ਨਵੀਂ ਦਿੱਲੀ : ਦਿੱਲੀ ਦੀ ਇੱਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਕਮਿਊਨੀਕੇਸ਼ਨ ਇੰਚਾਰਜ ਵਿਜੈ ਨਾਇਰ ਨੂੰ ਮੈਡੀਕਲ ਦੇ ਅਧਾਰ ’ਤੇ ਦੋ ਹਫ਼ਤਿਆਂ ਦੀ ਜ਼ਮਾਨਤ ਦੇ ਦਿੱਤੀ ਹੈ। ਨਾਇਰ ਕਥਿਤ ਸ਼ਰਾਬ ਘੁਟਾਲੇ ’ਚ ਦੋਸ਼ੀ ਹੈ ਅਤੇ 14 ਮਹੀਨਿਆਂ ਤੋਂ ਜੇਲ੍ਹ ’ਚ ਬੰਦ ਹੈ। ਸਪੈਸ਼ਲ ਜੱਜ ਐੱਮ ਕੇ ਨਾਗਪਾਲ ਨੇ ਕਿਹਾ, ‘ਪਟੀਸ਼ਨਕਰਤਾ ਵਿਜੈ ਨਾਇਰ ਨੂੰ ਇਸ ਕੇਸ ’ਚ ਦੋ ਹਫ਼ਤਿਆਂ ਦੀ ਅਗਾਊਂ ਜ਼ਮਾਨਤ ਦਿੱਤੀ ਹੈ। ਬਾਹਰ ਨਿਕਲਣ ਦੇ ਦਿਨ ਤੋਂ ਦੋ ਹਫ਼ਤਿਆਂ ਤੱਕ ਦਾ ਸਮਾਂ ਹੋਵੇਗਾ। ਨਾਇਰ ਨੂੰ ਨਵੰਬਰ 2022 ’ਚ ਗਿ੍ਰਫ਼ਤਾਰ ਕੀਤਾ ਗਿਆ ਸੀ। ਉਨ੍ਹਾ ਕੋਰਟ ’ਚ ਪਟੀਸ਼ਨ ਦਾਖਲ ਕਰਕੇ 8 ਹਫ਼ਤਿਆਂ ਦੀ ਜ਼ਮਾਨਤ ਮੰਗੀ ਸੀ। ਉਨ੍ਹਾ ਦਲੀਲ ਦਿੱਤੀ ਸੀ ਕਿ ਗ੍ਰੇਡ-3 ਦਾ ਬਵਾਸੀਰ ਹੈ ਅਤੇ ਡਾਕਟਰਾਂ ਨੇ ਸਰਜਰੀ ਕਰਾਉਣ ਦੀ ਸਲਾਹ ਦਿੱਤੀ ਹੈ। ਅਦਾਲਤ ਨੇ ਉਨ੍ਹਾ ਨੂੰ 2 ਲੱਖ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਏਨੀ ਹੀ ਰਕਮ ਦੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਾਉਣ ਨੂੰ ਕਿਹਾ। ਕੋਰਟ ਨੇ ਸ਼ਰਤ ਲਾਈ ਕਿ ਉਹ ਕਿਸੇ ਸਬੂਤ ਨਾਲ ਛੇੜਛਾੜ ਨਾ ਕਰਨ ਅਤੇ ਨਾ ਕਿਸੇ ਗਵਾਹ ਨੂੰ ਪ੍ਰਭਾਵਤ ਕਰਨ। ਕੋਰਟ ਨੇ ਕਿਹਾ ਕਿ ਜ਼ਮਾਨਤ ਦੀ ਕਿਸੇ ਵੀ ਸ਼ਰਤ ਦਾ ਉਲੰਘਣ ਨਹੀਂ ਹੋਣਾ ਚਾਹੀਦਾ।




