ਵਸੂਲੀ, ਐੱਨ ਡੀ ਪੀ ਐੱਸ ਐਕਟ ਅਤੇ ਅਸਲਾ ਐਕਟ ਨਾਲ ਸੰਬੰਧਤ ਕਈ ਕੇਸ ਦਰਜ ਹਨ |
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਪੁਲਸ ਵੱਲੋਂ ਵੱਖ-ਵੱਖ ਅੱਤਵਾਦੀ ਮੌਡਿਊਲਾਂ ਦਾ ਪਰਦਾਫਾਸ਼ ਕਰਦਿਆਂ ਮੁਲਜ਼ਮ ਖਿਚਨ ਦਾ ਨਾਂਅ ਸਾਹਮਣੇ ਆਉਣ ਉਪਰੰਤ ਏ ਡੀ ਜੀ ਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀਆਂ ਏ ਜੀ ਟੀ ਐਫ ਟੀਮਾਂ ਨੇ ਏ ਆਈ ਜੀ ਸੰਦੀਪ ਗੋਇਲ ਅਤੇ ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ ‘ਚ ਰਾਜਸਥਾਨ ‘ਚ ਮੁਲਜ਼ਮ ਦੀ ਲੋਕੇਸ਼ਨ ਦਾ ਪਤਾ ਲਗਾਉਣ ਉਪਰੰਤ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਪਿੰਡ ਲੋਹਾਵਤ ਤੋਂ ਉਸ ਨੂੰ ਗਿ੍ਫਤਾਰ ਕੀਤਾ |

LEAVE A REPLY

Please enter your comment!
Please enter your name here