ਮੋਦੀ ਦੇ 10 ਵਰ੍ਹੇ

0
193

ਸਰਕਰਦਾ ਅੰਗਰੇਜ਼ੀ ਅਖਬਾਰ ‘ਦੀ ਇੰਡੀਅਨ ਐੱਕਸਪ੍ਰੈੱਸ’ ਵਿਚ ਆਰਥਕ ਮਾਮਲਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਆਰਥਕ ਮਾਹਰ ਉਦਿਤ ਮਿਸ਼ਰਾ ਨੇ 2014-15 ਤੋਂ ਦਸੰਬਰ 2023 ਤੱਕ ਦੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਮੋਦੀ ਕਾਲ ਵਿਚ ਲੋਕਾਂ ਦੀ ਆਰਥਕ ਹਾਲਤ ਕੀ ਰਹੀ ਹੈ। ਉਨ੍ਹਾ ਮੁਤਾਬਕ 2014-15 ਵਿਚ ਜਿਹੜੀ ਚੀਜ਼ ਦਾ ਭਾਅ 100 ਰੁਪਏ ਸੀ, ਉਸ ਨੂੰ ਖਰੀਦਣ ਲਈ ਗਾਹਕ ਨੂੰ ਦਸੰਬਰ 2023 ਵਿਚ 164 ਰੁਪਏ ਚੁਕਾਉਣੇ ਪਏ। ਮਿਸਾਲ ਵਜੋਂ ਜਿਸ ਵਿਅਕਤੀ ਦੀ 2014 ਵਿਚ ਤਨਖਾਹ 10 ਹਜ਼ਾਰ ਰੁਪਏ ਸੀ ਅਤੇ ਉਸ ਨਾਲ ਉਹ ਜਿੰਨੀਆਂ ਚੀਜ਼ਾਂ ਖਰੀਦ ਸਕਦਾ ਸੀ, ਓਨੀਆਂ ਚੀਜ਼ਾਂ ਲਈ ਉਸ ਨੂੰ 2023 ਵਿਚ 16 ਹਜ਼ਾਰ 400 ਰੁਪਏ ਖਰਚਣੇ ਪਏ। ਜੇ ਉਸ ਦੀ ਆਮਦਨ 10 ਸਾਲਾਂ ਵਿਚ ਸਿਰਫ 50 ਫੀਸਦੀ ਵਧੀ ਹੈ ਤਾਂ ਉਸ ਨੂੰ ਅੱਜ 15 ਹਜ਼ਾਰ ਰੁਪਏ ਮਹੀਨਾ ਮਿਲ ਰਹੇ ਹੋਣਗੇ। ਸਾਫ ਹੈ ਕਿ ਉਸ ਨੂੰ ਆਪਣੀਆਂ ਲੋੜਾਂ ਵਿਚ ਕੁਝ ਚੀਜ਼ਾਂ ਦੀ ਕਟੌਤੀ ਕਰਨੀ ਪੈ ਰਹੀ ਹੋਵੇਗੀ। ਜੇ ਤਨਖਾਹ 20 ਹਜ਼ਾਰ ਰੁਪਏ ਹੋ ਚੁੱਕੀ ਹੈ ਤਾਂ ਉਹ ਤੇ ਉਸ ਦਾ ਪਰਵਾਰ ਨੋੋਟ-ਪਸਾਰੇ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ, ਯਾਨੀ ਕਿ ਉਹ ਕੁਝ ਹੋਰ ਚੀਜ਼ਾਂ ਲੈ ਸਕਦਾ ਜਾਂ ਬੱਚਤ ਵੀ ਕਰ ਰਿਹਾ ਹੋਵੇਗਾ। ਮਾਹਰ ਨੇ 2018-19 ਨਾਲ ਵੀ ਤੁਲਨਾ ਕਰਕੇ ਹਿਸਾਬ ਕੱਢਿਆ ਹੈ ਕਿ ਨੋਟ-ਪਸਾਰੇ ਵਿਚ 32 ਫੀਸਦੀ ਦਾ ਵਾਧਾ ਹੋਇਆ ਹੈ। ਇਸ ਨਾਲ ਪਿਛਲੇ ਪੰਜ ਸਾਲਾਂ ਵਿਚ ਆਮਦਨ ਤੇ ਮਹਿੰਗਾਈ ਦਾ ਤੁਲਨਾਤਮਕ ਅਧਿਐਨ ਕਰਕੇ ਅਸਲ ਸਥਿਤੀ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਅਸਲ ਸਥਿਤੀ ਇਹ ਹੈ ਕਿ ਆਮ ਲੋਕਾਂ ਦੇ ਜੀਵਨ ਪੱਧਰ ਵਿਚ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ। ਦੁੱਧ, ਫਲ ਤੇ ਵਿਟਾਮਿਨ, ਪ੍ਰੋਟੀਨ ਵਾਲੇ ਭੋਜਨ ਵਿਚ ਕਮੀ ਆਈ ਹੈ। ਕੌਮਾਂਤਰੀ ਏਜੰਸੀਆਂ ਭਾਰਤੀਆਂ ਦੀ ਸਿਹਤ ਤੇ ਬੱਚਿਆਂ ਵਿਚ ਕੁਪੋਸ਼ਣ ਦੀ ਵਧਦੀ ਮਾਤਰਾ ਦੇ ਅੰਕੜੇ ਪ੍ਰਕਾਸ਼ਤ ਕਰਦੀਆਂ ਹਨ, ਜਿਨ੍ਹਾਂ ਨੂੰ ਮੋਦੀ ਸਰਕਾਰ ਲਗਾਤਾਰ ਰੱਦ ਕਰਦੀ ਆ ਰਹੀ ਹੈ।
ਗਰੀਬ ਲੋਕਾਂ ਦੀ ਹਾਲਤ ਦਾ ਅੰਦਾਜ਼ਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ 2014-15 ਦੌਰਾਨ ਘੱਟੋ-ਘੱਟ ਦਿਹਾੜੀ 137 ਰੁਪਏ ਸੀ, ਜਿਹੜੀ 2015-16 ਵਿਚ 160 ਰੁਪਏ ਹੋ ਗਈ ਸੀ। 2017-18 ਵਿਚ 176 ਤੇ 2019-20 ਵਿਚ 178 ਰੁਪਏ ਹੋਈ। ਉਸ ਤੋਂ ਬਾਅਦ ਦੇ ਪੰਜ ਸਾਲਾਂ ਵਿਚ 178 ਰੁਪਏ ਤੋਂ ਅੱਗੇ ਨਹੀਂ ਵਧੀ। ਇਨ੍ਹਾਂ ਪੰਜ ਸਾਲਾਂ ਵਿਚ ਨੋਟ-ਪਸਾਰਾ ਏਨਾ ਹੋਇਆ ਕਿ ਮਹਿੰਗਾਈ ਦੀ ਦਰ ਵਿਚ 32 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਦਿਹਾੜੀ ਸਿਰਫ ਦੋ ਰੁਪਏ ਹੀ ਵਧੀ ਹੈ। ਇਕ ਮਜ਼ਦੂਰ ਦੀ ਦਿਹਾੜੀ 2023 ਵਿਚ 2018 ਦੇ ਮੁਕਾਬਲੇ ਘੱਟੋ-ਘੱਟ 232 ਰੁਪਏ ਹੋਣੀ ਚਾਹੀਦੀ ਸੀ, ਪਰ ਉਹ ਅੱਜ ਵੀ ਪੰਜ ਸਾਲ ਪਹਿਲਾਂ ਵਾਲੀ ਦਿਹਾੜੀ ਨਾਲ ਹੀ ਜ਼ਿੰਦਗੀ ਜੀ ਰਿਹਾ ਹੈ। ਸਿਤਮਜ਼ਰੀਫੀ ਇਹ ਵੀ ਹੈ ਕਿ ਨਾਗਾਲੈਂਡ, ਤਾਮਿਲਨਾਡੂ, ਪੱਛਮੀ ਬੰਗਾਲ, ਤਿ੍ਰਪੁਰਾ ਤੇ ਹਿਮਾਚਲ ਵਿਚ ਘੱਟੋ-ਘੱਟ ਦਿਹਾੜੀ 115, 132, 166, 170 ਤੇ 171 ਚੱਲ ਰਹੀ ਹੈ, ਜਿਹੜੀ ਕਿ ਕੌਮੀ ਔਸਤ ਤੋਂ ਘੱਟ ਹੈ।
ਨੀਤੀ ਘਾੜਿਆਂ ਤੇ ਨੌਕਰਸ਼ਾਹੀ ਨੂੰ ਸਭ ਪਤਾ ਹੈ ਕਿ ਦੇਸ਼ ਦੀ ਬਹੁਗਿਣਤੀ ਆਬਾਦੀ ਦੀ ਹਾਲਤ ਕੀ ਹੈ, ਪਰ ਉਹ ਇਹ ਗੱਲ ਵੀ ਬਾਖੂਬੀ ਜਾਣਦੇ ਹਨ ਕਿ ਕਿਵੇਂ ਇਕ ਵੱਡੀ ਆਬਾਦੀ ਨੂੰ ਆਸਾਨੀ ਨਾਲ ਧਰਮ ਤੇ ਜਾਤ ਦੀ ਪਿਛੜੀ ਸੋਚ ਕਾਰਨ ਆਸਾਨੀ ਨਾਲ ਵਰਗਲਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here