ਨਵੀਂ ਦਿੱਲੀ : ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਕਿਹਾ ਕਿ ਅਯੁੱਧਿਆ ’ਚ ਰਾਮ ਮੰਦਰ ਦੇ ਉਦਘਾਟਨ ਦੇ ਮੱਦੇਨਜ਼ਰ 22 ਜਨਵਰੀ ਨੂੰ ਕੇਂਦਰ ਸਰਕਾਰ ਦੇ ਸਾਰੇ ਦਫਤਰ ਅੱਧੇ ਦਿਨ ਲਈ ਬੰਦ ਰਹਿਣਗੇ। ਉਨ੍ਹਾ ਕਿਹਾ ਕਿ ਇਹ ਫੈਸਲਾ ਲੋਕਾਂ ’ਚ ਭਾਰੀ ਉਤਸ਼ਾਹ ਸਦਕਾ ਲਿਆ ਗਿਆ ਹੈ।
ਰਾਮ ਮੰਦਰ ’ਤੇ ਟਿਕਟ ਜਾਰੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਅਯੁੱਧਿਆ ’ਚ ਰਾਮ ਮੰਦਰ ’ਤੇ ਯਾਦਗਾਰੀ ਡਾਕ ਟਿਕਟ ਅਤੇ ਭਗਵਾਨ ਰਾਮ ’ਤੇ ਵਿਸ਼ਵ ਭਰ ’ਚ ਜਾਰੀ ਡਾਕ ਟਿਕਟਾਂ ਦੀ ਕਿਤਾਬ ਜਾਰੀ ਕੀਤੀ। ਇਸ ਦੇ ਡਿਜ਼ਾਈਨ ’ਚ ਰਾਮ ਮੰਦਰ, ਸਰਯੂ ਨਦੀ ਅਤੇ ਮੰਦਰ ਦੇ ਆਲੇ-ਦੁਆਲੇ ਦੀਆਂ ਮੂਰਤੀਆਂ ਸ਼ਾਮਲ ਹਨ। ਛੇ ਡਾਕ ਟਿਕਟਾਂ ਰਾਮ ਮੰਦਰ, ਭਗਵਾਨ ਗਣੇਸ਼, ਭਗਵਾਨ ਹਨੂੰਮਾਨ, ਜਟਾਯੂ, ਕੇਵਟਰਾਜ ਅਤੇ ਮਾਂ ਸਬਰੀ ’ਤੇ ਹਨ। ਕਿਤਾਬ ਭਗਵਾਨ ਰਾਮ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਨੂੰ ਪੇਸ਼ ਕਰਦੀ ਹੈ ਅਤੇ 48 ਪੰਨਿਆਂ ਦੀ ਇਸ ਕਿਤਾਬ ’ਚ ਅਮਰੀਕਾ, ਨਿਊਜ਼ੀਲੈਂਡ, ਸਿੰਗਾਪੁਰ, ਕੈਨੇਡਾ, ਕੰਬੋਡੀਆ ਅਤੇ ਸੰਯੁਕਤ ਰਾਸ਼ਟਰ ਵਰਗੀਆਂ ਸੰਸਥਾਵਾਂ ਸਮੇਤ 20 ਤੋਂ ਵੱਧ ਦੇਸ਼ਾਂ ਵੱਲੋਂ ਜਾਰੀ ਡਾਕ ਟਿਕਟਾਂ ਸ਼ਾਮਲ ਹਨ।
ਯਾਸੀਨ ਮਲਿਕ ਦੀ ਸ਼ੂਟਰ ਵਜੋਂ ਪਛਾਣ
ਜੰਮੂ : ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ’ਚ ਅਹਿਮ ਚਸ਼ਮਦੀਦ ਗਵਾਹ ਨੇ ਵੀਰਵਾਰ ਜੇ ਕੇ ਐੱਲ ਐੱਫ ਦੇ ਮੁਖੀ ਯਾਸੀਨ ਮਲਿਕ ਦੀ ਪਛਾਣ 1990 ’ਚ ਸ੍ਰੀਨਗਰ ’ਚ ਭਾਰਤੀ ਹਵਾਈ ਸੈਨਾ ਦੇ ਜਵਾਨਾਂ ’ਤੇ ਗੋਲੀਬਾਰੀ ਕਰਨ ਵਾਲੇ ਮੁੱਖ ਸ਼ੂਟਰ ਵਜੋਂ ਕੀਤੀ। ਹਮਲੇ ’ਚ ਸਕੁਐਡਰਨ ਲੀਡਰ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ ਸਨ ਤੇ 22 ਜ਼ਖਮੀ ਹੋਏ ਸਨ। 25 ਜਨਵਰੀ 1990 ਨੂੰ ਸ੍ਰੀਨਗਰ ਦੇ ਬਾਹਰਵਾਰ ਰਾਵਲਪੋਰਾ ਵਿਖੇ ਜ਼ਖਮੀ ਹੋਏ ਮੁੱਖ ਗਵਾਹ ਰਾਜਵਰ ਉਮੇਸ਼ਵਰ ਸਿੰਘ ਨੇ ਮਲਿਕ ਦੀ ਪਛਾਣ ਕੀਤੀ, ਜਿਸ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਵੀਡੀਓ ਰਾਹੀਂ ਅਦਾਲਤ ’ਚ ਪੇਸ਼ ਕੀਤਾ ਗਿਆ। ਮਲਿਕ ਕਈ ਸਾਲਾਂ ਤੋਂ ਇਸੇ ਜੇਲ੍ਹ ’ਚ ਕੈਦ ਹੈ।




