ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਪੀ ਐੱਸ ਪੀ ਸੀ ਐਲ ਨੂੰ ਮੁਨਾਫਾ ਕਮਾਉਣ ਵਾਲੇ ਵਿਭਾਗ ’ਚ ਅਗਵਾਈ ਕਰਨ ਲਈ ਪੰਜਾਬ ਦੀ ਮਾਨ ਸਰਕਾਰ ਦੀ ਸ਼ਲਾਘਾ ਕੀਤੀ।ਜ਼ਿਕਰਯੋਗ ਹੈ ਕਿ ਪੀ ਐੱਸ ਪੀ ਸੀ ਐਲ (ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ) ਨੇ ਸਤੰਬਰ 2023 ਨੂੰ ਖਤਮ ਹੋਈ ਤਿਮਾਹੀ ’ਚ 564 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਸੀ, ਜਦਕਿ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 1,880 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।ਪੀ ਐੱਸ ਪੀ ਸੀ ਐੱਲ ਦੀ ਮਦਦ ਕਰਨ ਵਾਲੇ ਮੁੱਖ ਕਾਰਕ ਪਛਵਾੜਾ ਕੋਲਾ ਖਾਣ, ਸਰਕਾਰੀ ਮਾਲਕੀ ਵਾਲੇ ਦੋ ਪਾਵਰ ਪਲਾਂਟ-ਲਹਿਰਾ ਮੁਹੱਬਤ ਦੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਅਤੇ ਰੂਪਨਗਰ ਦੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ, ਹਾਈਡਲ ਪਲਾਂਟਾਂ ’ਚ ਬਿਜਲੀ ਉਤਪਾਦਨ ਵਿੱਚ ਵਾਧਾ, ‘ਆਪ’ ਦੁਆਰਾ ਸਬਸਿਡੀਆਂ ਦਾ ਸਮੇਂ ਸਿਰ ਭੁਗਤਾਨ, ਸਰਕਾਰ ਅਤੇ ਵਿਭਾਗ ਨੂੰ ਕਾਫੀ ਨਗਦੀ ਵਹਾਅ ਆਦਿ ਹਨ।ਮਾਨ ਸਰਕਾਰ ਵੱਲੋਂ ਜਨਤਕ ਖੇਤਰ ਦੇ ਸੁਧਾਰ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੂੰ ਫਲ ਮਿਲ ਰਿਹਾ ਹੈ ਅਤੇ ਪੰਜਾਬ ਦਾ ਬਿਜਲੀ ਵਿਭਾਗ ਲਾਭਦਾਇਕ ਬਣ ਰਿਹਾ ਹੈ।ਇਸ ਕਾਮਯਾਬੀ ਲਈ ਮਾਨ ਸਰਕਾਰ ਦੀ ਤਾਰੀਫ਼ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਪੀ ਐੱਸ ਪੀ ਸੀ ਐੱਲ ਨੂੰ 564 ਕਰੋੜ ਰੁਪਏ ਦਾ ਮੁਨਾਫ਼ਾ ਕਮਾਉਣ ਦੀ ਖ਼ਬਰ ਸਾਂਝੀ ਕਰਦਿਆਂ ਐੱਕਸ ’ਤੇ ਲਿਖਿਆ, ‘ਹੁਣ ਤੱਕ ਮੁੱਠੀ-ਭਰ ਪਰਵਾਰ ਪੰਜਾਬ ਦਾ ਸਾਰਾ ਪੈਸਾ ਲੁੱਟਦੇ ਸਨ । ਜਨਤਾ ਬੇਵੱਸ ਸੀ, ਪਰ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਸੱਤਾ ਵਿੱਚ ਆਉਣ ਨਾਲ ਹਾਲਾਤ ਤੇਜ਼ੀ ਨਾਲ ਬਦਲਣੇ ਸ਼ੁਰੂ ਹੋ ਗਏ ਹਨ। ਐੱਕਸ ’ਤੇ ਉਨ੍ਹਾ ਦੇ ਜਵਾਬ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, ਅਰਵਿੰਦ ਕੇਜਰੀਵਾਲ ਜੀ, ਤੁਸੀਂ ਸਾਡੇ ਦੇਸ਼ ’ਚ ਇਮਾਨਦਾਰ ਅਤੇ ਪਾਰਦਰਸ਼ੀ ਰਾਜਨੀਤੀ ਦੀ ਮਸ਼ਾਲ ਜਗਾਈ, ਪੰਜਾਬ ਉਸੇ ਮਸ਼ਾਲ ਤੋਂ ਰੌਸ਼ਨੀ ਲੈ ਕੇ ਹੀਰੋ ਬਣ ਰਿਹਾ ਹੈ।ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਦੇ ਨਕਸ਼ੇ-ਕਦਮਾਂ ’ਤੇ ਚੱਲਦਿਆਂ ਸੂਬੇ ਦੇ ਆਮ ਲੋਕਾਂ ਦੀ ਸਹੂਲਤ ਲਈ ਜਨਤਕ ਖੇਤਰ ਨੂੰ ਮਜ਼ਬੂਤ ਕਰ ਰਹੀ ਹੈ। ਮਾਨ ਨੇ ਇਕ ਵਾਰ ਫਿਰ ਪੰਜਾਬ ਵਿਚ ਆਮ ਚੋਣਾਂ ਇਕੱਲਿਆਂ ਲੜਨ ਦਾ ਸੰਕੇਤ ਦਿੰਦਿਆਂ ਕਿਹਾ ਕਿ ‘ਆਪ’ ਸੂਬੇ ਦੀਆਂ ਸਾਰੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰੇਗੀ।



