ਮੈਸੂਰ : ਭਾਜਪਾ ਦੇ ਮੈਸੂਰ-ਕੋਡਾਗੂ ਹਲਕੇ ਤੋਂ ਲੋਕ ਸਭਾ ਮੈਂਬਰ ਪ੍ਰਤਾਪ ਸਿਮ੍ਹਾ ਨੂੰ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਸੋਮਵਾਰ ਸਵੇਰੇ ਹਰੋਹੱਲੀ ਦੇ ਮੰਦਰ ਪੂਜਾ ਕਰਨ ਪੁੱਜੇ। ਅਯੁੱਧਿਆ ਵਿਚ ਸਥਾਪਤ ਰਾਮ ਲੱਲਾ ਦੀ ਮੂਰਤੀ ਮੈਸੂਰ ਤਹਿਸੀਲ ਦੇ ਜੈਪੁਰਾ ਹੋਬਲੀ ਤੋਂ ਲਏ ਗਏ ਪੱਥਰ ਨਾਲ ਬਣਾਈ ਗਈ ਸੀ।
ਪ੍ਰਤਾਪ ਸਿਮ੍ਹਾ ਸਵੇਰੇ ਕਰੀਬ 7 ਵਜੇ ਪੂਜਾ ਵਿਚ ਸ਼ਾਮਲ ਹੋਣ ਪੁੱਜੇ। ਪਰ ਦਲਿਤ ਆਗੂਆਂ ਨੇ ਉਨ੍ਹਾ ਨੂੰ ਪੂਜਾ ਵਿਚ ਇਹ ਕਹਿ ਕੇ ਸ਼ਾਮਲ ਨਹੀਂ ਹੋਣ ਦਿੱਤਾ ਕਿ ਤੁਸੀਂ ਦਲਿਤ-ਵਿਰੋਧੀ ਬਿਆਨ ਦਿੱਤੇ। ਤੁਸੀਂ ਇੱਥੇ ਕੀ ਕਰਨ ਆਏ ਹੋ?
ਗੁੱਸੇ ਵਿਚ ਆਏ ਆਗੂਆਂ ਨੇ ਕਿਹਾ-ਤੁਸੀਂ ਦਲਿਤ-ਵਿਰੋਧੀ ਹੋ। ਤੁਸੀਂ ਜਨਤਕ ਮੰਚਾਂ ’ਤੇ ਦਲਿਤਾਂ ਵਿਰੁੱਧ ਬਿਆਨ ਦਿੱਤੇ। ਮਹੀਸ਼ਾ ਦੁਸਹਿਰੇ ਵੇਲੇ ਵੀ ਬਿਆਨ ਦਿੱਤੇ। ਤੁਸੀਂ ਦਲਿਤਾਂ ਦੀ ਜ਼ਮੀਨ ’ਤੇ ਪੂਜਾ ਨਹੀਂ ਕਰ ਸਕਦੇ। ਹਰੋਹੱਲੀ ਦੇ ਲੋਕ ਅਮਨ-ਅਮਾਨ ਨਾਲ ਰਹਿ ਰਹੇ ਹਨ, ਖਲਲ ਨਾ ਪਾਓ। ਇਹ ਸਾਰੀ ਘਟਨਾ ਭਾਜਪਾ ਦੇ ਇਤਿਹਾਦੀ ਜਨਤਾ ਦਲ (ਸੈਕੂਲਰ) ਦੇ ਵਿਧਾਇਕ ਜੀ ਟੀ ਦੇਵੇਗੌੜਾ, ਵਿਧਾਇਕ ਸ੍ਰੀਵਤਸ ਤੇ ਹੋਰਨਾਂ ਆਗੂਆਂ ਦੀ ਮੌਜੂਦਗੀ ਵਿਚ ਵਾਪਰੀ। ਉਨ੍ਹਾਂ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੇ। ਵੱਡੀ ਗਿਣਤੀ ਵਿਚ ਇਕੱਠੇ ਹੋਏ ਦਲਿਤ ਆਗੂਆਂ ਨੇ ਸਿਮ੍ਹਾ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਖਰ ਸਿਮ੍ਹਾ ਨੂੰ ਆਪਣੀ ਕਾਰ ਵਿਚ ਪਰਤਣਾ ਪਿਆ। ਸਿਮ੍ਹਾ ਇਸ ਹਲਕੇ ਤੋਂ ਦੂਜੀ ਵਾਰ ਲੋਕ ਸਭਾ ਲਈ ਚੁਣੇ ਗਏ ਸਨ।





