ਟੋਰਾਂਟੋ : ਭਾਰਤੀ ਅਤੇ ਦੱਖਣ ਏਸ਼ੀਆਈ ਵਪਾਰਕ ਭਾਈਚਾਰਿਆਂ ਵਿਰੁੱਧ ਫਿਰੌਤੀ ਦੀਆਂ ਧਮਕੀਆਂ ਵਧਣ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਕੈਨੇਡੀਅਨ ਸ਼ਹਿਰਾਂ ਬਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਸਰਕਾਰ ਨੂੰ ਇਸ ਖਤਰੇ ਨੂੰ ਜੜ੍ਹੋਂ ਪੁੱਟਣ ਲਈ ਤੇਜ਼ੀ ਨਾਲ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਰੀ ਦੇ ਮੇਅਰ ਬਰੈਂਡਾ ਲਾਕ ਨੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਭੇਜੇ ਪੱਤਰ ’ਚ ਇਸ ਹਫਤੇ ਫਿਰੌਤੀ ਦੀਆਂ ਕੋਸ਼ਿਸ਼ਾਂ ਅਤੇ ਗੋਲੀਬਾਰੀ ਸਮੇਤ ਹਿੰਸਕ ਕਾਰਵਾਈਆਂ ਦੀ ਵਧ ਰਹੀ ਗਿਣਤੀ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਪੱਤਰ ’ਚ ਕਿਹਾ ਗਿਆ ਹੈ-ਇਹ ਚਿੰਤਾਜਨਕ ਹੈ ਤੇ ਧਮਕੀਆਂ ਮੁੱਖ ਤੌਰ ’ਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਨੂੰ ਮਿਲ ਰਹੀਆਂ ਹਨ। 3 ਜਨਵਰੀ ਨੂੰ ਐਡਮਿੰਟਨ ’ਚ ਪੁਲਸ ਨੇ ਦੱਸਿਆ ਸੀ ਕਿ ਉਹ ਇਸ ਖੇਤਰ ’ਚ 18 ਫਿਰੌਤੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ। ਉਸ ਨੇ ਜਬਰੀ ਵਸੂਲੀ, ਗੋਲੀਬਾਰੀ ਅਤੇ ਅਗਜ਼ਨੀ ਨਾਲ ਸੰਬੰਧਤ ਛੇ ਗਿ੍ਰਫਤਾਰੀਆਂ ਦਾ ਵੀ ਖੁਲਾਸਾ ਕੀਤਾ ਸੀ। ਇਨ੍ਹਾਂ ’ਚ 20 ਸਾਲਾ ਪਰਮਿੰਦਰ ਸਿੰਘ ਵੀ ਸ਼ਾਮਲ ਹੈ, ਜੋ ਹਥਿਆਰਾਂ ਨਾਲ ਸੰਬੰਧਤ 12 ਦੋਸ਼ਾਂ ਲਈ ਹਿਰਾਸਤ ’ਚ ਹੈ। ਉਸ ਤੋਂ ਇਲਾਵਾ ਹਸਨ ਡੇਂਬਿਲ (18), ਮਾਨਵ ਹੀਰ (18), ਰਵਿੰਦਰ ਸੰਧੂ (19) ਨੂੰ ਕਾਬੂ ਕੀਤਾ ਗਿਆ ਸੀ, ਪਰ ਹੁਣ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।