ਕਪੂਰਥਲਾ : ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਥਾਣਾ ਸੁਭਾਨਪੁਰ (ਕਪੂਰਥਲਾ) ਵਿਖੇ ਦਰਜ ਹੋਏ ਧਮਕਾਉਣ ਦੇ ਮਾਮਲੇ ’ਚ ਜ਼ਮਾਨਤ ਮਿਲ ਗਈ ਹੈ। ਖਹਿਰਾ ਦੀ ਜ਼ਮਾਨਤ ’ਤੇ ਦੋਵਾਂ ਧਿਰਾਂ ਦਰਮਿਆਨ 12 ਜਨਵਰੀ ਨੂੰ ਬਹਿਸ ਹੋਈ ਸੀ ਤੇ ਸੋਮਵਾਰ ਲਈ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ। ਖਹਿਰਾ ਦੇ ਵਕੀਲ ਕੰਵਲਜੀਤ ਸਿੰਘ ਨੇ ਦੱਸਿਆ ਕਿ ਜੁਡੀਸ਼ਲ ਮੈਜਿਸਟ੍ਰੇਟ (ਦਰਜਾ ਅੱਵਲ) ਸੁਪ੍ਰੀਤ ਕੌਰ ਨੇ ਖਹਿਰਾ ਨੂੰ ਇਕ ਲੱਖ ਰੁਪਏ ਦਾ ਬੇਲ ਬੌਂਡ ਭਰਨ ਲਈ ਵੀ ਕਿਹਾ।
ਪੁਲਸ ਨੇ ਰਣਜੀਤ ਕੌਰ ਦੀ ਸ਼ਿਕਾਇਤ ’ਤੇ ਖਹਿਰਾ ਖਿਲਾਫ ਕੇਸ ਦਰਜ ਕੀਤਾ ਸੀ। ਖਹਿਰਾ ਨੂੰ 2015 ਦੇ ਡਰੱਗ ਕੇਸ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਚਾਰ ਜਨਵਰੀ ਨੂੰ ਜ਼ਮਾਨਤ ਮਿਲਣ ਦੇ ਤੁਰੰਤ ਬਾਅਦ ਕਪੂਰਥਲਾ ਪੁਲਸ ਨੇ ਸੁਭਾਨਪੁਰ ਵਾਲੇ ਕੇਸ ਵਿਚ ਗਿ੍ਰਫਤਾਰ ਕਰ ਲਿਆ ਸੀ। ਰਣਜੀਤ ਕੌਰ ਕਸ਼ਮੀਰ ਸਿੰਘ ਦੀ ਪਤਨੀ ਹੈ, ਜੋ 2015 ਦੇ ਡਰੱਗ ਕੇਸ ਵਿਚ ਅਹਿਮ ਗਵਾਹ ਹੈ।
ਡਰੱਗ ਕੇਸ ਮਾਰਚ 2015 ਵਿਚ ਜਲਾਲਾਬਾਦ ਵਿਚ ਦਰਜ ਹੋਇਆ ਸੀ। ਇਸ ਵਿਚ ਖਹਿਰਾ ਦੇ ਕਥਿਤ ਕਰੀਬੀ ਗੁਰਦੇਵ ਸਿੰਘ ਸਣੇ 9 ਵਿਅਕਤੀ ਨਾਮਜ਼ਦ ਕੀਤੇ ਗਏ ਸਨ। ਗੁਰਦੇਵ ਸਿੰਘ ਨੂੰ ਸਜ਼ਾ ਹੋ ਗਈ ਸੀ। ਪੁਲਸ ਨੇ ਮੁਲਜ਼ਮਾਂ ਤੋਂ ਦੋ ਕਿੱਲੋ ਹੈਰੋਇਨ, ਸੋਨੇ ਦੇ 24 ਬਿਸਕੁਟ, ਇਕ ਦੇਸੀ ਪਿਸਤੌਲ, ਇਕ .315 ਬੋਰ ਦਾ ਪਿਸਤੌਲ ਤੇ ਦੋ ਪਾਕਿਸਤਾਨੀ ਸਿਮ ਕਾਰਡ ਫੜਨ ਦਾ ਦਾਅਵਾ ਕੀਤਾ ਸੀ।
