ਨਵੀਂ ਦਿੱਲੀ : ‘ਇੰਡੀਆ’ ਗਠਜੋੜ ’ਚ ਸ਼ਾਮਲ 14 ਪਾਰਟੀਆਂ ਦੇ ਨੇਤਾਵਾਂ ਦੀ ਸ਼ਨੀਵਾਰ ਵਰਚੁਅਲ ਮੀਟਿੰਗ ਹੋਈ। ਮੀਟਿੰਗ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਗਠਜੋੜ ਦਾ ਚੇਅਰਮੈਨ ਬਣਾਉਣ ’ਤੇ ਸਹਿਮਤੀ ਹੋ ਗਈ ਹੈ, ਪਰ ਹਾਲੇ ਅਧਿਕਾਰਤ ਐਲਾਨ ਬਾਕੀ ਹੈ। ਸੂਤਰਾਂ ਅਨੁੁਸਾਰ ਨਿਤਿਸ਼ ਕੁਮਾਰ ਨੂੰ ਕੋਆਰਡੀਨੇਟਰ ਬਣਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ, ਪਰ ਉਨ੍ਹਾ ਨਾਂਹ ਕਰ ਦਿੱਤੀ। ਗਠਜੋੜ ਨੇਤਾਵਾਂ ਨੇ ਮੁਲਾਕਾਤ ਕੀਤੀ ਅਤੇ ਗਠਜੋੜ ਦੇ ਵੱਖ-ਵੱਖ ਪਹਿਲੂਆਂ ਅਤੇ ਅਪ੍ਰੈਲ-ਮਈ ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਬਾਰੇ ਚਰਚਾ ਕੀਤੀ। ਖੜਗੇ ਦੀ ਗਠਜੋੜ ਦੇ ਚੇਅਰਮੈਨ ਵਜੋਂ ਨਿਯੁਕਤੀ ’ਤੇ ਸਹਿਮਤੀ ਬਣ ਗਈ ਹੈ। ਨਿਯੁਕਤੀ ਬਾਰੇ ਐਲਾਨ ਛੇਤੀ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਨੇਤਾਵਾਂ ਨੇ ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਪ੍ਰਧਾਨ ਨਿਤਿਸ਼ ਕੁਮਾਰ ਨੂੰ ਗਠਜੋੜ ਦਾ ਕਨਵੀਨਰ ਬਣਾਉਣ ਦਾ ਵੀ ਫੈਸਲਾ ਕੀਤਾ ਹੈ, ਪਰ ਅੰਤਮ ਫੈਸਲਾ ਉਨ੍ਹਾਂ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਲਿਆ ਜਾਵੇਗਾ, ਜਿਨ੍ਹਾਂ ਦੇ ਨੁਮਾਇੰਦੇ ਮੀਟਿੰਗ ’ਚ ਮੌਜੂਦ ਨਹੀਂ ਸਨ ।ਨਿਤਿਸ਼ ਕੁਮਾਰ ਨੇ ਕਿਹਾਮੈਨੂੰ ਕਿਸੇ ਅਹੁਦੇ ਦੀ ਲਾਲਸਾ ਨਹੀਂ। ਜਦਯੂ ਲੀਡਰ ਸੰਜੇ ਝਾਅ ਨੇ ਕਿਹਾ ਕਿ ਚੇਅਰਮੈਨ ਦਾ ਅਹੁਦਾ ਤਾਂ ਕਾਂਗਰਸ ਨੂੰ ਆਪਣੇ ਕੋਲ ਰੱਖਣਾ ਚਾਹੀਦਾ ਹੈ। ਮੀਟਿੰਗ ’ਚ ਸੀਟ ਸ਼ੇਅਰਿੰਗ ’ਚ ਆ ਰਹੀਆਂ ਚੁਣੌਤੀਆਂ ’ਤੇ ਵੀ ਚਰਚਾ ਕੀਤੀ ਗਈ। ਮੀਟਿੰਗ ’ਚ ਆਰ ਜੇ ਡੀ ਦੇ ਮੁਖੀ ਲਾਲੂ ਯਾਦਵ ਅਤੇ ਉਨ੍ਹਾ ਦੇ ਪੁੱਤਰ ਤੇਜਸਵੀ ਯਾਦਵ, ਐੱਨ ਸੀ ਪੀ ਚੀਫ਼ ਸ਼ਰਦ ਪਵਾਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉਮਰ ਅਬਦੁੱਲਾ, ਸੀਤਾ ਰਾਮ ਯੇਚੁਰੀ, ਡੀ ਰਾਜਾ ਸਮੇਤ ਕਈ ਹੋਰ ਨੇਤਾ ਵੀ ਸ਼ਾਮਲ ਹੋਏ।
ਇਸ ਮੀਟਿੰਗ ’ਚ ਟੀ ਐੱਮ ਸੀ ਸੁਪਰੀਮੋ ਮਮਤਾ ਬੈਨਰਜੀ, ਊਧਵ ਠਾਕਰੇ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਸ਼ਾਮਲ ਨਹੀਂ ਹੋਏ। ਤਿ੍ਰਣਮੂਲ ਸੂਤਰਾਂ ਨੇ ਕਿਹਾ ਕਿ ਮੀਟਿੰਗ ਦੀ ਜਾਣਕਾਰੀ ਬਹੁਤ ਦੇਰ ਨਾਲ ਮਿਲੀ ਅਤੇ ਮਮਤਾ ਦਾ ਪ੍ਰੋਗਰਾਮ ਪਹਿਲਾਂ ਹੀ ਤੈਅ ਸੀ। ਇਸ ਲਈ ਉਹ ਮੀਟਿੰਗ ’ਚ ਸ਼ਾਮਲ ਨਹੀਂ ਹੋ ਸਕੇ। ਰਿਪੋਰਟ ਮੁਤਾਬਕ ਇਹ ਮੀਟਿੰਗ ਕੁਝ ਦਿਨ ਪਹਿਲਾ ਹੋਣੀ ਸੀ, ਪਰ ਕਿਸੇ ਕਾਰਨ ਕਰਕੇ ਐਨ ਮੌਕੇ ’ਤੇ ਰੱਦ ਹੋ ਗਈ ਸੀ। ਆਗਾਮੀ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਮੁਕਾਬਲਾ ਕਰਨ ਲਈ 28 ਵਿਰੋਧੀ ਪਾਰਟੀਆਂ ਇੰਡੀਅਨ ਨੈਸ਼ਨਲ ਡਿਵੈੱਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੇ ਬੈਨਰ ਹੇਠ ਇਕੱਠੀਆਂ ਹੋ ਗਈਆਂ ਹਨ।



