ਕੈਂਟਰ, ਟਰਾਲੇ ਤੇ ਕਾਰ ਦੀ ਟੱਕਰ, 4 ਮੌਤਾਂ

0
152

ਪੱਟੀ (ਬਲਦੇਵ ਸਿੰਘ ਸੰਧੂ, ਸ਼ਮਸ਼ੇਰ ਸਿੰਘ ਯੋਧਾ)-ਨੈਸ਼ਨਲ ਹਾਈਵੇ ਨੰਬਰ 54 ਹਰੀਕੇ ਬਾਈਪਾਸ ‘ਤੇ ਵੀਰਵਾਰ ਰਾਤ ਕੈਂਟਰ, ਟਰਾਲੇ ਅਤੇ ਕਾਰ ਦੀ ਭਿਆਨਕ ਟੱਕਰ ‘ਚ ਕਾਰ ਸਵਾਰ 5 ਵਿਅਕਤੀਆਂ ਵਿੱਚੋਂ 4 ਦੀ ਮੌਤ ਹੋ ਗਈ | ਅੱਧੀ ਰਾਤ ਦੇ ਕਰੀਬ ਹਰੀਕੇ ਬਾਈਪਾਸ ਦੇ ਬੂਹ ਪੁਲ ‘ਤੇ ਕੈਂਟਰ ਖਰਾਬ ਹੋਣ ਕਰਕੇ ਖੜ੍ਹ ਗਿਆ ਸੀ | ਧੁੰਦ ਜ਼ਿਆਦਾ ਹੋਣ ਕਾਰਨ ਇਸ ਦੇ ਪਿੱਛੇ ਇਕ ਟਰਾਲਾ ਆ ਵੱਜਾ, ਇਸ ਦੇ ਮਗਰ ਇਕ ਸਵਿੱਫਟ ਕਾਰ ਆ ਟਕਰਾਈ | ਕਾਰ ਸਵਾਰ ਪੰਜ ਨੌਜਵਾਨਾਂ ਨੂੰ ਜ਼ਖਮੀ ਹਾਲਤ ‘ਚ ਪੱਟੀ, ਸਰਹਾਲੀ ਅਤੇ ਤਰਨ ਤਾਰਨ ਦੇ ਸਰਕਾਰੀ ਹਸਪਤਾਲਾਂ ‘ਚ ਭੇਜਿਆ ਗਿਆ | ਜਿਥੇ ਇਲਾਜ ਦੌਰਾਨ 4 ਨੌਜਵਾਨਾਂ ਦੀ ਮੌਤ ਹੋ ਗਈ | ਮਿ੍ਤਕਾਂ ਦੀ ਪਛਾਣ ਕਰਮਜੀਤ ਸਿੰਘ ਪੁੱਤਰ ਜਲਵਿੰਦਰ ਸਿੰਘ, ਗੁਰਦੇਵ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਗੱਦੜ ਢੰਡੀ, ਰੋਬਿਨਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਮੱਤੜ, ਰਾਜਬੀਰ ਬੇਦੀ ਵਾਸੀ ਫਿਰੋਜ਼ਪੁਰ ਵਜੋਂ ਹੋਈ ਜਦ ਕਿ ਜ਼ਖਮੀ ਦਾ ਨਾਂਅ ਬਲਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਗੱਦੜ ਢੰਡੀ ਹੈ | ਥਾਣਾ ਮੁਖੀ ਕੇਵਲ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੇ ਵਾਰਸਾਂ ਨੇ ਕਾਨੂੰਨੀ ਕਾਰਵਾਈ ਨਹੀਂ ਕਰਾਈ ਜਿਸ ਤੋਂ ਬਾਅਦ ਬਿਨਾਂ ਪੋਸਟਮਾਰਟਮ ਤੋਂ ਲਾਸ਼ਾਂ ਉਨ੍ਹਾਂ ਨੂੰ ਸੌਂਪ ਦਿੱਤੀਆਂ ਗਈਆਂ |
