20.9 C
Jalandhar
Friday, October 18, 2024
spot_img

ਸੁਖਬੀਰ ਤੇ ਮਜੀਠੀਆ ਵੱਲੋਂ ਪੰਜਾਬ ’ਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ : ਕੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਮੁੱਦੇ ’ਤੇ ਝੂਠ ਬੋਲਣ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਤਿੱਖਾ ਹਮਲਾ ਕੀਤਾ ਹੈ। ‘ਆਪ’ ਨੇ ਉਨ੍ਹਾਂ ਦੇ ਝੂਠ ਨੂੰ ਪੰਜਾਬ ’ਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਦੱਸਿਆ, ਕਿਉਂਕਿ ਬਾਦਲ ਹੁਣ ਸੱਤਾ ਤੋਂ ਬਾਹਰ ਹਨ।
ਪਾਰਟੀ ਦੇ ਮੁੱਖ ਬੁਲਾਰੇ ਗੋਵਿੰਦਰ ਮਿੱਤਲ ਅਤੇ ਵਿਕਰਮ ਪਾਸੀ ਦੇ ਨਾਲ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਮੰਗਲਵਾਰ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਤੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰੇ ਜਾਣ ਕਾਰਨ ਅਕਾਲੀ ਆਗੂ ਦੁਖੀ ਹਨ। ਇਸ ਲਈ ਉਹ ਪੰਜਾਬ ਦੇ ਲੋਕਾਂ ਨੂੰ ਨਿੱਤ ਨਵਾਂ ਝੂਠ ਪਰੋਸ ਰਹੇ ਹਨ। ਅਕਾਲੀ ਦਲ (ਬਾਦਲ) ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਆਪਣੇ ਸਿਆਸੀ ਫਾਇਦੇ ਲਈ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਲਈ ਉਹ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ’ਤੇ ਸਿਆਸਤ ਕਰ ਰਹੇ ਹਨ।
ਕੰਗ ਨੇ ਕਿਹਾ ਕਿ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਮਾਮਲੇ ਲਈ 7 ਮੈਂਬਰੀ ਸਜ਼ਾ ਰੀਵਿਊ ਬੋਰਡ ਹੈ, ਇਸ ਵਿੱਚ ‘ਆਪ’ ਦੇ ਦਿੱਲੀ ਕੈਬਨਿਟ ਮੰਤਰੀ (ਜੇਲ੍ਹ ਮੰਤਰੀ) ਕੈਲਾਸ਼ ਗਹਿਲੋਤ ਮੈਂਬਰ ਹਨ ਅਤੇ ਛੇ ਮੈਂਬਰ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤ ਹਨ। ਸ਼੍ਰੋਮਣੀ ਅਕਾਲੀ ਦਲ (ਬਾਦਲ) ਭਾਜਪਾ ਦਾ ਪੁਰਾਣਾ ਸਹਿਯੋਗੀ ਹੈ। ਕੰਗ ਨੇ ਬੋਰਡ ਦੀ ਮੀਟਿੰਗ ਦੇ ਮਿੰਟ ਦਿਖਾਉਂਦੇ ਹੋਏ ਮੀਡੀਆ ਨੂੰ ਦੱਸਿਆ ਕਿ ਪ੍ਰੋ. ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਮੰਗ ਸਿਰਫ ‘ਆਪ’ ਮੰਤਰੀ ਨੇ ਕੀਤੀ ਹੈ। ‘ਆਪ’ ਦੇ ਜੇਲ੍ਹ ਮੰਤਰੀ ਨੇ ਕਿਹਾ ਕਿ ਦਵਿੰਦਰ ਪਾਲ ਭੁੱਲਰ ਦੀ ਰਿਹਾਈ ਹੋਣੀ ਚਾਹੀਦੀ ਹੈ, ਕਿਉਂਕਿ ਉਹ 25 ਸਾਲਾਂ ਤੋਂ ਵੱਧ ਸਮੇਂ ਤੋਂ ਸਲਾਖਾਂ ਪਿੱਛੇ ਹੈ, ਉਸ ਦੇ ਹੋਮ ਟਾਊਨ ਪੁਲਸ ਨੇ ਉਸ ਦੀ ਰਿਹਾਈ ਲਈ ਐੱਨ ਓ ਸੀ ਦਿੱਤੀ ਹੈ ਅਤੇ ਉਸ ਦੀ ਸਰੀਰਕ ਅਤੇ ਮਾਨਸਿਕ ਸਿਹਤ ਬਹੁਤੀ ਠੀਕ ਨਹੀਂ। ਬਾਕੀ ਸਾਰੇ ਛੇ ਮੈਂਬਰਾਂ ਨੇ ਉਸ ਦੀ ਰਿਹਾਈ ਦੇ ਵਿਰੁੱਧ ਵੋਟ ਦਿੱਤੀ, ਇਸ ਲਈ 6:1 ਦੇ ਬਹੁਮਤ ਨਾਲ ਭੁੱਲਰ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਕੇਸ ਨੂੰ ਰੱਦ ਕਰ ਦਿੱਤਾ ਗਿਆ।
ਕੰਗ ਨੇ ਕਿਹਾ ਕਿ ਅਕਾਲੀ ਦਲ (ਬਾਦਲ) ਦੇ ਆਗੂ ਏਨੇ ਬੇਸ਼ਰਮ ਹਨ ਕਿ ਸੁਖਬੀਰ ਸਿੰਘ ਬਾਦਲ ਦੀ ਇੱਕ ਪੁਰਾਣੀ ਵੀਡੀਓ ਹੈ, ਜਿਸ ਵਿੱਚ ਉਹ ਸਾਰੇ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿ ਰਹੇ ਹਨ ਅਤੇ ਭਾਜਪਾ ਨਾਲ ਸੂਬੇ ਅਤੇ ਕੇਂਦਰ ਵਿੱਚ ਸੱਤਾ ਵਿੱਚ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਸਿੱਖਾਂ ਜਾਂ ਬੰਦੀ ਸਿੰਘਾਂ ਲਈ ਕੁਝ ਵੀ ਅਜਿਹਾ ਨਹੀਂ ਕੀਤਾ। ਉਹਨਾ ਕਿਹਾ ਕਿ ਮਜੀਠੀਆ ਉਹੀ ਵਿਅਕਤੀ ਹੈ, ਜਿਸ ਨੇ ਪਹਿਲਾਂ ਕੁਝ ਲੋਕਾਂ ਦੇ ਧੜੇ ਨੂੰ ਖੁਸ਼ ਕਰਨ ਲਈ ਅੰਮਿ੍ਰਤਪਾਲ ਦੀ ਆਲੋਚਨਾ ਕੀਤੀ ਸੀ, ਪਰ ਪੰਜਾਬ ਪੁਲਸ ਦੀ ਕਾਰਵਾਈ ਤੋਂ ਬਾਅਦ ਉਸ ਨੇ ਵਿਰੋਧੀ ਧੜੇ ਨੂੰ ਖੁਸ਼ ਕਰਨ ਲਈ ਅੰਮਿ੍ਰਤਪਾਲ ਦਾ ਸਾਥ ਦਿੱਤਾ। ਇਸ ਤੋਂ ਸਪੱਸ਼ਟ ਹੈ ਕਿ ਉਹ ਸਿਰਫ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ, ਪੰਜਾਬ ਦੇ ਲੋਕਾਂ ਨੂੰ ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਗੁੰਮਰਾਹ ਕਰਕੇ ਭੜਕਾਉਣਾ ਚਾਹੁੰਦੇ ਹਨ ਅਤੇ ਸਥਿਤੀ ਦਾ ਕੋਈ ਸਿਆਸੀ ਫਾਇਦਾ ਉਠਾਉਣਾ ਚਾਹੁੰਦੇ ਹਨ। ਉਹਨਾ ਕਿਹਾ ਕਿ ਪੰਜਾਬ ਦੇ ਲੋਕ ਬਾਦਲ ਅਤੇ ਮਜੀਠੀਆ ਦੇ ਇਨ੍ਹਾਂ ਝੂਠਾਂ ਨੂੰ ਕਦੇ ਵੀ ਦੁਬਾਰਾ ਨਹੀਂ ਮੰਨਣਗੇ। ਉਹ ਹੁਣ ਅਕਾਲੀ ਦਲ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਹਰ ਕੋਈ ਜਾਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਦੇ ਵੀ ਪੰਥ, ਸਿੱਖਾਂ ਅਤੇ ਪੰਜਾਬ ਲਈ ਕੁਝ ਨਹੀਂ ਕੀਤਾ, ਉਹ ਹਮੇਸ਼ਾ ਆਪਣੇ ਨਿੱਜੀ ਹਿੱਤਾਂ ਲਈ ਕੁਝ ਕਰਦੇ ਹਨ। ਇਸ ਲਈ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਬੁਰੀ ਤਰ੍ਹਾਂ ਫੇਲ੍ਹ ਹੋਵੇਗੀ। ਕੰਗ ਨੇ ਚੁਣੌਤੀ ਦਿੱਤੀ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਇਹੀ ਸਵਾਲ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਪੁੱਛਣ ਦੀ ਹਿੰਮਤ ਕਰਨ, ਕਿਉਂਕਿ ਉਹ ਬੰਦੀ ਸਿੰਘ ਦੀ ਰਿਹਾਈ ਨੂੰ ਰੋਕਣ ਵਾਲੇ ਹਨ। ਉਨ੍ਹਾ ਸਵਾਲ ਕੀਤਾ ਕਿ ਕੀ ਅਕਾਲੀ ਆਗੂ ਭੁੱਲਰ ਦੀ ਰਿਹਾਈ ਦਾ ਵਿਰੋਧ ਕਰਨ ਵਾਲੇ ਐੱਸ ਆਰ ਬੀ ਦੇ ਛੇ ਭਾਜਪਾ ਮੈਂਬਰਾਂ ਖਿਲਾਫ ਕੋਈ ਵਿਰੋਧ ਪ੍ਰਦਰਸ਼ਨ ਕਰਨਗੇ। ਕੀ ਉਨ੍ਹਾਂ ਵਿੱਚ ਮੋਦੀ ਲਈ ਇੱਕ ਸ਼ਬਦ ਵੀ ਕਹਿਣ ਦੀ ਹਿੰਮਤ ਹੈ, ਜਿਵੇਂ ਉਹ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਬਾਰੇ ਕਹਿੰਦੇ ਹਨ? ਕੰਗ ਨੇ ਕਿਹਾ ਕਿ ਜੇਕਰ ਅੱਜ ਵੀ ਭਾਜਪਾ ਅਕਾਲੀ ਦਲ ਨੂੰ ਗਠਜੋੜ ਲਈ ਇਸ਼ਾਰਾ ਕਰਦੀ ਹੈ ਤਾਂ ਬਾਦਲ ਅਤੇ ਮਜੀਠੀਆ ਉਨ੍ਹਾਂ ਨਾਲ ਜੁੜਨ ਲਈ ਗੋਡਿਆਂ ਭਾਰ ਹੋ ਜਾਣਗੇ। ਉਹਨਾ ਅਕਾਲੀ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹ ਭਾਜਪਾ ਨਾਲ ਕਦੇ ਵੀ ਗਠਜੋੜ ਨਹੀਂ ਕਰਨਗੇ, ਜਿਸ ਨੇ ਪੰਜਾਬ ਨਾਲ ਵਾਰ-ਵਾਰ ਧੋਖਾ ਕੀਤਾ ਹੈ।

Related Articles

LEAVE A REPLY

Please enter your comment!
Please enter your name here

Latest Articles