ਰਣਜੀਤ ਕੌਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਪਿਛਲੇ ਸਾਲ 15 ਅਕਤੂਬਰ ਨੂੰ ਬਾਈਕ ਸਵਾਰ ਦੋ ਨਕਾਬਪੋਸ਼ ਉਸ ਦੇ ਘਰ ਆਏ ਅਤੇ ਧਮਕੀ ਦਿੱਤੀ ਕਿ ਜੇ ਕਸ਼ਮੀਰ ਸਿੰਘ ਨੇ ਖਹਿਰਾ ਖਿਲਾਫ ਬਿਆਨ ਵਾਪਸ ਨਾ ਲਿਆ ਤਾਂ ਉਸ ਦੇ ਪਰਵਾਰ ਨੂੰ ਖਤਮ ਕਰ ਦਿੱਤਾ ਜਾਵੇਗਾ। 22 ਅਕਤੂਬਰ ਨੂੰ ਉਸ ਨੂੰ ਕਿਸੇ ਨੇ ਫੋਨ ’ਤੇ ਪਰਵਾਰ ਖਤਮ ਕਰਨ ਦੀ ਫਿਰ ਧਮਕੀ ਦਿੱਤੀ। 2015 ਦੇ ਕੇਸ ਵਿਚ ਖਹਿਰਾ ਨੂੰ ਪਿਛਲੇ ਸਾਲ ਐਡੀਸ਼ਨਲ ਮੁਲਜ਼ਮ ਵਜੋਂ ਸੰਮਨ ਕੀਤਾ ਗਿਆ ਸੀ। ਖਹਿਰਾ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਵੱਲੋਂ ਉਨ੍ਹਾ ਵਿਰੁੱਧ ਟਰਾਇਲ ਕੋਰਟ ਵਿਚ ਮੁਕੱਦਮੇ ’ਤੇ 2017 ਵਿਚ ਰੋਕ ਲਾਉਣ ਦੇ ਬਾਵਜੂਦ ਉਨ੍ਹਾ ਨੂੰ ਸੱਦਿਆ ਗਿਆ। ਖਹਿਰਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ 2021 ਵਿਚ 2015 ਦੇ ਕੇਸ ਨਾਲ ਸੰਬੰਧਤ ਮਨੀ-ਲਾਂਡਰਿੰਗ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕਰ ਲਿਆ ਸੀ। ਇਸ ਮਾਮਲੇ ਵਿਚ ਉਨ੍ਹਾ ਨੂੰ 2022 ਵਿਚ ਜ਼ਮਾਨਤ ਮਿਲੀ ਸੀ। ਪਿਛਲੀ ਫਰਵਰੀ ਵਿਚ ਸੁਪਰੀਮ ਕੋਰਟ ਨੇ 2015 ਦੇ ਕੇਸ ਵਿਚ ਖਹਿਰਾ ਨੂੰ ਜਾਰੀ ਕੀਤੇ ਸੰਮਨ ਰੱਦ ਕਰ ਦਿੱਤੇ ਸਨ। ਇਸੇ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਖਹਿਰਾ ਦੇ ਹੱਕ ’ਚ ਆਵਾਜ਼ ਉਠਾਈ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੇ ਸਿਆਸੀ ਬਦਲਾਖੋਰੀ ਤਹਿਤ ਖਹਿਰਾ ਨੂੰ ਪ੍ਰੇਸ਼ਾਨ ਕੀਤਾ ਅਤੇ ਝੂਠੇ ਕੇਸ ਪਾ ਕੇ ਉਨ੍ਹਾ ਨੂੰ ਜੇਲ੍ਹ ਵਿਚ ਬੰਦ ਕੀਤਾ ਗਿਆ, ਜਿਸ ਦੀ ਉਹ ਨਿੰਦਾ ਕਰਦੇ ਹਨ।




