ਇਸਲਾਮਾਬਾਦ : ਪਾਕਿਸਤਾਨ ਨੇ ਵੀਰਵਾਰ ਸਵੇਰੇ ਈਰਾਨ ਵਿਚ ਹਵਾਈ ਹਮਲੇ ਕੀਤੇ, ਜਿਸ ਵਿਚ ਚਾਰ ਬੱਚਿਆਂ ਅਤੇ ਤਿੰਨ ਔਰਤਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀ ਨੇ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਚੈਨਲ ਨੂੰ ਇਹ ਜਾਣਕਾਰੀ ਦਿੱਤੀ। ਸਿਸਤਾਨ ਅਤੇ ਬਲੋਚਿਸਤਾਨ ਸੂਬੇ ਦੇ ਡਿਪਟੀ ਗਵਰਨਰ ਅਲੀ ਰਜ਼ਾ ਮਰਹਾਮਤੀ ਨੇ ਟੈਲੀਫੋਨ ਇੰਟਰਵਿਊ ’ਚ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਵਰਣਨ ਕੀਤਾ।
ਈਰਾਨ ਵੱਲੋਂ ਮੰਗਲਵਾਰ ਰਾਤ ਪਾਕਿਸਤਾਨ ’ਤੇ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਇਹ ਹਮਲੇ ਕੀਤੇ। ਇਨ੍ਹਾਂ ਹਮਲਿਆਂ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ।
ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਹਵਾਈ ਸੈਨਾ ਨੇ ਈਰਾਨ ਦੇ ਅੰਦਰ ਕਥਿਤ ਬਲੋਚ ਵੱਖਵਾਦੀ ਕੈਂਪਾਂ ’ਤੇ ਜਵਾਬੀ ਹਵਾਈ ਹਮਲੇ ਕੀਤੇ ਅਤੇ ਪਾਕਿਸਤਾਨ ਨੂੰ ਲੋੜੀਂਦੇ 7 ਬਲੋਚ ਅੱਤਵਾਦੀਆਂ ਨੂੰ ਮਾਰ ਦਿੱਤਾ।
ਈਰਾਨ ਨੇ ਕਿਹਾ ਸੀ ਕਿ ਉਸ ਨੇ ਪਾਕਿਸਤਾਨ ’ਚ ਜੈਸ਼ ਅਲ-ਅਦਲ (ਨਿਆਂ ਦੀ ਫੌਜ) ਦੇ ਦੋ ਮਹੱਤਵਪੂਰਨ ਹੈੱਡਕੁਆਰਟਰ ਤਬਾਹ ਕਰਨ ਲਈ ਸਟੀਕ ਮਿਜ਼ਾਈਲ ਅਤੇ ਡਰੋਨ ਦੀ ਵਰਤੋਂ ਕੀਤੀ।
2012 ’ਚ ਬਣਿਆ ਜੈਸ਼ ਅਲ-ਅਦਲ ਸੁੰਨੀ ਅੱਤਵਾਦੀ ਸਮੂਹ ਹੈ, ਜੋ ਈਰਾਨ ਦੇ ਦੱਖਣ-ਪੂਰਬੀ ਸੂਬੇ ਸਿਸਤਾਨ-ਬਲੋਚਿਸਤਾਨ ’ਚ ਸਰਗਰਮ ਹੈ। ਉਸ ਨੇ ਪਿਛਲੇ ਕੁਝ ਸਾਲਾਂ ’ਚ ਈਰਾਨੀ ਸੁਰੱਖਿਆ ਬਲਾਂ ’ਤੇ ਕਈ ਹਮਲੇ ਕੀਤੇ ਹਨ।

