ਇੰਫਾਲ : ਅੱਜ ਤੋਂ ਰਾਹੁਲ ਗਾਂਧੀ ਦੀ ਅਗਵਾਈ ’ਚ ਮਨੀਪੁਰ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਹੋਵੇਗੀ, ਜਿਸ ਜ਼ਰੀਏ ਉਨ੍ਹਾ ਦੀ ਕੋਸ਼ਿਸ਼ ਹੋਵੇਗੀ ਕਿ ਲੋਕ ਸਭਾ ਚੋਣਾਂ ’ਚ ਬੇਰੁਜ਼ਗਾਰੀ, ਮਹਿੰਗਾਈ ਅਤੇ ਸਮਾਜਿਕ ਨਿਆਏ ਨਾਲ ਜੁੜੇ ਮੁੱਦਿਆਂ ਨੂੰ ਸਾਹਮਣੇ ਲਿਆਂਦਾ ਜਾਵੇ। ਇਹ ਯਾਤਰਾ 14 ਜਨਵਰੀ ਨੂੰ ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਨੇੜੇ ਥੋਬਲ ਤੋਂ ਸ਼ੁਰੂ ਹੋਵੇਗੀ ਅਤੇ ਮਾਰਚ ਦੇ ਤੀਜੇ ਹਫ਼ਤੇ ਮੁੰਬਈ ’ਚ ਸੰਪੰਨ ਹੋਵੇਗੀ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ 14 ਜਨਵਰੀ ਨੂੰ ਇੰਫਾਲ ਤੋਂ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ। ਇਸ ਯਾਤਰਾ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਰੂਪ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਪਿਛਲੇ ਦਿਨੀ ਕਿਹਾ ਸੀ ਕਿ ਇਸ ਯਾਤਰਾ ’ਚ ਦੇਸ਼ ਦੀਆਂ ਔਰਤਾਂ, ਨੌਜਵਾਨਾਂ ਅਤੇ ਪੱਛੜੇ ਵਰਗ ਦੇ ਲੋਕਾਂ ਨਾਲ ਗੱਲਬਾਤ ਕੀਤੀ ਜਾਵੇਗੀ।


