ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਮਨੀਪੁਰ ਵਿੱਚ ਦੋ ਦਿਨ ਬਿਤਾਉਣ ਤੋਂ ਬਾਅਦ ਸੋਮਵਾਰ ਨਾਗਾਲੈਂਡ ਵਿੱਚ ਦਾਖ਼ਲ ਹੋ ਗਈ ਸੀ। ਸਵਾਲ ਉੱਠਦਾ ਹੈ ਕਿ ਪਿਛਲੇ 8 ਮਹੀਨਿਆਂ ਤੋਂ ਸੜ ਰਹੇ ਮਨੀਪੁਰ ਨੂੰ ਇਸ ਯਾਤਰਾ ਦਾ ਕੋਈ ਲਾਭ ਹੋਵੇਗਾ?
14 ਜਨਵਰੀ ਨੂੰ ਮਕਰ ਸਕਰਾਂਤੀ ਦੇ ਦਿਨ ਰਾਹੁਲ ਗਾਂਧੀ ਨੇ ਆਪਣੀ ਯਾਤਰਾ ਮਨੀਪੁਰ ਦੇ ਥੋਬਲ ਤੋਂ ਸ਼ੁਰੂ ਕੀਤੀ ਸੀ। ਇਸ ਯਾਤਰਾ ਨੂੰ ਕਾਮਯਾਬ ਕਰਨ ਲਈ ਕਾਂਗਰਸ ਨੇ ਪਹਿਲੇ ਦਿਨ ਆਪਣੀ ਪੂਰੀ ਤਾਕਤ ਲਾ ਦਿੱਤੀ ਸੀ। ਦਿੱਲੀ ਤੋਂ ਇੰਡੀਗੋ ਦੀ ਇੱਕ ਪੂਰੀ ਫਲਾਈਟ ਬੁੱਕ ਕਰਾ ਕੇ ਕਾਂਗਰਸ ਦੇ 200 ਆਗੂ ਮਨੀਪੁਰ ਪੁੱਜੇ ਸਨ। ਇਨ੍ਹਾਂ ਵਿੱਚ ਕਾਂਗਰਸ ਕਾਰਜਕਾਰਨੀ ਦੇ ਸਮੂਹ ਮੈਂਬਰ, ਜਨਰਲ ਸਕੱਤਰ, ਕਾਂਗਰਸ ਪ੍ਰਧਾਨ, ਤਿੰਨਾਂ ਰਾਜਾਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਭ ਰਾਜਾਂ ਦੇ ਕਾਂਗਰਸ ਪ੍ਰਧਾਨ ਤੇ ਵਿਧਾਇਕ ਦਲਾਂ ਦੇ ਮੁਖੀ ਸ਼ਾਮਲ ਸਨ। ਸਾਰੇ ਆਗੂਆਂ ਨੇ ਇੱਕ ਸਾਥ ਮੰਚ ਉੱਤੇ ਬਹਿ ਕੇ ਮਨੀਪੁਰ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਇਸ ਦੁੱਖ ਦੀ ਘੜੀ ’ਚ ਪੂਰੀ ਕਾਂਗਰਸ ਉਨ੍ਹਾਂ ਨਾਲ ਹੈ। ਏਨੇ ਆਗੂਆਂ ਨੂੰ ਦੇਖ ਕੇ ਮਨੀਪੁਰ ਦੇ ਲੋਕ ਹੈਰਾਨ ਸਨ ਕਿ ਜਿੱਥੇ ਸੁਰੱਖਿਆ ਦੀ ਦਿ੍ਰਸ਼ਟੀ ਤੋਂ ਬਾਹਰਲੇ ਲੋਕਾਂ ਦੇ ਆਉਣ ਦੀ ਮਨਾਹੀ ਹੈ, ਉਥੇ ਸਾਰੀ ਕਾਂਗਰਸ ਹੀ ਉੱਠ ਕੇ ਆ ਗਈ ਹੈ। ਰੈਲੀ ਤੋਂ ਬਾਅਦ ਰਾਹੁਲ ਗਾਂਧੀ ਬੱਸ ਰਾਹੀਂ ਯਾਤਰਾ ਉੱਤੇ ਨਿਕਲ ਪਏ।
