ਮਾਲੇ : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਭਾਰਤ ਨੂੰ ਆਪਣੇ ਫੌਜੀ ਕੱਢਣ ਲਈ 15 ਮਾਰਚ ਤੱਕ ਦਾ ਅਲਟੀਮੇਟਮ ਦਿੱਤਾ ਹੈ। ਐਤਵਾਰ ਰਾਸ਼ਟਰਪਤੀ ਦਫਤਰ ਦੇ ਬੁਲਾਰੇ ਨਜ਼ੀਮ ਇਬਰਾਹੀਮ ਨੇ ਕਿਹਾਭਾਰਤੀ ਫੌਜੀ ਮਾਲਦੀਵ ਵਿਚ ਨਹੀਂ ਰਹਿ ਸਕਦੇ। ਰਾਸ਼ਟਰਪਤੀ ਮੁਈਜ਼ੂ ਸਰਕਾਰ ਦੀ ਇਹੀ ਨੀਤੀ ਹੈ। ਮਾਲਦੀਵ ਵਿਚ ਫਿਲਹਾਲ 88 ਫੌਜੀ ਹਨ। ਦੋਹਾਂ ਦੇਸ਼ਾਂ ਨੇ ਫੌਜੀ ਹਟਾਉਣ ਸੰਬੰਧੀ ਉੱਚ ਪੱਧਰੀ ਕਮੇਟੀ ਬਣਾਈ ਹੋਈ ਹੈ। ਇਸ ਕਮੇਟੀ ਨੇ ਐਤਵਾਰ ਮਾਲਦੀਵ ਦੇ ਵਿਦੇਸ਼ ਮੰਤਰਾਲੇ ਵਿਚ ਪਹਿਲੀ ਬੈਠਕ ਕੀਤੀ, ਜਿਸ ਵਿਚ ਭਾਰਤ ਦੇ ਹਾਈ ਕਮਿਸ਼ਨਰ ਮੁਨੂ ਮਹਾਵਰ ਵੀ ਮੌਜੂਦ ਸਨ। ਭਾਰਤੀ ਵਿਦੇਸ਼ ਮੰਤਰਾਲੇ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਹਾਲਾਂਕਿ ਰਾਸ਼ਟਰਪਤੀ ਮੁਈਜ਼ੂ ਨੇ ਬੀਤੇ ਦਿਨੀਂ ਕਿਹਾ ਸੀ ਕਿ ਭਾਰਤ ਸਰਕਾਰ ਨੇ ਫੌਜੀ ਹਟਾਉਣ ਦਾ ਫੈਸਲਾ ਕੀਤਾ ਹੈ।
ਭਾਰਤ ਨੇ ਮਾਲਦੀਵ ਨੂੰ 2010 ਤੇ 2013 ਵਿਚ ਦੋ ਹੈਲੀਕਾਪਟਰ ਤੇ 2020 ਵਿਚ ਇਕ ਛੋਟਾ ਜਹਾਜ਼ ਤੋਹਫੇ ਵਿਚ ਦਿੱਤੇ ਸਨ। ਇਸ ’ਤੇ ਮਾਲਦੀਵ ਵਿਚ ਕਾਫੀ ਹੰਗਾਮਾ ਹੋਇਆ। ਮੁਈਜ਼ੂ ਦੀ ਅਗਵਾਈ ਵਿਚ ਆਪੋਜ਼ੀਸ਼ਨ ਨੇ ਤਤਕਾਲੀ ਰਾਸ਼ਟਰਪਤੀ ਸਾਲਿਹ ਉੱਤੇ ‘ਇੰਡੀਆ ਫਸਟ’ ਨੀਤੀ ਅਪਣਾਉਣ ਦਾ ਦੋਸ਼ ਲਾਇਆ ਸੀ। ਭਾਰਤ ਦਾ ਕਹਿਣਾ ਹੈ ਕਿ ਤੋਹਫੇ ਵਿਚ ਦਿੱਤੇ ਜਹਾਜ਼ ਦਾ ਇਸਤੇਮਾਲ ਖੋਜ ਤੇ ਬਚਾਅ ਮੁਹਿੰਮਾਂ ਅਤੇ ਮਰੀਜ਼ ਲਿਜਾਣ ਲਈ ਕੀਤਾ ਜਾਣਾ ਸੀ। ਮਾਲਦੀਵ ਦੀ ਫੌਜ ਨੇ 2021 ਵਿਚ ਦੱਸਿਆ ਸੀ ਕਿ ਜਹਾਜ਼ ਦੇ ਸੰਚਾਲਨ ਤੇ ਮੁਰੰਮਤ ਲਈ 70 ਤੋਂ ਵੱਧ ਫੌਜੀ ਮਾਲਦੀਵ ਵਿਚ ਹਨ। ਇਸ ਦੇ ਬਾਅਦ ਮਾਲਦੀਵ ਦੀਆਂ ਆਪੋਜ਼ੀਸ਼ਨ ਪਾਰਟੀਆਂ ਨੇ ‘ਇੰਡੀਆ ਆਊਟ’ ਮੁਹਿੰਮ ਸ਼ੁਰੂ ਕਰ ਦਿੱਤੀ। ਉਨ੍ਹਾਂ ਦੀ ਮੰਗ ਸੀ ਕਿ ਭਾਰਤੀ ਫੌਜੀ ਮਾਲਦੀਵ ਛੱਡਣ। 2023 ਦੀ ਰਾਸ਼ਟਰਪਤੀ ਚੋਣ ਵਿਚ ਮੁਈਜ਼ੂ ਨੇ ਭਾਰਤੀ ਫੌਜੀਆਂ ਦਾ ਮੁੱਦਾ ਜ਼ੋਰਸ਼ੋਰ ਨਾਲ ਉਛਾਲਿਆ ਸੀ ਤੇ ‘ਇੰਡੀਆ ਆਊਟ’ ਦਾ ਨਾਅਰਾ ਦਿੱਤਾ ਸੀ। ਉਨ੍ਹਾ ਭਾਰਤੀ ਫੌਜੀਆਂ ਦੀ ਮੌਜੂਦਗੀ ਨੂੰ ਮਾਲਦੀਵ ਦੀ ਪ੍ਰਭੂਸੱਤਾ ਲਈ ਖਤਰਾ ਦੱਸਿਆ ਸੀ। ਅਕਤੂਬਰ ਵਿਚ ਹੋਈਆਂ ਚੋਣਾਂ ਵਿਚ ਪ੍ਰੋਗਰੈਸਿਵ ਪਾਰਟੀ ਆਫ ਮਾਲਦੀਵ (ਪੀ ਪੀ ਐੱਮ) ਦੇ ਆਗੂ ਮੁਈਜ਼ੂ ਜਿੱਤ ਗਏ। ਪੀ ਪੀ ਐੱਮ ਚੀਨ ਦੇ ਕਰੀਬੀ ਹੈ।



