ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਕਿਹਾ ਕਿ ਦੇਸ਼ ਅੱਜ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 127ਵਾਂ ਜਨਮ ਦਿਹਾੜਾ ਮਨਾ ਰਿਹਾ ਹੈ, ਪਰ ਇਹ ਦੇਸ਼ ਲਈ ਸ਼ਰਮ ਦੀ ਗੱਲ ਹੈ ਕਿ ਨੇਤਾ ਜੀ ਦੇ ਲਾਪਤਾ ਹੋਣ ਦੇ ਏਨੇ ਸਾਲ ਬਾਅਦ ਵੀ ਲੋਕਾਂ ਨੂੰ ਨਹੀਂ ਪਤਾ ਕਿ ਉਨ੍ਹਾ ਨਾਲ ਕੀ ਹੋਇਆ ਅਤੇ ਨਾ ਹੀ ਉਨ੍ਹਾ ਦੀ ਮੌਤ ਦੀ ਤਰੀਕ ਬਾਰੇ ਪਤਾ ਹੈ। ਉਨ੍ਹਾ ਨੇਤਾ ਜੀ ਦੇ ਲਾਪਤਾ ਹੋਣ ਦੀ ਜਾਂਚ ਕਰਨ ਦਾ ਆਪਣਾ ਵਾਅਦਾ ਪੂਰਾ ਨਾ ਕਰਨ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਕੇਂਦਰ ਵੱਲੋਂ ਰਾਮ ਮੰਦਰ ਸਮਾਗਮ ਲਈ ਸੋਮਵਾਰ ਨੂੰ ਕੇਂਦਰ ਸਰਕਾਰ ਦੇ ਦਫਤਰਾਂ ’ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤੇ ਜਾਣ ’ਤੇ ਮਮਤਾ ਨੇ ਕਿਹਾ ਕਿ ਇਨ੍ਹਾਂ ਦਿਨਾਂ ’ਚ ਸਿਆਸੀ ਇਸ਼ਤਿਹਾਰਾਂ ਲਈ ਛੁੱਟੀਆਂ ਦਾ ਐਲਾਨ ਕੀਤਾ ਜਾਂਦਾ ਹੈ, ਪਰ ਉਨ੍ਹਾਂ ਲੋਕਾਂ ਲਈ ਕੋਈ ਐਲਾਨ ਨਹੀਂ ਕੀਤਾ ਜਾਂਦਾ, ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਜਵਾਲਾ ਨੇ ਤਿੰਨ ਚੀਤੇ ਜੰਮੇ
ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿਚ ਨਾਮੀਬੀਆਈ ਮਾਦਾ ਚੀਤੇ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਕੇਂਦਰੀ ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੇ ਇਸ ਖਬਰ ਨੂੰ ਸਾਂਝਾ ਕਰਦੇ ਹੋਏ ਕਿਹਾ-ਕੂਨੋ ਦੇ ਨਵੇਂ ਬੱਚੇ! ਨਾਮੀਬੀਆਈ ਚੀਤਾ ਜਵਾਲਾ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਇਸ ਤੋਂ ਕੁਝ ਹਫਤੇ ਪਹਿਲਾਂ ਨਾਮੀਬੀਆਈ ਚੀਤਾ ਆਸ਼ਾ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਸੀ।


