22 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਬਣੇ ਰਾਮ ਮੰਦਰ ਦਾ ਉਦਘਾਟਨ ਕਰਨਗੇ | ਰਾਮ ਕਥਾ ਇਤਿਹਾਸ ਸੀ ਜਾਂ ਮਿਥਿਹਾਸ, ਅਸੀਂ ਇਸ ਝਮੇਲੇ ਵਿੱਚ ਨਹੀਂ ਪੈਂਦੇ, ਪਰ ਇਹ ਸੱਚ ਹੈ ਕਿ ਰਜਵਾੜਾਸ਼ਾਹੀ ਦੌਰ ਵਿੱਚ ਰਾਮ ਰਾਜ ਨੂੰ ਇੱਕ ਆਦਰਸ਼ ਰਾਜ ਵਜੋਂ ਪੇਸ਼ ਕੀਤਾ ਗਿਆ ਸੀ ਤੇ ਅੱਜ ਵੀ ਕੀਤਾ ਜਾਂਦਾ ਹੈ | ਰਾਜ ਜਨਤਾ ਦੀ ਭਲਾਈ ਦੇ ਪੈਮਾਨੇ ਤੋਂ ਪਰਖਿਆ ਜਾਂਦਾ ਹੈ | ਰਾਮ ਰਾਜ ਯਾਨੀ ਉਹ ਰਾਜ, ਜਿਸ ਵਿੱਚ ਹਰ ਵਿਅਕਤੀ ਖੁਸ਼ ਹੋਵੇ, ਊਚ-ਨੀਚ ਨਾ ਹੋਵੇ ਤੇ ਹਰ ਵਿਅਕਤੀ ਸਵੈਮਾਣ ਦੀ ਜ਼ਿੰਦਗੀ ਜੀ ਰਿਹਾ ਹੋਵੇ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਹੈ ਕਿ, ‘ਪ੍ਰਭੂ ਰਾਮ ਨੇ ਮੈਨੂੰ ਪ੍ਰਾਣ ਪ੍ਰਤਿਸ਼ਠਾ ਲਈ ਸਾਰੇ ਭਾਰਤ ਵਾਸੀਆਂ ਦੀ ਪ੍ਰਤੀਨਿਧਤਾ ਕਰਨ ਲਈ ਨਮਿੱਤ ਕੀਤਾ ਹੈ |’ ਇਨ੍ਹਾਂ ਸਤਰਾਂ ਤੋਂ ਸਪੱਸ਼ਟ ਹੈ ਕਿ ਨਰਿੰਦਰ ਮੋਦੀ ਹੁਣ ਆਪਣੇ ਆਪ ਨੂੰ ਰਾਮ ਚੰਦਰ ਦੇ ਨੁਮਾਇੰਦੇ ਵਜੋਂ ਪੇਸ਼ ਕਰ ਰਹੇ ਹਨ | ਮੋਦੀ ਦੇ 10 ਸਾਲਾ ਰਾਜ ਦੌਰਾਨ ਦੇਸ਼ ਵਿੱਚ ਕਿਹੋ ਜਿਹਾ ਰਾਮ ਰਾਜ ਰਿਹਾ, ਇਹ ਦੇਸ਼ ਦੀ ਬਦਹਾਲੀ ਮੂੰਹੋ ਬੋਲ ਰਹੀ ਹੈ |
ਦੇਸ਼ ਦੀ ਅਰਥ-ਵਿਵਸਥਾ ਦਾ ਇਹ ਹਾਲ ਹੈ ਕਿ ਅੱਜ ਸਮੁੱਚੇ ਭਾਰਤੀ ਬੁਰੀ ਤਰ੍ਹਾਂ ਕਰਜ਼ੇ ਦੇ ਜਾਲ ਵਿੱਚ ਫਸ ਚੁੱਕੇ ਹਨ | ਨਰਿੰਦਰ ਮੋਦੀ ਨੇ ਜਦੋਂ 2014 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕੀਤਾ ਸੀ ਤਾਂ ਦੇਸ਼ ਸਿਰ 55 ਲੱਖ ਕਰੋੜ ਦਾ ਕਰਜ਼ਾ ਸੀ, ਪਰ ਮੋਦੀ ਦੇ 10 ਸਾਲਾ ਰਾਜ ਦੌਰਾਨ ਅੱਜ ਇਹ 205 ਲੱਖ ਕਰੋੜ ਹੋ ਗਿਆ ਹੈ | ਨਰਿੰਦਰ ਮੋਦੀ ਦੇਸ਼ ਨੂੰ ਵਿਕਸਤ ਭਾਰਤ ਬਣਾਉਣ ਦੀਆਂ ਲਗਾਤਾਰ ਟਾਹਰਾਂ ਮਾਰਦੇ ਰਹਿੰਦੇ ਹਨ, ਪਰ ਹਾਲਤ ਇਹ ਹੈ ਕਿ ਅਮੀਰਾਂ ਦੀ ਅਮੀਰੀ ਵਧ ਰਹੀ ਹੈ ਤੇ ਦੂਜੇ ਪਾਸੇ ਗਰੀਬਾਂ ਦੀ ਗਿਣਤੀ ਵਧ ਰਹੀ ਹੈ | ਇਸ ਸਮੇਂ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 22 ਫ਼ੀਸਦੀ ਤੋਂ ਟੱਪ ਗਈ ਹੈ | ਦੇਸ਼ ਦੇ 80 ਕਰੋੜ ਲੋਕ ਸਰਕਾਰ ਵੱਲੋਂ ਦਿੱਤੇ ਜਾਂਦੇ 5 ਕਿਲੋ ਅਨਾਜ ਉੱਤੇ ਗੁਜ਼ਾਰਾ ਕਰ ਰਹੇ ਹਨ |
ਦੇਸ਼ ਵਿੱਚ ਬੇਰੁਜ਼ਗਾਰੀ ਨੇ 45 ਸਾਲਾਂ ਦਾ ਰਿਕਾਰਡ ਤੋੜ ਕੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ | ਸਮਾਜਿਕ ਅਨਿਆਂ ਤੇ ਸਮਾਜ ਵਿੱਚ ਫੈਲੀ ਨਫ਼ਰਤ ਨੇ ਇਸ ਦੇਸ਼ ਨੂੰ ਰਹਿਣ ਦੇ ਕਾਬਲ ਨਹੀਂ ਛੱਡਿਆ | ਸਿੱਟੇ ਵਜੇ ਦੇਸ਼ ਦੇ ਅਮੀਰ-ਗਰੀਬ ਦੇਸ਼ ਵਿੱਚੋਂ ਬਾਹਰ ਨਿਕਲਣ ਲਈ ਕਤਾਰਾਂ ਬੰਨ੍ਹੀ ਖੜ੍ਹੇ ਹਨ | ਪਿਛਲੇ ਦਿਨੀਂ ਫ਼ਰਾਂਸ ਨੇ 303 ਭਾਰਤੀਆਂ ਨੂੰ ਨਿਕਾਰਾਗੂਆ ਲੈ ਕੇ ਜਾ ਰਹੇ ਇੱਕ ਜਹਾਜ਼ ਨੂੰ ਰੋਕ ਲਿਆ ਸੀ | ਇਨ੍ਹਾਂ ਲੋਕਾਂ ਨੇ ਨਿਕਾਰਾਗੂਆ ਪਹੁੰਚ ਕੇ ਗੈਰਕਾਨੂੰਨੀ ਸਰਹੱਦ ਪਾਰ ਕਰਕੇ ਕੈਨੇਡਾ ਜਾਂ ਅਮਰੀਕਾ ਜਾਣਾ ਸੀ | ਇਨ੍ਹਾਂ ਵਿੱਚੋਂ ਅੱਧੇ ਉਸ ਗੁਜਰਾਤ ਦੇ ਸਨ, ਜਿਸ ਦੇ ਵਿਕਾਸ ਮਾਡਲ ਦਾ ਪ੍ਰਧਾਨ ਮੰਤਰੀ ਹਰ ਵੇਲੇ ਢੰਡੋਰਾ ਪਿੱਟਦੇ ਰਹਿੰਦੇ ਹਨ | ‘ਦੀ ਹਿੰਦੂ’ ਦੀ ਇੱਕ ਰਿਪੋਰਟ ਅਨੁਸਾਰ ਸਿਰਫ਼ ਨਵੰਬਰ 2022 ਤੋਂ ਸਤੰਬਰ 2023 ਤੱਕ ਇਕੱਲੇ ਅਮਰੀਕਾ ਵਿੱਚ ਦਾਖਲ ਹੋਣ ਲਈ ਸਰਹੱਦ ਪਾਰ ਕਰਦੇ 96917 ਭਾਰਤੀ ਫੜੇ ਗਏ ਸਨ | ਜਿਹੜੇ ਇਸ ਕੋਸ਼ਿਸ਼ ਵਿੱਚ ਸਫ਼ਲ ਹੋ ਗਏ, ਉਨ੍ਹਾਂ ਦੀ ਗਿਣਤੀ ਕਿੰਨੀ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ | ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਵਿੱਚ ਨਜਾਇਜ਼ ਦਾਖਲ ਹੋਣ ਦੀ ਲੋਕ ਪਹਿਲਾਂ ਵੀ ਕੋਸ਼ਿਸ਼ ਕਰਦੇ ਰਹੇ ਹਨ, ਪਰ ਏਡੀ ਵੱਡੀ ਗਿਣਤੀ ਵਿੱਚ ਨਹੀਂ | 2019-20 ਵਿੱਚ ਇਨ੍ਹਾਂ ਦੀ ਗਿਣਤੀ ਸਿਰਫ਼ 19,883 ਸੀ | ਭਾਰਤ ਛੱਡਣ ਵਾਲੇ ਲੋਕਾਂ ਵਿੱਚ ਸਿਰਫ਼ ਮੱਧਵਰਗੀ ਲੋਕ ਹੀ ਸ਼ਾਮਲ ਨਹੀਂ, ਸਗੋਂ ਕਰੋੜਪਤੀ ਧਨਕੁਬੇਰ ਵੀ ਅਰਾਮਦਾਇਕ ਜੀਵਨ ਦੀ ਆਸ ਵਿੱਚ ਦੇਸ਼ ਨੂੰ ਛੱਡ ਕੇ ਦੌੜ ਰਹੇ ਹਨ | ਸੰਸਾਰ ਨਿਵੇਸ਼ ਬੈਂਕ ‘ਮਾਰਗਨ ਸਟੇਨਲੀ’ ਮੁਤਾਬਕ 2014 ਤੋਂ 18 ਤੱਕ ਭਾਰਤ ਦੇ 23 ਹਜ਼ਾਰ ਕਰੋੜਪਤੀਆਂ ਨੇ ਆਪਣਾ ਬਸੇਰਾ ਦੂਜੇ ਦੇਸ਼ਾਂ ਵਿੱਚ ਕਰ ਲਿਆ ਹੈ |
21 ਜੁਲਾਈ 2023 ਨੂੰ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਗਿਆ ਸੀ ਕਿ 2011 ਤੋਂ ਲੈ ਕੇ 2022 ਤੱਕ 16 ਲੱਖ 63 ਹਜ਼ਾਰ 440 ਭਾਰਤੀਆਂ ਨੇ ਆਪਣੀ ਭਾਰਤੀ ਨਾਗਰਿਕਤਾ ਤਿਆਗ ਦਿੱਤੀ ਸੀ | ਇਕੱਲੇ 2023 ਦੇ ਪਹਿਲੇ 6 ਮਹੀਨਿਆਂ ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦਾ ਅੰਕੜਾ 87,026 ਤੱਕ ਪੁੱਜ ਗਿਆ ਸੀ | ਇੱਕ ਅੰਦਾਜ਼ੇ ਮੁਤਾਬਕ ਹਰ ਸਾਲ 20 ਲੱਖ ਭਾਰਤੀ ਬਦੇਸ਼ਾਂ ਵੱਲ ਹਿਜਰਤ ਕਰ ਜਾਂਦੇ ਹਨ, ਜਿਸ ਨਾਲ ਇਨ੍ਹਾਂ ਦੀ ਅਬਾਦੀ 3 ਕਰੋੜ ਤੋਂ ਟੱਪ ਗਈ ਹੈ |
ਭਾਰਤ ਨੂੰ ਵਿਸ਼ਵ ਗੁਰੂ ਬਣਾ ਦੇਣ ਦੇ ਨਾਗਰਿਕਾਂ ਨੂੰ ਸੁਫਨੇ ਦਿਖਾ ਰਹੇ ਹਾਕਮਾਂ ਨੇ ਅਸਲ ਵਿੱਚ ਭਾਰਤ ਨੂੰ ਮਜ਼ਦੂਰ ਸਪਲਾਈ ਕਰਨ ਦਾ ਕੇਂਦਰ ਬਣਾ ਦਿੱਤਾ ਹੈ | ਵਿਸ਼ਵ ਗੁਰੂ ਦੀ ਸਰਕਾਰ ਨੇ ਇਜ਼ਰਾਈਲ, ਗਰੀਸ ਤੇ ਇਟਲੀ ਨਾਲ ਸਸਤੇ ਮਜ਼ਦੂਰ ਸਪਲਾਈ ਕਰਨ ਲਈ ਸਮਝੌਤੇ ਕੀਤੇ ਹਨ | ਇਜ਼ਰਾਈਲ ਨੇ ਫਲਸਤੀਨੀਆਂ ਨੂੰ ਕੱਢ ਦੇਣ ਤੋਂ ਬਾਅਦ ਬਦਲ ਦੇ ਤੌਰ ਉੱਤੇ ਭਾਰਤੀਆਂ ਨੂੰ ਖੇਤੀ ਤੇ ਸਨਅਤੀ ਮਜ਼ਦੂਰ ਵਜੋਂ ਲੈਣ ਦਾ ਫੈਸਲਾ ਕੀਤਾ ਹੈ | ਇਸ ਨੇ ਅੰਗਰੇਜ਼ੀ ਰਾਜ ਦੇ ਉਨ੍ਹਾਂ ਦਿਨਾਂ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ, ਜਦੋਂ ਅੰਗਰੇਜ਼ ਸਾਡੇ ਦੇਸ਼ ਦੇ ਗਰੀਬਾਂ ਨੂੰ ਮਜ਼ਦੂਰੀ ਕਰਨ ਲਈ ਅਫ਼ਰੀਕੀ ਦੇਸ਼ਾਂ ਵਿੱਚ ਲੈ ਕੇ ਜਾਂਦੇ ਸਨ | ਹਰ ਸਾਲ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸਰਕਾਰ ਨੇ ਭਾਰਤ ਨੂੰ ਇਸ ਹਾਲਤ ਵਿੱਚ ਪੁਚਾ ਦਿੱਤਾ ਹੈ ਕਿ ਉਸ ਦੇ ਨਾਗਰਿਕ ਦੂਜੇ ਦੇਸ਼ਾਂ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਹੋ ਰਹੇ ਹਨ | ਮੱਧਵਰਗ ਦੇ ਲੋਕ 50-50 ਲੱਖ ਰੁਪਏ ਖ਼ਰਚ ਕਰਕੇ ਬਦੇਸ਼ ਭੱਜ ਜਾਣਾ ਚਾਹੁੰਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਇਸ ਦੇਸ਼ ਵਿੱਚ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ | ਜੇਕਰ ਖਾਂਦੇ-ਪੀਂਦੇ ਲੋਕਾਂ ਲਈ ਇਸ ਦੇਸ਼ ਵਿੱਚ ਕੋਈ ਭਵਿੱਖ ਨਹੀਂ ਤਾਂ 5 ਕਿਲੋ ਅਨਾਜ ਉੱਤੇ ਗੁਜ਼ਾਰਾ ਕਰਨ ਵਾਲਿਆਂ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਹੈ |
ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਇਨ੍ਹਾਂ ਮਸਲਿਆਂ ਬਾਰੇ ਸੋਚਣ, ਇਸ ਲਈ ਉਹ ਕਦੇ ਹਿੰਦੂ-ਮੁਸਲਿਮ ਸ਼ੁਰੂ ਕਰ ਦਿੰਦੀ ਹੈ ਤੇ ਕਦੇ ਰਾਮ ਮੰਦਰ ਦੇ ਮੁੱਦੇ ਨੂੰ ਚੁੱਕ ਲੈਂਦੀ ਹੈ | ਉਸ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੋਦੀ ਭਗਤਾਂ ਨੂੰ ਅਜਿਹੇ ਮੁੱਦਿਆਂ ਦੀ ਖੁਰਾਕ ਲਗਾਤਾਰ ਮਿਲਦੀ ਰਹੇ ਤਾਂ ਕਿ ਉਹ ਹੋਸ਼ ਵਿੱਚ ਨਾ ਆ ਸਕਣ | ਰਾਮ ਮੰਦਰ ਦੀ ਉਸਾਰੀ ਦੀ ਖੁਮਾਰੀ ਵੀ ਅਜਿਹੀ ਹੀ ਇੱਕ ਖੁਰਾਕ ਹੈ, ਜਿਸ ਦੇ ਆਸਰੇ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੀ ਕੋਸ਼ਿਸ਼ ਵਿੱਚ ਹੈ |
-ਚੰਦ ਫਤਿਹਪੁਰੀ



