ਚੰਡੀਗੜ੍ਹ : ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਚੰਡੀਗੜ੍ਹ ਵਿਚ ਮੇਅਰ ਚੋਣਾਂ ਤੋਂ ਪਹਿਲਾਂ ਗਠਜੋੜ ਹੋ ਗਿਆ ਹੈ। ਸਾਬਕਾ ਮੰਤਰੀ ਤੇ ਚੰਡੀਗੜ੍ਹ ਦੇ ਸਾਬਕਾ ਐੱਮ ਪੀ ਪਵਨ ਬਾਂਸਲ ਨੇ ਕਿਹਾ ਕਿ ਕਿ ਮੇਅਰ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਹੀ ਰਹੇਗਾ ਅਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਕਾਂਗਰਸ ਕੋਲ ਹੋਣਗੇ।
ਬਾਂਸਲ ਨੇ ਦੱਸਿਆਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਗਮ ਚੋਣਾਂ ਆ ਗਈਆਂ ਹਨ। ਅਸੀਂ ਸਾਰਿਆਂ ਨੇ ਇਸ ’ਤੇ ਚਰਚਾ ਕੀਤੀ ਅਤੇ ਫੈਸਲਾ ਕੀਤਾ ਕਿ ‘ਆਪ’ ਮੇਅਰ ਦੇ ਅਹੁਦੇ ਲਈ ਅਤੇ ਕਾਂਗਰਸ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਚੋਣ ਲੜੇਗੀ। ਨਤੀਜਾ ਇਹ ਹੋਵੇਗਾ ਕਿ ਇੰਡੀਆ ਬਲਾਕ ਤੋਂ ਸਾਡਾ ਉਮੀਦਵਾਰ ਚੰਗੇ ਬਹੁਮਤ ਨਾਲ ਕਾਮਯਾਬ ਹੋਵੇਗਾ।
ਮੇਅਰ ਦੀ ਚੋਣ ਦੀ ਕਾਰਵਾਈ 18 ਜਨਵਰੀ ਨੂੰ ਸੈਕਟਰ-17 ਸਥਿਤ ਨਗਰ ਨਿਗਮ ਦਫਤਰ ’ਚ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ। ਸਭ ਤੋਂ ਪਹਿਲਾਂ ਮੇਅਰ ਅਤੇ ਫਿਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦੇ ਲਈ ਵੋਟਿੰਗ ਹੋਵੇਗੀ। ਵੋਟਿੰਗ ਬੈਲਟ ਪੇਪਰ ਰਾਹੀਂ ਹੋਵੇਗੀ। ਨਗਰ ਨਿਗਮ ’ਚ 35 ਕੌਂਸਲਰ ਹਨ। ਇਨ੍ਹਾਂ 35 ਵੋਟਾਂ ਤੋਂ ਇਲਾਵਾ ਸੰਸਦ ਮੈਂਬਰ ਕਿਰਨ ਖੇਰ ਦੀ ਵੀ ਵੋਟ ਹੈ, ਜੋ ਕਿ ਭਾਜਪਾ ਦੀ ਹੈ। ਭਾਜਪਾ ਦੇ 14, ‘ਆਪ’ ਦੇ 13, ਕਾਂਗਰਸ ਦੇ 7 ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕੌਂਸਲਰ ਹੈ। ਇਸ ਤੋਂ ਪਹਿਲਾਂ ਭਾਜਪਾ ਦੀ ਸਰਬਜੀਤ ਕੌਰ ਅਤੇ ਅਨੂਪ ਗੁਪਤਾ ਇਕ-ਇਕ ਸਾਲ ਲਈ ਦੋ ਵਾਰ ਮੇਅਰ ਬਣ ਚੁੱਕੇ ਹਨ। ਆਪ ਅਤੇ ਕਾਂਗਰਸ ਦੇ ਗਠਜੋੜ ਦੀਆਂ 20 ਵੋਟਾਂ ਹੋਣਗੀਆਂ ਅਤੇ ਉਹ ਤਿੰਨੋਂ ਅਹੁਦਿਆਂ ’ਤੇ ਜਿੱਤ ਹਾਸਲ ਕਰ ਸਕਦਾ ਹੈ। ਇਹ ਵੀ ਰਿਪੋਰਟਾਂ ਹਨ ਕਿ ਆਮ ਆਦਮੀ ਪਾਰਟੀ ਲੋਕ ਸਭਾ ਸੀਟ ’ਤੇ ਕਾਂਗਰਸ ਨੂੰ ਸਮਰਥਨ ਦੇ ਸਕਦੀ ਹੈ।




