ਮੁਨੱਵਰ ਰਾਣਾ ਨਹੀਂ ਰਹੇ

0
143

ਲਖਨਊ : ਮਸ਼ਹੂਰ ਸ਼ਾਇਰ ਮੁਨੱਵਰ ਰਾਣਾ (71) ਦਾ ਐਤਵਾਰ ਦੇਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾ ਦੇ ਪਰਵਾਰ ਵਿਚ ਪਤਨੀ, ਚਾਰ ਧੀਆਂ ਤੇ ਇਕ ਪੁੱਤਰ ਹੈ। ਪੁੱਤਰ ਤਬਰੇਜ਼ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਇੱਥੇ ਪੀ ਜੀ ਆਈ ਵਿਚ ਭਰਤੀ ਸਨ। ਉਨ੍ਹਾ ਨੂੰ ਕਿਡਨੀ ਤੇ ਦਿਲ ਸੰਬੰਧੀ ਕਈ ਸਮੱਸਿਆਵਾਂ ਸਨ। ਮੁਨੱਵਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਵੀ ਮਿਲਿਆ ਸੀ, ਪਰ ਸਰਕਾਰ ਨਾਲ ਨਾਰਾਜ਼ਗੀ ਕਾਰਨ ਉਨ੍ਹਾ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾ ਨੂੰ ਅਮੀਰ ਖੁਸਰੋ, ਮੀਰ ਤਕੀ ਮੀਰ ਪੁਰਸਕਾਰ, ਗਾਲਿਬ ਪੁਰਸਕਾਰ, ਡਾ. ਜ਼ਾਕਿਰ ਹੁਸੈਨ ਪੁਰਸਕਾਰ ਤੇ ਸਰਸਵਤੀ ਪੁਰਸਕਾਰ ਸਮੇਤ ਕਈ ਵਕਾਰੀ ਸਨਮਾਨ ਮਿਲੇ ਸਨ। ਹਿੰਦੁਸਤਾਨ ਦੇ ਸਭ ਤੋਂ ਮਸ਼ਹੂਰ ਸ਼ਾਇਰਾਂ ਵਿਚ ਮੰਨੇ ਜਾਂਦੇ ਰਾਣਾ ਦੀ ਨਜ਼ਮ ਦਾ ਉਰਦੂ ਸਾਹਿਤ ਜਗਤ ਵਿਚ ਆਪਣਾ ਹੀ ਮੁਕਾਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਨੱਵਰ ਰਾਣਾ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾ ਨੇ ਉਰਦੂ ਸਾਹਿਤ ਅਤੇ ਸ਼ਾਇਰੀ ਵਿਚ ਭਰਪੂਰ ਯੋਗਦਾਨ ਪਾਇਆ।
ਨਵਾਂਸ਼ਹਿਰ ਦਾ ਤਾਪਮਾਨ ਸਿਫਰ ਤੋਂ ਥੱਲੇ
ਚੰਡੀਗੜ੍ਹ : ਸ਼ਹੀਦ ਭਗਤ ਸਿੰਘ ਨਗਰ ਵਿੱਚ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ। ਲੁਧਿਆਣਾ ਦਾ ਇੱਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.6 ਡਿਗਰੀ ਘੱਟ ਹੈ। ਪਟਿਆਲਾ ’ਚ ਤਾਪਮਾਨ 3.2 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.4 ਡਿਗਰੀ ਘੱਟ ਹੈ, ਜਦਕਿ ਅੰਮਿ੍ਰਤਸਰ ’ਚ ਘੱਟੋਘੱਟ ਤਾਪਮਾਨ 5.7, ਪਠਾਨਕੋਟ, ਬਠਿੰਡਾ, ਫਰੀਦਕੋਟ ਤੇ ਗੁਰਦਾਸਪੁਰ ’ਚ ਕ੍ਰਮਵਾਰ 