ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਕਿਹਾ ਕਿ ਜਜ਼ਬਾਤੀ ਮੁੱਦਿਆਂ ਦੀ ਸਿਆਸੀ ਦੁਰਵਰਤੋਂ ਹੋ ਰਹੀ ਹੈ ਅਤੇ ਦੇਸ਼ ਦੇ ਲੋਕਾਂ ਨਾਲ ਧੋਖਾ ਕਰਦਿਆਂ ਅਸਲ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ ਹੈ |
ਕੌਮੀ ਯੁਵਾ ਦਿਵਸ ‘ਤੇ ‘ਐਕਸ’ ‘ਤੇ ਪਾਈ ਪੋਸਟ ਵਿਚ ਰਾਹੁਲ ਨੇ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਨੂੰ ਚੇਤੇ ਕਰਨ ‘ਤੇ ਜ਼ੋਰ ਦਿੱਤਾ ਹੈ, ਜਿਨ੍ਹਾਂ ਕਿਹਾ ਸੀ ਕਿ ਨੌਜਵਾਨਾਂ ਦੀ ਊਰਜਾ ਖੁਸ਼ਹਾਲ ਦੇਸ਼ ਦੀ ਬੁਨਿਆਦ ਹੁੰਦੀ ਹੈ ਅਤੇ ਪੀੜਤਾਂ ਤੇ ਗਰੀਬਾਂ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ | ਉਨ੍ਹਾ ਕਿਹਾ ਹੈ-ਨੌਜਵਾਨਾਂ ਨੂੰ ਸੋਚਣਾ ਪੈਣਾ ਕਿ ਸਾਡੇ ਸੁਫਨਿਆਂ ਦੇ ਭਾਰਤ ਦੀ ਪਛਾਣ ਕੀ ਹੋਵੇਗੀ? ਜ਼ਿੰਦਗੀ ਦੀ ਕੁਆਲਿਟੀ ਜਾਂ ਨਿਰੇ ਜਜ਼ਬਾਤ? ਭੜਕਾਊ ਨਾਅਰੇ ਲਾਉਣ ਵਾਲੇ ਨੌਜਵਾਨ ਜਾਂ ਰੁਜ਼ਗਾਰ ‘ਚ ਲੱਗੇ ਨੌਜਵਾਨ? ਪਿਆਰ ਜਾਂ ਨਫਰਤ? ਅੱਜ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਜਜ਼ਬਾਤੀ ਮੁੱਦਿਆਂ ਦੀ ਸਿਆਸੀ ਦੁਰਵਰਤੋਂ ਹੋ ਰਹੀ ਹੈ, ਜੋ ਕਿ ਦੇਸ਼ ਦੇ ਲੋਕਾਂ ਨਾਲ ਧੋਖਾਦੇਹੀ ਹੈ | ਵਧਦੀ ਬੇਰੁਜ਼ਗਾਰੀ ਤੇ ਨੋਟਪਸਾਰੇ ਦਰਮਿਆਨ ਨੌਜਵਾਨ ਤੇ ਗਰੀਬ ਸਿੱਖਿਆ, ਰੋਜ਼ੀ-ਰੋਟੀ ਤੇ ਡਾਕਟਰੀ ਸਹਾਇਤਾ ਲਈ ਜੂਝ ਰਹੇ ਹਨ ਜਦਕਿ ਸਰਕਾਰ ‘ਅੰਮਿ੍ਤ ਕਾਲ’ ਮਨਾ ਰਹੀ ਹੈ | ਸੱਤਾ ‘ਚ ਨਸ਼ਿਆਇਆ ਸ਼ਹਿਨਸ਼ਾਹ ਜ਼ਮੀਨੀ ਹਕੀਕਤ ਦੀ ਪਰਵਾਹ ਨਹੀਂ ਕਰ ਰਿਹਾ | ਇਸੇ ਕਰਕੇ ਬੇਇਨਸਾਫੀ ਦੇ ਤੂਫਾਨ ਵਿਚ ਇਨਸਾਫ ਦੀ ਮਸ਼ਾਲ ਜਗਦੀ ਰੱਖਣ ਲਈ ਕਰੋੜਾਂ ਨੌਜਵਾਨ ‘ਨਿਆਏ ਯੋਧਾ’ ਸਵਾਮੀ ਵਿਵੇਕਾਨੰਦ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਂਦੇ ਹੋਏ ਇਨਸਾਫ ਹਾਸਲ ਕਰਨ ਲਈ ਮੇਰੇ ਸੰਘਰਸ਼ ਦੇ ਸਾਥੀ ਬਣ ਰਹੇ ਹਨ | ਸੱਚ ਦੀ ਜਿੱਤ ਹੋਵੇਗੀ, ਇਨਸਾਫ ਦੀ ਜਿੱਤ ਹੋਵੇਗੀ! ਰਾਹੁਲ ਗਾਂਧੀ 14 ਜਨਵਰੀ ਤੋਂ ਮਨੀਪੁਰ ਤੋਂ ਭਾਰਤ ਜੋੜੋ ਨਿਆਏ ਯਾਤਰਾ ਸ਼ੁਰੂ ਕਰ ਰਹੇ ਹਨ, ਜਿਹੜੀ 15 ਰਾਜਾਂ ਵਿਚ 6700 ਕਿੱਲੋਮੀਟਰ ਦਾ ਸਫਰ ਪੂਰਾ ਕਰਕੇ ਮਹਾਰਾਸ਼ਟਰ ਵਿਚ ਖਤਮ ਹੋਵੇਗੀ |