ਇਸ ਦੁਖਦਾਈ ਹਾਦਸੇ ਦਾ ਸ਼ੱਕੀ ਪਹਿਲੂ ਇਹ ਰਿਹਾ ਕਿ ਅਭਾਗੇ ਵਾਰਸਾਂ ਨੂੰ ਲਾਸ਼ਾਂ ਸੌਂਪਣ ਲਈ ਕੀਤੀ ਜਾਣ ਵਾਲੀ ਕਾਰਵਾਈ ਤੋਂ ਪਹਿਲਾਂ ਹੀ ਪੁਲਸ ਨੇ ਕੈਂਟਰ ਨੂੰ ਕਲੀਨ ਚਿੱਟ ਦੇ ਦਿੱਤੀ | ਇਥੇ ਹੀ ਬਸ ਨਹੀਂ ਪਹੁ ਫੁਟਾਲੇ ਦੇ ਨਾਲ ਹੀ ਪੁਲਸ ਨੇ ਰੋਡ ਕਲੀਅਰ ਕਰਨ ਦੀ ਗੱਲ ਕਰਕੇ ਸਿਰਫ ਕੈਂਟਰ ਨੂੰ ਜੇ ਸੀ ਬੀ ਨਾਲ ਧੂਹ ਕੇ ਢਾਬੇ ਪਿੱਛੇ ਛੁਪਾ ਕੇੇ ਰਾਖੀ ਵੀ ਕੀਤੀ ਜਦੋਂ ਕਿ ਦੁਰਘਟਨਾਗ੍ਰਸਤ ਕਾਰ ਲਿਜਾਣ ਬਾਅਦ ਵੀ ਟਰਾਲਾ ਦੇਰ ਰਾਤ ਤੱਕ ਸੜਕ ‘ਤੇ ਖੜ੍ਹਾ ਮੁੜ ਹਾਦਸੇ ਦਾ ਇੰਤਜ਼ਾਰ ਕਰਦਾ ਰਿਹਾ | ਕੈਂਟਰ ਦੀ ਪੁਸ਼ਤਪਨਾਹੀ ਦੇ ਕਾਰਨਾਂ ਨੂੰ ਖੰਘਾਲਦਿਆਂ ਸੂਤਰਾਂ ਦੀ ਮੰਨੀਏ ਤਾਂ ਕੈਂਟਰ ਠੇਕੇ ਨਾਲ ਸਬੰਧਤ ਕਥਿਤ ਸ਼ਰਾਬ ਨਾਲ ਭਰਿਆ ਸੀ ਜਿਸ ਦਾ ਮੌਕੇ ‘ਤੇ ਪਰਮਿਟ ਨਹੀਂ ਵਿਖਾਇਆ ਗਿਆ | ਸੁਰੱਖਿਆ ਛਤਰੀ ਦਾ ਸਿਖਰ ਉਸ ਵੇਲੇ ਹੋ ਗਿਆ ਜਦੋਂ ਕੈਂਟਰ ਚਾਲਕ ਨੂੰ ਮੀਡੀਆ ਸਾਹਮਣੇ ਨਹੀਂ ਆਉਣ ਦਿੱਤਾ ਗਿਆ | ਸ਼ਰਾਬ ਦੂਸਰੇ ਸੂਬੇ ਵਿੱਚ ਲੈ ਕੇ ਜਾਣ ਦੀ ਗੱਲ ਪਤਾ ਲੱਗਣ ਦੇ ਬਾਵਜੂਦ ਪੁਲਸ ਨੇ ਕਲੀਨ ਚਿੱਟ ਦੇ ਦਿੱਤੀ ਜਿਸ ਨੂੰ ਲੈ ਕੇ ਪੁਲਸ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲੱਗ ਗਿਆ |
ਥਾਣਾ ਮੁਖੀ ਕੇਵਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਸ਼ਰਾਬ ਕਾਨੂੰਨੀ ਮਾਪਦੰਡਾਂ ਮੁਤਾਬਕ ਹੀ ਸੀ ਜਿਸ ਸਬੰਧੀ ਆਬਕਾਰੀ ਵਿਭਾਗ ਤੋਂ ਵੀ ਪੁਸ਼ਟੀ ਕਰ ਲਈ ਗਈ | ਉਧਰ ਇਸ ਸਬੰਧੀ ਈ ਟੀ ਓ ਤਰਨ ਤਾਰਨ ਨਵਜੋਤ ਭਾਰਤੀ ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਥਾਣਾ ਹਰੀਕੇ ਦੇ ਮੱੁਖ ਅਫਸਰ ਨਾਲ ਸ਼ਰਾਬ ਸਬੰਧੀ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ | ਉਨ੍ਹਾ ਕਿਹਾ ਕਿ ਥਾਣਾ ਹਰੀਕੇ ਵੱਲੋਂ ਕਥਿਤ ਨਜਾਇਜ਼ ਸ਼ਰਾਬ ਨੂੰ ਕਲੀਨ ਚਿੱਟ ਮਾਮਲੇ ਦੀ ਪੜਤਾਲ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |

LEAVE A REPLY

Please enter your comment!
Please enter your name here