3.8, 2.2, 4.4 ਅਤੇ 3.1 ਡਿਗਰੀ ਰਿਹਾ। ਚੰਡੀਗੜ੍ਹ ਦਾ 3.6 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.3 ਡਿਗਰੀ ਘੱਟ ਹੈ। ਨਾਰਨੌਲ ਹਰਿਆਣਾ ਦਾ ਸਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ ਘੱਟ ਤਾਪਮਾਨ 1.8 ਡਿਗਰੀ ਦਰਜ ਕੀਤਾ ਗਿਆ।
ਏ ਟੀ ਐੱਮ ਕੱਟਦਿਆਂ ਅੱਗ ਲੱਗਣ ਨਾਲ 21 ਲੱਖ ਸੁਆਹ
ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਚੋਰਾਂ ਨੇ ਗੈਸ ਕਟਰ ਨਾਲ ਏ ਟੀ ਐੱਮ ਨੂੰ ਕੱਟ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਅੱਗ ਲੱਗ ਗਈ, ਜਿਸ ਕਾਰਨ 21 ਲੱਖ ਰੁਪਏ ਦੀ ਨਕਦੀ ਸੜ ਕੇ ਸੁਆਹ ਹੋ ਗਈ। ਇਹ ਘਟਨਾ 13 ਜਨਵਰੀ ਦੀ ਅੱਧੀ ਰਾਤ ਨੂੰ ਡੋਂਬੀਵਾਲੀ ਟਾਊਨਸ਼ਿਪ ਦੇ ਵਿਸ਼ਣੂ ਨਗਰ ਇਲਾਕੇ ’ਚ ਸਰਕਾਰੀ ਬੈਂਕ ਦੇ ਏ ਟੀ ਐੱਮ ਬੂਥ ’ਤੇ ਵਾਪਰੀ। ਅਣਪਛਾਤੇ ਵਿਅਕਤੀ ਬੂਥ ਦੇ ਸ਼ਟਰ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਗੈਸ ਕਟਰ ਨਾਲ ਏ ਟੀ ਐੱਮ ਨੂੰ ਕੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜ਼ਿਆਦਾ ਗਰਮੀ ਹੋਣ ਕਾਰਨ ਅੱਗ ਲੱਗ ਗਈ ਅਤੇ ਮਸ਼ੀਨ ’ਚ ਪਏ ਕਰੀਬ 21,11,800 ਰੁਪਏ ਸੁਆਹ ਹੋ ਗਏ।
ਥੋਕ ਮਹਿੰਗਾਈ ’ਚ ਵਾਧਾ
ਨਵੀਂ ਦਿੱਲੀ : ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਦਸੰਬਰ 2023 ’ਚ ਵਧ ਕੇ 0.73 ਫੀਸਦ ਤੱਕ ਪੁੱਜ ਗਈ। ਥੋਕ ਮਹਿੰਗਾਈ ਅਪਰੈਲ ਤੋਂ ਅਕਤੂਬਰ ਤੱਕ ਮਨਫੀ ਰਹੀ ਤੇ ਨਵੰਬਰ ਵਿੱਚ 0.26 ਫੀਸਦੀ ’ਤੇ ਆ ਗਈ ਸੀ। ਸਰਕਾਰੀ ਅੰਕੜਿਆਂ ਮੁਤਾਬਕ ਦਸੰਬਰ 2023 ’ਚ ਥੋਕ ਮਹਿੰਗਾਈ ਖੁਰਾਕੀ ਵਸਤਾਂ, ਮਸ਼ੀਨਰੀ ਅਤੇ ਉਪਕਰਣ, ਨਿਰਮਾਣ, ਕੰਪਿਊਟਰ ਤੇ ਇਲੈਕਟ੍ਰੋਨਿਕਸ ਸਾਮਾਨ ਦੀਆਂ ਕੀਮਤਾਂ ਕਾਰਨ ਵਧੀ ਹੈ।

LEAVE A REPLY

Please enter your comment!
Please enter your name here