ਨਵੀਂ ਦਿੱਲੀ : ਸੰਸਦ ਭਵਨ ਕੰਪਲੈਕਸ ਦੀ ਵਰਤੋਂ ਧਰਨੇ, ਪ੍ਰਦਰਸ਼ਨ, ਹੜਤਾਲ, ਵਰਤ ਜਾਂ ਧਾਰਮਿਕ ਸਮਾਗਮਾਂ ਲਈ ਨਹੀਂ ਕੀਤੀ ਜਾ ਸਕਦੀ | ਇਹ ਗੱਲ ਰਾਜ ਸਭਾ ਸਕੱਤਰੇਤ ਦੇ ਬੁਲੇਟਿਨ ਵਿੱਚ ਕਹੀ ਗਈ ਹੈ | ਧਰਨੇ, ਪ੍ਰਦਰਸ਼ਨਾਂ ਸੰਬੰਧੀ ਇਹ ਬੁਲੇਟਿਨ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਇਕ ਦਿਨ ਪਹਿਲਾਂ ਲੋਕ ਸਭਾ ਸਕੱਤਰੇਤ ਵੱਲੋਂ ਜਾਰੀ ਗੈਰ-ਸੰਸਦੀ ਸ਼ਬਦਾਂ ‘ਤੇ ਪਾਬੰਦੀ ਖਿਲਾਫ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸਰਕਾਰ ਉਤੇ ਹਮਲੇ ਕੀਤੇ | ਮੌਨਸੂਨ ਸੈਸ਼ਨ ਤੋਂ ਪਹਿਲਾਂ ਰਾਜ ਸਭਾ ਦੇ ਸਕੱਤਰ ਜਨਰਲ ਪੀ ਸੀ ਮੋਦੀ ਵੱਲੋਂ ਜਾਰੀ ਬੁਲੇਟਿਨ ਵਿੱਚ ਇਸ ਵਿਸ਼ੇ ‘ਤੇ ਮੈਂਬਰਾਂ ਦੇ ਸਹਿਯੋਗ ਦੀ ਅਪੀਲ ਕੀਤੀ ਗਈ ਹੈ |