ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸ਼ੁੱਕਰਵਾਰ ਕਿਹਾ ਕਿ ਅਯੁੱਧਿਆ ਵਿਚ ਉਸਾਰੀ ਅਧੀਨ ਰਾਮ ਮੰਦਰ ਦਾ ਉਦਘਾਟਨ ਭਾਜਪਾ ਦੀ ਸਾਜ਼ਿਸ਼ ਹੈ ਅਤੇ ਉਨ੍ਹਾ ਵੱਲੋਂ ਉੱਥੇ ਨਾ ਜਾਣ ਦਾ ਮਤਲਬ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ |
ਖੜਗੇ ਤੋਂ ਇਲਾਵਾ ਸੋਨੀਆ ਗਾਂਧੀ ਤੇ ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੂੰ ਉਦਘਾਟਨ ਸਮਾਗਮ ਵਿਚ ਆਉਣ ਦਾ ਸੱਦਾ ਮਿਲਿਆ ਸੀ, ਪਰ ਉਨ੍ਹਾਂ ਠੁਕਰਾ ਦਿੱਤਾ | ਖੜਗੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਨਾਜ਼ੁਕ ਕੌਮੀ ਮੁੱਦਿਆਂ ਵੱਲ ਧਿਆਨ ਦੇਣ |
ਖੜਗੇ ਨੇ ਕਿਹਾ-ਕਿਸੇ ਧਰਮ ਜਾਂ ਗੁਰੂ ਨੂੰ ਠੇਸ ਪਹੁੰਚਾਉਣ ਦਾ ਮੁੱਦਾ ਨਹੀਂ | ਸਾਡਾ ਮੁੱਦਾ ਇਹ ਹੈ ਕਿ ਪ੍ਰਧਾਨ ਮੰਤਰੀ ਲੋਕਾਂ ਨੂੰ ਨੌਕਰੀਆਂ ਦੇਣ ਲਈ ਕੀ ਕਰ ਰਹੇ ਹਨ? ਨੋਟ ਪਸਾਰੇ ‘ਤੇ ਕਾਬੂ ਪਾਉਣ ਲਈ ਕੀ ਕਦਮ ਚੁੱਕ ਰਹੇ ਹਨ? ਗਰੀਬਾਂ ਲਈ ਕੀ ਕਰ ਰਹੇ ਹਨ | ਜਿਨ੍ਹਾਂ ਨੂੰ ਮੰਦਰ ਵਿਚ ਵਿਸ਼ਵਾਸ ਹੈ, ਉਹ ਅੱਜ ਜਾ ਸਕਦੇ ਹਨ ਜਾਂ ਭਲਕੇ ਜਾ ਸਕਦੇ ਹਨ |
ਖੜਗੇ ਨੇ ਭਾਜਪਾ ਦੀ ਇਸ ਗੱਲੋਂ ਨੁਕਤਾਚੀਨੀ ਕੀਤੀ ਕਿ ਉਸ ਨੇ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਨੂੰ ਲੈ ਕੇ ਪ੍ਰਚਾਰ ਦਾ ਹੜ੍ਹ ਲਿਆਂਦਾ ਹੋਇਆ ਹੈ ਅਤੇ ਉਥੇ ਨਾ ਜਾਣ ‘ਤੇ ਕਾਂਗਰਸ ‘ਤੇ ਹੱਲੇ ਬੋਲ ਰਹੀ ਹੈ | ਉਹ ਸਾਜ਼ਿਸ਼ ਤਹਿਤ ਅਜਿਹਾ ਕਰ ਰਹੀ ਹੈ |





