ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਮਹਾਰਾਸ਼ਟਰ ਦੇ ਨਾਸਿਕ ‘ਚ 27ਵੇਂ ਰਾਸ਼ਟਰੀ ਯੁਵਕ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ 30,500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ | ਇਸ ਦੌਰਾਨ ਮੋਦੀ ਨੇ ਮੁੰਬਈ ਟਰਾਂਸ-ਹਾਰਬਰ ਲਿੰਕ ਦਾ ਉਦਘਾਟਨ ਕੀਤਾ, ਜਿਸ ਨੂੰ ਹੁਣ ‘ਅਟਲ ਬਿਹਾਰੀ ਵਾਜਪਾਈ ਸੇਵਰੀ-ਨਹਾਵਾ ਸੇਵਾ ਅਟਲ ਸੇਤੂ’ ਦਾ ਨਾਂਅ ਦਿੱਤਾ ਗਿਆ ਹੈ | ਇਸ ਦਾ ਨਿਰਮਾਣ 17,840 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਗਿਆ ਹੈ | ਮੋਦੀ ਨੇ ਦਸੰਬਰ 2016 ‘ਚ ਇਸ ਪੁਲ ਦਾ ਨੀਂਹ ਪੱਥਰ ਰੱਖਿਆ ਸੀ | ਇਹ ਭਾਰਤ ਦਾ ਸਭ ਤੋਂ ਲੰਬਾ ਪੁਲ ਅਤੇ ਭਾਰਤ ਦਾ ਸਭ ਤੋਂ ਲੰਬਾ ਸਮੁੰਦਰੀ ਪੁਲ ਵੀ ਹੈ | ਇਹ 21.8 ਕਿਲੋਮੀਟਰ ਲੰਬਾ ਛੇ ਲੇਨ ਵਾਲਾ ਪੁਲ ਹੈ, ਜਿਸ ਦੀ ਲੰਬਾਈ ਸਮੁੰਦਰ ਉੱਤੇ 16.5 ਕਿਲੋਮੀਟਰ ਅਤੇ ਜ਼ਮੀਨ ਉੱਤੇ 5.5 ਕਿਲੋਮੀਟਰ ਹੈ | ਇਹ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਅਤੇ ਨਵੀਂ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗਾ ਅਤੇ ਮੁੰਬਈ ਤੋਂ ਪੁਣੇ, ਗੋਆ ਅਤੇ ਦੱਖਣੀ ਭਾਰਤ ਲਈ ਯਾਤਰਾ ਦੇ ਸਮੇਂ ਨੂੰ ਵੀ ਘਟਾਏਗਾ |