ਰਾਹੁਲ ਗਾਂਧੀ ਦੀ ਯਾਤਰਾ ਜਿਸ ਰਾਹ ਤੋਂ ਗੁਜ਼ਰੀ, ਉਸ ਰਾਹ ਦੇ ਦੋਹੀਂ ਪਾਸੀਂ ਪੁਰਸ਼, ਔਰਤਾਂ ਤੇ ਬੱਚੇ ਰਾਹੁਲ ਗਾਂਧੀ ਦੇ ਕਾਫ਼ਲੇ ਉੱਤੇ ਫੁੱਲਾਂ ਦੀ ਵਰਖਾ ਕਰਦੇ ਰਹੇ। ਹਨੇਰਾ ਹੋਣ ਸਮੇਂ ਲੋਕ ਮਸ਼ਾਲ ਜਗਾ ਕੇ ਯਾਤਰਾ ਦਾ ਸਵਾਗਤ ਕਰ ਰਹੇ ਸਨ। ਰਾਹੁਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਂਗਰਸ 8 ਮਹੀਨੇ ਤੋਂ ਮਨੀਪੁਰ ਨਾਲ ਜੋ ਅਨਿਆਂ ਹੋ ਰਿਹਾ ਹੈ, ਉਸ ਨੂੰ ਦੂਰ ਕਰਕੇ ਮਨੀਪੁਰ ਨੂੰ ਨਿਆਂ ਦਿਵਾਉਣ ਲਈ ਆਈ ਹੈ। ਕਾਂਗਰਸ ਮਨੀਪੁਰ ਵਿੱਚ ਸ਼ਾਂਤੀ ਤੇ ਭਾਈਚਾਰਾ ਬਹਾਲ ਕਰਨਾ ਚਾਹੁੰਦੀ ਹੈ। ਉਨ੍ਹਾ ਕਿਹਾ ਕਿ ਉਨ੍ਹਾ ਆਪਣੀ ਯਾਤਰਾ ਮਨੀਪੁਰ ਤੋਂ ਇਸ ਲਈ ਸ਼ੁਰੂ ਕੀਤੀ ਤਾਂ ਕਿ ਸਾਰੇ ਦੇਸ਼ ਨੂੰ ਪਤਾ ਲੱਗ ਸਕੇ ਕਿ ਮਨੀਪੁਰ ਦੇ ਲੋਕ ਕਿੰਨਾ ਸੰਤਾਪ ਹੰਢਾਅ ਰਹੇ ਹਨ। ਮਨੀਪੁਰ ਦੀ ਜਨਤਾ ਨੇ ਇੱਕ ਤਰਾਸਦੀ ਦਾ ਸਾਹਮਣਾ ਕੀਤਾ ਹੈ। ਲੋਕਾਂ ਨੇ ਪਰਵਾਰ ਤੇ ਜਾਇਦਾਦਾਂ ਗੁਆ ਦਿੱਤੀਆਂ ਹਨ। ਅਸੀਂ ਉਮੀਦ ਕਰਦੇ ਹਾਂ ਕਿ ਮਨੀਪੁਰ ਵਿੱਚ ਜਲਦ ਹੀ ਸ਼ਾਂਤੀ ਹੋਏਗੀ।
ਰਾਹੁਲ ਗਾਂਧੀ ਦੀਆਂ ਗੱਲਾਂ ਦਾ ਲੋਕਾਂ ਉੱਤੇ ਹਾਂ-ਪੱਖੀ ਪ੍ਰਭਾਵ ਪੈ ਰਿਹਾ ਸੀ। ਯਾਤਰਾ ਦੇ ਦੂਜੇ ਦਿਨ ਰਾਹੁਲ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ। ਇਹ ਗੱਲ ਹੈਰਾਨੀ ਵਾਲੀ ਸੀ ਕਿ ਜੋ ਮਨੀਪੁਰ 8 ਮਹੀਨਿਆਂ ਤੋਂ ਸੁਲਗ ਰਿਹਾ ਸੀ, ਥਾਂ-ਥਾਂ ਅਗਜ਼ਨੀ ਤੇ ਹਿੰਸਾ ਦੇ ਨਿਸ਼ਾਨ ਸਨ, ਉੱਥੇ ਯਾਤਰਾ ਦੇ ਸਵਾਗਤ ਵਿੱਚ ਲੋਕ ਪਰੰਪਰਕ ਨਾਚ-ਗਾਣੇ ਗਾ ਰਹੇ ਸਨ। ਔਰਤਾਂ ਤੇ ਬੱਚੇ, ਬੁੱਢੇ ਤੇ ਜਵਾਨ ਰਾਹੁਲ ਗਾਂਧੀ ਨੂੰ ਮਿਲਣ ਲਈ ਬੇਤਾਬ ਸਨ। ਬੱਚਿਆਂ ਦੇ ਇੱਕ ਗਰੁੱਪ ਨੇ ਤਖਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਲਿਖਿਆ ਹੋਇਆ ਸੀ, ‘‘ਰਾਹੁਲ ਅੰਕਲ, ਅਸੀਂ ਭਾਰਤ ਦਾ ਭਵਿੱਖ ਹਾਂ ਤੇ ਸਾਡਾ ਭਵਿੱਖ ਆਪ ਉੱਤੇ ਨਿਰਭਰ ਕਰਦਾ ਹੈ।’’
ਰਾਹੁਲ ਗਾਂਧੀ ਨੇ ਮਨੀਪੁਰ ਦੇ ਦੋ ਭਾਈਚਾਰਿਆਂ ਵਿੱਚ ਚੌੜੀ ਕੀਤੀ ਗਈ ਖਾਈ ਨੂੰ ਵੀ ਭਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਆਪਣੀ ਯਾਤਰਾ ਮੈਤਈ ਭਾਈਚਾਰੇ ਦੇ ਇਲਾਕੇ ਵਿੱਚੋਂ ਸ਼ੁਰੂ ਕਰਕੇ ਕੁੱਕੀ ਭਾਈਚਾਰੇ ਦੇ ਇਲਾਕੇ ਵਿੱਚੋਂ ਗੁਜ਼ਰੇ ਸਨ। ਰਾਹੁਲ ਗਾਂਧੀ ਨੇ ਦੋਹਾਂ ਭਾਈਚਾਰਿਆਂ ਵਿੱਚ ਪੁਲ ਬਣਨ ਦੀ ਕੋਸ਼ਿਸ਼ ਕੀਤੀ ਹੈ। ਰਾਹੁਲ ਗਾਂਧੀ ਨੇ ਦੋਹਾਂ ਭਾਈਚਾਰਿਆਂ ਵਿੱਚ ਸੰਵਾਦ ਸਥਾਪਤ ਕਰਨ ਦੀ ਵੀ ਕੋਸ਼ਿਸ਼ ਕੀਤੀ। ਰਾਹੁਲ ਗਾਂਧੀ ਉਸ ਥਾਂ ਵੀ ਗਏ, ਜਿਥੇ ਦੋ ਔਰਤਾਂ ਨੂੰ ਨੰਗਿਆਂ ਕਰਕੇ ਘੁਮਾਇਆ ਗਿਆ ਸੀ। ਇਸ ਮੌਕੇ ਜਦੋਂ ਰਾਹੁਲ ਗਾਂਧੀ ਔਰਤਾਂ ਨੂੰ ਨਿਆਂ ਦਿਵਾਉਣ ਦੀ ਗੱਲ ਕਰ ਰਹੇ ਸਨ ਤਾਂ ਹਾਜ਼ਰ ਔਰਤਾਂ ਦੀਆਂ ਭੁੱਬਾਂ ਨਿਕਲ ਰਹੀਆਂ ਸਨ। ਮਨੀਪੁਰ ਵਿੱਚ ਯਾਤਰਾ ਨੇ ਦੋ ਦਿਨ ’ਚ 5 ਜ਼ਿਲ੍ਹਿਆਂ ਵਿੱਚ 257 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਤੇ ਦੂਜੇ ਦਿਨ ਸ਼ਾਮ ਨੂੰ ਨਾਗਾਲੈਂਡ ਵਿੱਚ ਦਾਖ਼ਲ ਹੋ ਗਈ। ਇਸ ਯਾਤਰਾ ਨੂੰ ਮਨੀਪੁਰ ਵਿੱਚ ਕਿੰਨੀ ਕਾਮਯਾਬੀ ਮਿਲੇਗੀ, ਉਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸੂਬਾ ਕਾਂਗਰਸ ਦੇ ਆਗੂ ਇਸ ਨੂੰ ਕਿਸ ਤਰ੍ਹਾਂ ਅੱਗੇ ਵਧਾਉਂਦੇ ਹਨ।



