ਡਾਕਟਰ ਤੇ 4 ਹੋਰਨਾਂ ਖ਼ਿਲਾਫ਼ ਭਿ੍ਰਸ਼ਟਾਚਾਰ ਦਾ ਕੇਸ ਦਰਜ

0
226

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਝੂਠੀ ਡਾਕਟਰੀ ਰਿਪੋਰਟ (ਐੱਮ ਐੱਲ ਆਰ) ਜਾਰੀ ਕਰਨ ਦੇ ਬਦਲੇ ਰਿਸ਼ਵਤ ਲੈਣ ਦੇ ਦੋਸ਼ ਵਿੱਚ ਇੱਕ ਸਰਕਾਰੀ ਡਾਕਟਰ, ਉਸ ਦੇ ਸਹਾਇਕ ਸਮੇਤ ਕੁੱਲ ਪੰਜ ਮੁਲਜ਼ਮਾਂ ਖਿਲਾਫ਼ ਭਿ੍ਰਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਦਰਜਾ ਚਾਰ ਮੁਲਾਜ਼ਮ ਨੂੰ ਵਿਚੋਲਾ ਬਣ ਕੇ ਰਿਸ਼ਵਤ ਲੈਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕਰ ਲਿਆ ਹੈ।
ਇਹ ਪ੍ਰਗਟਾਵਾ ਕਰਦਿਆਂ ਮੰਗਲਵਾਰ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕੁੱਲ ਪੰਜ ਮੁਲਜ਼ਮਾਂ ਖ਼ਿਲਾਫ਼ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ ਪੀ ਸੀ ਦੀ ਧਾਰਾ 193, 465, 466, 471, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਤਾਇਨਾਤ ਡਾ: ਸ਼ਸ਼ੀ ਭੂਸ਼ਣ, ਉਸ ਦਾ ਸਹਾਇਕ ਰਾਮ ਪ੍ਰਸਾਦ ਉਰਫ ਛੋਟੂ, ਜੋ ਕਿ ਹਸਪਤਾਲ ਵਿੱਚ ਦਰਜਾ-4 ਮੁਲਾਜ਼ਮ ਹੈ, ਤੋਂ ਇਲਾਵਾ ਤਿੰਨ ਆਮ ਵਿਅਕਤੀ ਰੇਖਾ, ਉਸ ਦਾ ਪਿਤਾ ਸ਼ੰਮੀ ਅਤੇ ਮਾਤਾ ਆਸ਼ਾ ਸਾਰੇ ਵਾਸੀ ਖਟੀਕ ਮੰਡੀ, ਫਿਰੋਜ਼ਪੁਰ ਛਾਉਣੀ ਸ਼ਾਮਲ ਹਨ। ਉਨ੍ਹਾ ਦੱਸਿਆ ਕਿ ਇਸ ਸੰਬੰਧੀ ਇੱਕ ਸ਼ਿਕਾਇਤ ਦੀ ਪੜਤਾਲ ਦੌਰਾਨ ਪਤਾ ਲੱਗਾ ਕਿ ਸ਼ਿਕਾਇਤਕਰਤਾ ਤਰਸੇਮ ਦਾ ਆਪਣੀ ਪਤਨੀ ਰੇਖਾ ਨਾਲ ਝਗੜਾ ਹੋਇਆ ਸੀ, ਜਿਸ ਵਿੱਚ 09.07.2020 ਨੂੰ ਉਸ ਦੇ ਸਹੁਰਾ ਪਰਵਾਰ ਵੱਲੋਂ ਉਸਦੇ ਸੱਜੇ ਹੱਥ ਦੀ ਹੱਡੀ ਅਤੇ ਖੱਬੀ ਲੱਤ ਦੀ ਹੱਡੀ ਤੋੜ ਦਿੱਤੀ ਗਈ ਸੀ। ਇਸ ਸੰਬੰਧੀ ਉਸ ਦੀ ਪਤਨੀ ਰੇਖਾ, ਸੱਸ ਆਸ਼ਾ, ਸਹੁਰਾ ਸੰਮੀ ਅਤੇ ਸਾਲਾ ਸੋਨੂੰ ਖ਼ਿਲਾਫ਼ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਸ ਨੇ ਮਿਤੀ 24.02.2021 ਨੂੰ ਆਪਣੇ ਮੋਬਾਇਲ ਫੋਨ ਦੀ ਐਪਲੀਕੇਸ਼ਨ ਰਾਹੀਂ ਚੈਕ ਕੀਤਾ ਸੀ ਕਿ ਉਸ ਦੀ ਪਤਨੀ ਰੇਖਾ ਅਤੇ ਉਸ ਦੇ ਉਕਤ ਪਰਵਾਰਕ ਮੈਂਬਰ ਉਕਤ ਦਰਜਾ-4 ਕਰਮਚਾਰੀ ਰਾਮ ਪ੍ਰਸਾਦ ਉਰਫ ਛੋਟੂ ਨੂੰ ਰਿਸ਼ਵਤ ਦੇ ਰਹੇ ਸਨ, ਜਿਸ ਨੇ ਅੱਗੇ ਡਾ. ਸ਼ਸ਼ੀ ਭੂਸ਼ਣ ਨੂੰ ਉਹ ਰਿਸ਼ਵਤ ਸੌਂਪਣੀ ਸੀ ਤਾਂ ਜੋ ਤਰਸੇਮ (ਸ਼ਿਕਾਇਤਕਰਤਾ) ਉਪਰ ਝੂਠਾ ਤੇ ਫ਼ਰਜ਼ੀ ਕੇਸ ਦਰਜ ਕਰਵਾ ਕੇ ਉਸ ਨੂੰ ਉਲਝਾਇਆ ਜਾ ਸਕੇ। ਮੁਲਜ਼ਮ ਛੋਟੂ ਇਸ ਮਾਮਲੇ ਵਿੱਚ ਉਕਤ ਡਾਕਟਰ ਲਈ ਰਿਸ਼ਵਤ ਲੈਣ ਅਤੇ ਉਸ ਨੂੰ ਅੱਗੇ ਦੇਣ ਲਈ ਗੱਲਬਾਤ ਰਾਹੀਂ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਸੀ। ਬੁਲਾਰੇ ਨੇ ਦੱਸਿਆ ਕਿ ਇਸ ਝੂਠੀ ਐੱਮ ਐੱਲ ਆਰ ਦੇ ਆਧਾਰ ’ਤੇ ਉਕਤ ਤਰਸੇਮ ਅਤੇ ਉਸ ਦੇ ਪਿਤਾ ਰਫੀਕ ਖਿਲਾਫ ਪੁਲਸ ਕੇਸ ਦਰਜ ਕਰਵਾ ਦਿੱਤਾ ਗਿਆ। ਪੜਤਾਲ ਦੌਰਾਨ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਪ੍ਰਾਪਤ ਰਿਕਾਰਡ ਅਨੁਸਾਰ ਉਕਤ ਐੱਮ ਐੱਲ ਆਰ ਜਾਲ੍ਹੀ ਪਾਈ ਗਈ। ਸ਼ਿਕਾਇਤਕਰਤਾ ਨੇ ਰਾਮ ਪ੍ਰਸਾਦ ਛੋਟੂ ਅਤੇ ਡਾ: ਸ਼ਸ਼ੀ ਭੂਸ਼ਣ ਸਮੇਤ ਆਪਣੇ ਸਹੁਰੇ ਪਰਵਾਰ ਦੇ ਉਕਤ ਮੈਂਬਰਾਂ ਵਿਰੁੱਧ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਇੱਕ ਸੀ ਡੀ ਸੌਂਪੀ, ਜਿਸ ਵਿੱਚ ਉਕਤ ਮੁਲਜ਼ਮਾਂ ਤੋਂ ਮੋਟੀ ਰਿਸ਼ਵਤ ਲੈ ਕੇ ਜਾਲ੍ਹੀ ਮੈਡੀਕਲ ਸਰਟੀਫਿਕੇਟ ਜਾਰੀ ਕਰਨ ਦਾ ਝੂਠ ਸਾਬਤ ਹੋ ਗਿਆ। ਉਨ੍ਹਾ ਦੱਸਿਆ ਕਿ ਵਿਜੀਲੈਂਸ ਰੇਂਜ ਫਿਰੋਜ਼ਪੁਰ ਵੱਲੋਂ ਤਫਤੀਸ਼ ਦੇ ਆਧਾਰ ’ਤੇ ਉਕਤ ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਰਮਚਾਰੀ ਰਾਮ ਪ੍ਰਸਾਦ ਨੂੰ ਗਿ੍ਰਫਤਾਰ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਬਿਊਰੋ ਵੱਲੋਂ ਛਾਪੇਮਾਰੀ ਜਾਰੀ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਚੱਲ ਰਹੀ ਹੈ।

LEAVE A REPLY

Please enter your comment!
Please enter your name here