ਮੁੰਬਈ : ਮਸ਼ਹੂਰ ਕਲਾਸੀਕਲ ਗਾਇਕਾ ਪ੍ਰਭਾ ਅੱਤਰੇ ਦਾ 92 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾ ਨੂੰ ਸ਼ਨੀਵਾਰ ਸਵੇਰੇ ਪੁਣੇ ’ਚ ਦਿਲ ਦਾ ਦੌਰਾ ਪਿਆ। ਘਰ ਵਾਲਿਆਂ ਨੇ ਤੁਰੰਤ ਉਨ੍ਹਾ ਨੂੰ ਦੀਨਾਨਾਥ ਮੰਗੇਸ਼ਕਰ ਹਸਪਤਾਲ ਦਾਖ਼ਲ ਕਰਵਾਇਆ, ਪਰ ਉਨ੍ਹਾ ਰਸਤੇ ’ਚ ਹੀ ਦਮ ਤੋੜ ਦਿੱਤਾ। ਕੁਝ ਦਿਨਾਂ ਬਾਅਦ ਹੀ ਉਹ ਮੁੰਬਈ ’ਚ ਪ੍ਰੋਗਰਾਮ ਕਰਨ ਵਾਲੀ ਸੀ, ਜਿਸ ਦੀਆਂ ਸਾਰੀਆਂ ਤਿਆਰੀਆਂ ਵੀ ਕੀਤੀਆਂ ਗਈਆਂ ਸਨ, ਪਰ ਇਸ ਤੋਂ ਪਹਿਲਾਂ ਹੀ ਉਨ੍ਹਾ ਦਾ ਦੇਹਾਂਤ ਹੋ ਗਿਆ। ਪੁਣੇ ਨਾਲ ਸੰਬੰਧ ਰੱਖਣ ਵਾਲੀ ਗਾਇਕਾ ਪ੍ਰਭਾ ਅੱਤਰੇ ਨੂੰ 1990 ’ਚ ਪਦਮਸ੍ਰੀ ਅਤੇ 2002 ’ਚ ਪਦਮਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ, ਉਥੇ ਹੀ ਦੋ ਸਾਲ ਪਹਿਲਾਂ 2022 ’ਚ ਉਨ੍ਹਾ ਨੂੰ ਪਦਮਵਿਭੂਸ਼ਣ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਪ੍ਰਭਾ ਅੱਤਰੇ ਕੋਲ ਸਿੰਗਲ ਸਟੇਜ ’ਚ 11 ਬੁੱਕ ਰਿਲੀਜ਼ ਕਰਨ ਦਾ ਵਰਲਡ ਰਿਕਾਰਡ ਹੈ। ਉਨ੍ਹਾ 18 ਅਪ੍ਰੈਲ 2016 ਨੂੰ ਨਵੀਂ ਦਿੱਲੀ ਦੇ ਇੰਡੀਆ ਹੇਬਿਟੇਟ ਸੈਂਟਰ ’ਚ ਮਿਊਜ਼ਕ ’ਤੇ ਲਿਖੀ ਗਈ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ 11 ਕਿਤਾਬਾਂ ਲਾਂਚ ਕੀਤੀਆਂ ਸਨ।





