ਇੰਫਾਲ : ਰਾਹੁਲ ਗਾਂਧੀ ਨੇ ਐਤਵਾਰ ਮਨੀਪੁਰ ਦੇ ਥੌਬਲ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰ ਦਿੱਤੀ। ਇਸ ਮੌਕੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਸਣੇ ਕਈ ਸੀਨੀਅਰ ਆਗੂ ਮੌਜੂਦ ਸਨ। ਇਹ ਯਾਤਰਾ 15 ਰਾਜਾਂ ਦੇ 110 ਜ਼ਿਲ੍ਹਿਆਂ ਵਿੱਚੋਂ ਲੰਘਦੀ ਹੋਈ 6713 ਕਿੱਲੋਮੀਟਰ ਦਾ ਪੰਧ ਤੈਅ ਕਰਕੇ 20 ਮਾਰਚ ਨੂੰ ਮੁੰਬਈ ਵਿਖੇ ਖਤਮ ਹੋਵੇਗੀ। ਯਾਤਰਾ 100 ਲੋਕ ਸਭਾ ਤੇ 337 ਅਸੰਬਲੀ ਸੀਟਾਂ ਤੋਂ ਹੋ ਕੇ ਗੁਜ਼ਰੇਗੀ। ਸ਼ੁਰੂਆਤ ਮੌਕੇ ਰਾਹੁਲ ਨੇ ਕਿਹਾਅਸੀਂ ਭਾਰਤ ਜੋੜੋ ਯਾਤਰਾ ਸਵੇਰੇ 6 ਵਜੇ ਸ਼ੁਰੂ ਕਰਦੇ ਸੀ ਤੇ ਸ਼ਾਮ 7 ਵਜੇ ਤੱਕ ਚਲਦੇ ਸੀ। ਅੰਤ ਵਿਚ ਸਾਡਾ ਸ਼ਾਮ ਨੂੰ 20-25 ਮਿੰਟ ਦਾ ਭਾਸ਼ਣ ਹੁੰਦਾ ਸੀ, ਪਰ 7-8 ਘੰਟੇ ਅਸੀਂ ਲੋਕਾਂ ਦੀ ਗੱਲ ਸੁਣਦੇ ਸੀ। ਇਹੀ ਇਸ ਯਾਤਰਾ ਦਾ ਨਿਸ਼ਾਨਾ ਹੈ, ਅਸੀਂ ਆਪਣੀ ਬਾਤ ਨਹੀਂ ਸੁਣਾਵਾਂਗੇ, ਸਗੋਂ ਲੋਕਾਂ ਦੇ ‘ਮਨ ਕੀ ਬਾਤ’ ਸੁਣਾਂਗੇ। ਉਨ੍ਹਾਂ ਦੇ ਦਰਦ ਨੂੰ ਸਮਝਾਂਗੇ।
ਉਨ੍ਹਾ ਕਿਹਾਮੈਂ 2004 ਤੋਂ ਸਿਆਸਤ ਵਿਚ ਹਾਂ। ਪਹਿਲੀ ਵਾਰ ਮੈਂ ਹਿੰਦੁਸਤਾਨ ਦੇ ਇਕ ਸੂਬੇ ਵਿਚ ਗਿਆ, ਜਿੱਥੇ ਸ਼ਾਸਨ ਵਿਵਸਥਾ ਤਬਾਹ ਹੋ ਚੁੱਕੀ ਸੀ, ਜਿਸ ਨੂੰ ਅਸੀਂ ਮਨੀਪੁਰ ਕਹਿੰਦੇ ਸੀ ਉਹ ਮਨੀਪੁਰ ਰਿਹਾ ਹੀ ਨਹੀਂ, ਪਰ ਪ੍ਰਧਾਨ ਮੰਤਰੀ ਤੁਹਾਡੇ ਹੰਝੂ ਪੂੰਝਣ ਤੇ ਤੁਹਾਡੇ ਗਲੇ ਲੱਗਣ ਨਹੀਂ ਆਏ।
‘ਨਿਆਏ ਕਾ ਹੱਕ ਮਿਲਨੇ ਤੱਕ’ ਦੇ ਨਾਅਰਿਆਂ ਨਾਲ ਰਾਹੁਲ ਦੀ ਯਾਤਰਾ ਦਾ ਆਗਾਜ਼ ਹੋਇਆ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਯਾਤਰਾ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਪਾਰਟੀ ਪ੍ਰਧਾਨ ਖੜਗੇ ਨੇ ਇਸ ਮੌਕੇ ਕਿਹਾਜਦੋਂ ਪੰਡਤ ਨਹਿਰੂ ਪਹਿਲੀ ਵਾਰ ਮਨੀਪੁਰ ਆਏ ਸਨ, ਉਦੋਂ ਇਸ ਨੂੰ ਭਾਰਤ ਦਾ ਗਹਿਣਾ ਦੱਸਿਆ ਸੀ। ਇਹੀ ਗੱਲ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੇ ਵੀ ਕਹੀ ਸੀ। ਇਹ ਮਨੀਪੁਰ ਦੀ ਉਹ ਧਰਤੀ ਹੈ, ਜਿਹੜੀ ਆਜ਼ਾਦੀ ਲਈ ਲੜੀ। ਉਨ੍ਹਾ ਅੱਗੇ ਕਿਹਾਪ੍ਰਧਾਨ ਮੰਤਰੀ ਮਨੀਪੁਰ ਵੋਟਾਂ ਲਈ ਆਉਦੇ ਹਨ, ਪਰ ਜਦ ਮਨੀਪੁਰ ਦੇ ਲੋਕ ਮੁਸੀਬਤ ਵਿਚ ਸਨ, ਤਦ ਉਹ ਨਹੀਂ ਆਏ। ਉਹ ਰਾਮ-ਰਾਮ ਕਰਦੇ ਹਨ, ਮੂੰਹ ਵਿਚ ਰਾਮ ਤੇ ਬਗਲ ਵਿਚ ਛੁਰੀ। ਉਹ ਵੋਟਾਂ ਲਈ ਅਜਿਹਾ ਢਕਵੰਜ ਨਾ ਕਰਨ।
ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾਕਾਂਗਰਸ ਪਾਰਟੀ ਤੇ ਰਾਹੁਲ ਗਾਂਧੀ ਹਮੇਸ਼ਾ ਕਹਿੰਦੇ ਆਏ ਹਨ ਕਿ ਅਸੀਂ ਹੁਕਮਰਾਨ ਪਾਰਟੀ ਨਾਲ ਵਿਚਾਰਧਾਰਾ ਦੀ ਲੜਾਈ ਲੜ ਰਹੇ ਹਾਂ। ਇਨਸਾਫ ਹਾਸਲ ਕਰਨ ਲਈ ਇਸ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ। ਕਾਂਗਰਸ ਦੀ ਵਿਚਾਰਧਾਰਾ ਹੀ ਦੇਸ਼ ਨੂੰ ਬਚਾ ਸਕਦੀ ਹੈ ਤੇ ਮਜ਼ਬੂਤ ਕਰ ਸਕਦੀ ਹੈ। ਰਾਹੁਲ ਗਾਂਧੀ ਦੀ ਇਸ ਯਾਤਰਾ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ।
ਬੱਸ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਨੇ ਥੌਬਲ ਜ਼ਿਲ੍ਹੇ ਦੇ ਖੋਂਗਜੋਮ ਵਿਖੇ 1891 ਦੀ ਐਂਗਲੋ-ਮਨੀਪੁਰ ਜੰਗ ਦੇ ਸ਼ਹੀਦਾਂ ਦੀ ਯਾਦਗਾਰ ’ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਇੰਫਾਲ ਹਵਾਈ ਅੱਡੇ ’ਤੇ ਬਾਅਦ ਦੁਪਹਿਰ ਉਤਰੇ ਸਨ ਤੇ ਕਾਂਗਰਸ ਹਮਾਇਤੀਆਂ ਨੇ ਉਨ੍ਹਾ ਦਾ ਪੁਰਜ਼ੋਸ਼ ਸਵਾਗਤ ਕੀਤਾ। ਉਨ੍ਹਾ ਨੇੜਲੇ ‘ਨਿਆਏ ਮੈਦਾਨ’ ਤੋਂ ਯਾਤਰਾ ਆਰੰਭ ਕੀਤੀ।



